ਸਤਿਆਜੀਤ ਰੇਅ ਦਾ ਘਰ
ਬੰਗਲਾਦੇਸ਼ ਭਰ ਵਿੱਚ ਚੱਲ ਰਹੀ ਢਾਹ-ਢੁਹਾਈ ਦੀ ਮੁਹਿੰਮ ’ਚੋਂ ਪ੍ਰੇਸ਼ਾਨਕੁਨ ਰੁਝਾਨ ਨਜ਼ਰ ਆ ਰਿਹਾ ਹੈ ਜਿਸ ਤਹਿਤ ਇਸ ਦੀ ਕੌਮੀ ਪਛਾਣ ਨਾਲ ਜੁੜੇ ਇਤਿਹਾਸ ਅਤੇ ਇਤਿਹਾਸਕ ਯਾਦਗਾਰਾਂ ਪ੍ਰਤੀ ਤਿਰਸਕਾਰ ਝਲਕ ਰਿਹਾ ਹੈ। ਢਾਕਾ ਵਿੱਚ ਮਿਸਾਲੀ ਫਿਲਮਸਾਜ਼ ਸਤਿਆਜੀਤ ਰੇਅ ਦੇ ਪੁਸ਼ਤੈਨੀ ਘਰ ਨੂੰ ਢਾਹ ਦਿੱਤਾ ਗਿਆ ਹੈ। ਇਹ ਮਹਿਜ਼ ਕਿਸੇ ਪੁਰਾਣੀ ਢਾਂਚੇ ਨੂੰ ਢਾਹੁਣ ਦੀ ਗੱਲ ਨਹੀਂ ਹੈ ਸਗੋਂ ਬਰ੍ਹੇ-ਸਗੀਰ ਦੀ ਸਾਂਝੀ ਸਭਿਆਚਾਰਕ ਵਿਰਾਸਤ ਦੇ ਅਹਿਮ ਅਧਿਆਇ ਨੂੰ ਮਲੀਆਮੇਟ ਕਰ ਦਿੱਤਾ ਗਿਆ ਹੈ। ਇਹ ਘਰ ਸੌ ਸਾਲ ਤੋਂ ਵੱਧ ਪੁਰਾਣਾ ਸੀ ਜੋ ਸਤਿਆਜੀਤ ਰੇਅ ਦੇ ਦਾਦਾ ਉਪੇਂਦਰ ਕਿਸ਼ੋਰ ਰੇਅ ਚੌਧਰੀ ਨੇ ਬਣਾਇਆ ਸੀ ਜੋ ਬੰਗਾਲੀ ਸਾਹਿਤ ਤੇ ਪ੍ਰਕਾਸ਼ਨ ਦੀ ਨਾਮਵਰ ਹਸਤੀ ਰਹੇ ਹਨ। ਇਹ ਉਹੀ ਘਰ ਸੀ ਜੋ ਰਚਨਾਤਮਿਕਤਾ ਦਾ ਪੰਘੂੜਾ ਰਿਹਾ ਹੈ ਜਿੱਥੇ ਰੇਅ ਪਰਿਵਾਰ ਪ੍ਰਵਾਨ ਚੜ੍ਹਿਆ ਸੀ ਅਤੇ ਇਸ ਨੇ ਸਿਨੇਮਾ ਦਾ ਮਹਾਨਤਮ ਫਿਲਮਸਾਜ਼ ਪੈਦਾ ਕੀਤਾ ਸੀ। ਬੰਗਲਾਦੇਸ਼ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਘਰ ਦਾ ਢਾਂਚਾ ਬਹੁਤ ਪੁਰਾਣਾ ਹੋ ਗਿਆ ਸੀ ਪਰ ਇਹ ਦਲੀਲ ਉਦੋਂ ਖੋਖਲੀ ਜਾਪਦੀ ਹੈ ਜਦੋਂ ਇਸ ਦੇ ਵਿਰਾਸਤੀ ਮੁੱਲ ਨੂੰ ਸਾਹਮਣੇ ਰੱਖਿਆ ਜਾਂਦਾ ਹੈ। ਜੇ ਇਸ ਨਾਲ ਕੋਈ ਸੁਰੱਖਿਆ ਦਾ ਸਰੋਕਾਰ ਜੁਡਿ਼ਆ ਹੋਇਆ ਸੀ ਤਾਂ ਇਸ ਇਮਾਰਤ ਨੂੰ ਸੰਭਾਲ ਕੇ ਰੱਖਣ ਦੇ ਉਪਰਾਲੇ ਕੀਤੇ ਜਾ ਸਕਦੇ ਸਨ। ਵਿਰਾਸਤਾਂ ਜੇ ਇੱਕ ਵਾਰ ਗੁਆਚ ਜਾਣ ਤਾਂ ਉਨ੍ਹਾਂ ਨੂੰ ਮੁੜ ਖੜ੍ਹਾ ਕਰਨਾ ਅਸੰਭਵ ਹੋ ਜਾਂਦਾ ਹੈ। ਕਿਸੇ ਅਜਿਹੇ ਮੁਲਕ ਵਿੱਚ ਅਜਿਹੇ ਪੁਰਾਤਨ ਢਾਂਚੇ ਨੂੰ ਡੇਗਣਾ ਹੋਰ ਵੀ ਜ਼ਿਆਦਾ ਪ੍ਰੇਸ਼ਾਨ ਦਾ ਸਬੱਬ ਹੈ ਜੋ ਆਪਣੀ ਸਭਿਆਚਾਰਕ ਵਿਰਾਸਤ ’ਤੇ ਹਮੇਸ਼ਾ ਮਾਣ ਮਹਿਸੂਸ ਕਰਦਾ ਰਿਹਾ ਹੈ।
ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਇਸ ਤੋਂ ਬਾਅਦ ਹਜੂਮ ਵੱਲੋਂ ਰਾਬਿੰਦਰਨਾਥ ਟੈਗੋਰ ਦੇ ਜ਼ੱਦੀ ਘਰ ਵਿੱਚ ਵੀ ਭੰਨ-ਤੋੜ ਕੀਤੀ ਗਈ। ਇਸ ਤਰ੍ਹਾਂ ਦੀ ਪ੍ਰੇਸ਼ਾਨੀ ਫਰਵਰੀ ਮਹੀਨੇ ਵੀ ਦੇਖਣ ਨੂੰ ਮਿਲੀ ਸੀ ਜਦੋਂ ਰੋਸ ਮੁਜ਼ਾਹਰਿਆਂ ਦੌਰਾਨ ਸ਼ੇਖ ਮੁਜੀਬੁਰ ਰਹਿਮਾਨ ਦੇ ਧਨਮੰਡੀ ਇਲਾਕੇ ਵਿਚਲੇ ਘਰ ਨੂੰ ਤਬਾਹ ਕਰ ਦਿੱਤਾ ਗਿਆ ਸੀ ਜਿਸ ਨੂੰ ਅਜਾਇਬਘਰ ਵਿੱਚ ਬਦਲ ਦਿੱਤਾ ਗਿਆ ਸੀ। ਭੀੜ ਨੇ ਸ਼ੇਖ ਹਸੀਨਾ ਦੇ ਘਰ ਸੁਧਾ ਸਦਨ ਵਿੱਚ ਵੀ ਭੰਨ-ਤੋੜ ਕਰਨ ਤੋਂ ਬਾਅਦ ਅੱਗ ਲਾ ਦਿੱਤੀ ਸੀ। ਇਸ ਤਰ੍ਹਾਂ ਦੀ ਢਾਹ-ਢੁਹਾਈ ਖ਼ਤਰਨਾਕ ਰੁਝਾਨ ਵੱਲ ਇਸ਼ਾਰਾ ਕਰਦੀ ਹੈ ਜਿਸ ਤਹਿਤ ਭੀੜਤੰਤਰ ਜਾਂ ਅਣਦੇਖੀ ਦੇ ਨਾਂ ’ਤੇ ਸਭਿਆਚਾਰਕ ਯਾਦਾਂ ਦੀ ਬਲੀ ਦਿੱਤੀ ਜਾ ਰਹੀ ਹੈ। ਸ਼ੇਖ ਹਸੀਨਾ ਨੇ ਬਿਲਕੁਲ ਸਹੀ ਕਿਹਾ ਹੈ- “ਕੋਈ ਢਾਂਚਾ ਡੇਗਿਆ ਜਾ ਸਕਦਾ ਹੈ ਪਰ ਇਤਿਹਾਸ ਨੂੰ ਨਹੀਂ ਮੇਟਿਆ ਜਾ ਸਕਦਾ।”
ਭਾਰਤ ਨੇ ਬੰਗਲਾਦੇਸ਼ ਨੂੰ ਅਪੀਲ ਕੀਤੀ ਹੈ ਕਿ ਉਹ ਰੇਅ ਦੇ ਘਰ ਨੂੰ ਡੇਗਣ ਦੇ ਮਾਮਲੇ ਬਾਰੇ ਸੋਚ ਵਿਚਾਰ ਕਰੇ ਅਤੇ ਇਸ ਦੇ ਨਾਲ ਹੀ ਇਸ ਨੇ ਘਰ ਦੀ ਮੁੜ ਉਸਾਰੀ ਲਈ ਮਦਦ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ। ਭਾਰਤ ਨੂੰ ਆਪਣੀ ਗੱਲ ਹੋਰ ਵੀ ਜ਼ੋਰ ਨਾਲ ਰੱਖਣੀ ਚਾਹੀਦੀ ਹੈ ਤਾਂ ਕਿ ਅਜਿਹੇ ਮਸਲਿਆਂ ਬਾਰੇ ਅਗਾਂਹ ਤੋਂ ਕੋਈ ਭੁਲੇਖਾ ਨਾ ਰਹੇ। ਅਜਿਹੀ ਪਹੁੰਚ ਇਸ ਕਰ ਕੇ ਵੀ ਜ਼ਰੂਰੀ ਹੈ ਕਿਉਂਕਿ ਬੰਗਲਾਦੇਸ਼ ਵਿੱਚ ਤਖਤਾ ਪਲਟ ਤੋਂ ਬਾਅਦ ਉੱਥੋਂ ਦੀ ਸਰਕਾਰ ਦਾ ਝੁਕਾਅ ਪਾਕਿਸਤਾਨ ਵੱਲ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਇਸ ਬਾਬਤ ਅਪੀਲ ਕੀਤੀ ਸੀ ਪਰ ਇਨ੍ਹਾਂ ਅਪੀਲਾਂ ਦਾ ਕੋਈ ਅਸਰ ਨਹੀਂ ਪਿਆ। ਢਾਕਾ ਨੇ ਮਹਿਜ਼ ਇੱਕ ਘਰ ਨਹੀਂ ਗੁਆਇਆ ਸਗੋਂ ਆਪਣੀ ਸਭਿਆਚਾਰਕ ਤਵਾਰੀਖ਼ ਦਾ ਹਿੱਸਾ ਵੀ ਗੁਆ ਲਿਆ ਹੈ।