DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀਆਂ ਦੇ ਜਜ਼ਬੇ ਨੂੰ ਸਲਾਮ

ਇਨਸਾਨ ਤਾਂ ਇਨਸਾਨ ਹੈ, ਔਖੀਆਂ ਪ੍ਰਸਥਿਤੀਆਂ ’ਚ ਉਹ ਟੁੱਟਦਾ ਵੀ ਹੈ, ਢਹਿੰਦਾ ਵੀ ਹੈ ਤੇ ਉਸ ਦਾ ਦੁੱਖ ਅੱਖਾਂ ਰਾਹੀਂ ਵਹਿੰਦਾ ਵੀ ਹੈ। ਲਗਭਗ ਮੋਢਿਆਂ ਨੇਡ਼ੇ ਪੁੱਜੇ ਹਡ਼੍ਹ ਦੇ ਪਾਣੀ ਵਿੱਚ ਹੀ ਇੱਕ ਬਜ਼ੁਰਗ ਬਾਪੂ ਨੂੰ ਨੌਜਵਾਨ ਨੇ ਆਪਣੀ ਗਲਵਕਡ਼ੀ ਵਿੱਚ ਲਿਆ ਹੋਇਆ ਹੈ ਅਤੇ ਆਸਮਾਨ ਤੋਂ ਵਰ੍ਹਦੇ ਮੀਂਹ ਦੌਰਾਨ ਬਾਪੂ ਦੀਆਂ ਅੱਖਾਂ ’ਚੋਂ ਵੀ ਮੀਂਹ ਵਰ੍ਹ ਰਿਹਾ ਹੈ। ਸੋਸ਼ਲ ਮੀਡੀਆ ’ਤੇ ਚੱਲ ਰਹੀ ਇਹ ਵੀਡੀਓ ਦੇਖ ਕੇ ਪਤਾ ਨਹੀਂ ਲੱਗਦਾ ਕਿ ਉਹ ਦ੍ਰਿਸ਼ ਦੇਖਣ ਤੋਂ ਬਾਅਦ ਬਾਪੂ ਦੀਆਂ ਅੱਖਾਂ ’ਚੋਂ ਵਰ੍ਹਦਾ ਉਹ ਮੀਂਹ ਕਦੋਂ ਤੁਹਾਡੀਆਂ ਅੱਖਾਂ ’ਚੋਂ ਵੀ ਵਰ੍ਹਨ ਲੱਗਦਾ ਹੈ ਪਰ ਫਿਰ ਆਪਣਾ ਦੁੱਖ ਪੀਡ਼ ਤੇ ਆਪਣੇ ਅੰਦਰਲੀ ਟੁੱਟ-ਭੱਜ ਸਮੇਟ ਕੇ ਸ਼ਾਸਨ-ਪ੍ਰਸ਼ਾਸਨ ਦੀ ਮਦਦ ਉਡੀਕੇ ਬਿਨਾ ਪੰਜਾਬੀ ਮੁਡ਼ ਆਪਣੀ ਮਦਦ ਆਪ ਕਰਨ ਲਈ ਉੱਠ ਖਡ਼ੋਂਦੇ ਹਨ।
  • fb
  • twitter
  • whatsapp
  • whatsapp
Advertisement

ਅਰਵਿੰਦਰ ਜੌਹਲ

ਪੰਜਾਬੀ ਆਪਣੀ ਬਹਾਦਰੀ, ਕੁਰਬਾਨੀ ਅਤੇ ਤਿਆਗ ਦੀ ਭਾਵਨਾ ਸਦਕਾ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ। ਸਿਰਫ਼ ਆਪਣੇ ਉੱਤੇ ਹੀ ਨਹੀਂ, ਸਗੋਂ ਦੁਨੀਆ ਉੱਪਰ ਵੀ ਜਦੋਂ ਕੋਈ ਬਿਪਤਾ ਪੈਂਦੀ ਹੈ ਤਾਂ ਇਹ ਝੱਟ ਇਕਜੁੱਟ ਹੋ ਕੇ ਮਦਦ ਲਈ ਤੁਰ ਪੈਂਦੇ ਹਨ। ਦਸਵੰਧ ਕੱਢਣ ਅਤੇ ਲੰਗਰ ਜਿਹੀਆਂ ਪਰੰਪਰਾਵਾਂ ਨੇ ਇਨ੍ਹਾਂ ਨੂੰ ਅਜਿਹੀ ਗੁਰ ਬਖ਼ਸ਼ਿਸ਼ ਦਿੱਤੀ ਹੈ ਕਿ ਇਹ ਕਿਸੇ ਵੀ ਔਖੇ ਤੋਂ ਔਖੇ ਕੰਮ ਨੂੰ ਆਸਾਨ ਸਮਝ ਕੇ ਉਸ ਨੂੰ ਪੂਰਾ ਕਰਨ ਲਈ ਨੰਗੇ ਧੜ ਤੁਰ ਪੈਂਦੇ ਹਨ।

Advertisement

ਪਿਛਲੇ ਦੋ ਹਫ਼ਤਿਆਂ ਤੋਂ ਪੰਜਾਬ ’ਚ ਬਿਪਤਾ ਦੇ ਰੂਪ ’ਚ ਆਸਮਾਨ ਤੋਂ ਵਰ੍ਹ ਰਹੇ ਮੀਂਹ ਅਤੇ ਉੱਚੇ ਪਹਾੜੀ ਖੇਤਰਾਂ ’ਚ ਫਟ ਰਹੇ ਬੱਦਲਾਂ ਕਾਰਨ ਮੈਦਾਨੀ ਖੇਤਰਾਂ ’ਚ ਹੜ੍ਹ ਆਏ ਹੋਏ ਹਨ। ਪੰਜਾਬੀ ਹੜ੍ਹਾਂ ਦੀ ਪਰਵਾਹ ਨਾ ਕਰਦਿਆਂ ਇਸ ਔਖੀ ਸਥਿਤੀ ਦਾ ਸਿਰੜ ਅਤੇ ਸਬਰ ਨਾਲ ਸਾਹਮਣਾ ਕਰਦੇ ਹੋਏ ਜਿਵੇਂ ਦਰਿਆਵਾਂ ਅਤੇ ਡੈਮਾਂ ਨਾਲ ਮੱਥਾ ਲਾ ਰਹੇ ਹਨ, ਉਸ ਲਈ ਇਨ੍ਹਾਂ ਦੀ ਚਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਪੰਜਾਬ ਦੀ ਜਵਾਨੀ ਅੱਜ ਦਰਿਆਵਾਂ ਦੇ ਕੰਢਿਆਂ ਤੇ ਜਰਜਰ ਹੋ ਚੁੱਕੇ ਬੰਨ੍ਹਾਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਹੋਰ ਮਜ਼ਬੂਤ ਕਰਨ ’ਚ ਜੁਟੀ ਹੋਈ ਹੈ।

ਟਰੈਕਟਰ, ਜਿਹੜਾ ਦਿੱਲੀ ਦੀਆਂ ਬਰੂਹਾਂ ’ਤੇ ਆਪਣੀਆਂ ਮੰਗਾਂ ਮਨਵਾਉਣ ਲਈ ਕਿਸਾਨਾਂ ਦੇ ਵਿਰੋਧ ਦੇ ਇੱਕ ਮਜ਼ਬੂਤ ਚਿੰਨ੍ਹ ਵਜੋਂ ਸਥਾਪਤ ਹੋਇਆ ਸੀ, ਅੱਜ ਹੜ੍ਹਾਂ ’ਚ ਘਿਰੇ ਆਪਣੇ ਲੋਕਾਂ ਤੱਕ ਰਾਹਤ ਪਹੁੰਚਾਉਣ ’ਚ ਜੁਟਿਆ ਹੋਇਆ ਹੈ। ਟਰੈਕਟਰ ਉਨ੍ਹਾਂ ਥਾਵਾਂ ’ਤੇ ਲੋਕਾਂ ਤੱਕ ਮਦਦ ਪਹੁੰਚਾਉਣ ਵਿੱਚ ਸਫ਼ਲ ਹੋ ਰਿਹਾ ਹੈ ਜਿੱਥੇ ਪਾਣੀ ਦਾ ਪੱਧਰ ਘੱਟ ਹੈ ਪਰ ਜਿੱਥੇ ਕਿਤੇ ਖੇਤ ਡੂੰਘੇ ਪਾਣੀਆਂ ’ਚ ਡੁੱਬ ਚੁੱਕੇ ਹਨ, ਦੂਰ ਦੂਰ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ, ਕਿਤੇ ਕਿਸੇ ਖੇਤ ਦਾ ਕੋਈ ਹੱਦ-ਬੰਨਾ ਨਜ਼ਰ ਨਹੀਂ ਆ ਰਿਹਾ, ਜਿੱਥੇ ਘਰਾਂ ਦੀ ਇੱਕ ਇੱਕ ਮੰਜ਼ਿਲ ਪਾਣੀ ਵਿੱਚ ਡੁੱਬੀ ਹੋਈ ਹੈ, ਉੱਥੇ ਰਾਹਤ ਕਾਰਜਾਂ ਲਈ ਕਿਸ਼ਤੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪੰਜਾਬੀਆਂ ਨੂੰ ਜਦੋਂ ਹੋਰ ਕਿਸ਼ਤੀਆਂ ਦੀ ਲੋੜ ਪਈ ਤਾਂ ਕਪੂਰਥਲਾ ਦੀ ਫਰਮ ਹੰਸਪਾਲ ਟਰੇਡਰਜ਼, ਜੋ ਰੇਲ ਗੱਡੀ ਦੇ ਡੱਬਿਆਂ ਦੇ ਪੁਰਜ਼ੇ ਬਣਾਉਂਦੀ ਹੈ, ਨੇ ਇਸ ਔਖੇ ਸਮੇਂ ਆਪਣਾ ਨਿੱਜੀ ਕਾਰੋਬਾਰ ਰੋਕ ਕੇ ਸਾਰਾ ਧਿਆਨ ਇਹ ਕਿਸ਼ਤੀਆਂ ਬਣਾਉਣ ’ਤੇ ਲਾਇਆ ਹੋਇਆ ਹੈ। ਫਰਮ ’ਚ ਕੰਮ ਕਰਦੇ ਮੁਲਾਜ਼ਮ ਲਗਾਤਾਰ ਇਸ ਕੰਮ ਵਿੱਚ ਜੁਟੇ ਹੋਏ ਹਨ। ਇਹ ਫਰਮ ਪ੍ਰਿਤਪਾਲ ਸਿੰਘ ਹੰਸਪਾਲ ਅਤੇ ਉਨ੍ਹਾਂ ਦੇ ਭਰਾ ਦਵਿੰਦਰਪਾਲ ਸਿੰਘ ਤੇ ਸੁਖਵਿੰਦਰਪਾਲ ਸਿੰਘ ਚਲਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਾਰੇ ਇਹ ਕੰਮ ਸੇਵਾ ਦੀ ਭਾਵਨਾ ਨਾਲ ਕਰ ਰਹੇ ਹਨ। ਸਾਲ 2023 ਵਿੱਚ ਆਏ ਹੜ੍ਹਾਂ ਦੌਰਾਨ ਉਨ੍ਹਾਂ ਨੂੰ ਇੱਕ ਸਿਆਸੀ ਆਗੂ ਨੇ ‘ਵੱਡਾ ਸ਼ਿਪ’ ਤਿਆਰ ਕਰਨ ਲਈ ਕਿਹਾ ਸੀ, ਜਿਸ ਨਾਲ ਬੰਨ੍ਹ ਮਾਰਨ ਲਈ ਵੱਡੇ ਵੱਡੇ ਮਿੱਟੀ ਦੇ ਬੋਰੇ ਢੋਏ ਜਾ ਸਕਣ। ਉਨ੍ਹਾਂ ਦਾ ਇਹ ਤਜਰਬਾ ਸਫ਼ਲ ਰਿਹਾ ਅਤੇ ਇਸ ਰਾਹੀਂ ਉਹ ਪੰਜ ਤੋਂ ਦਸ ਟਨ ਭਾਰ ਢੋਣ ’ਚ ਸਫ਼ਲ ਰਹੇ। ਇਹ ਇੱਕ ਤਰ੍ਹਾਂ ਨਾਲ ਮਲਟੀਪਰਪਜ਼ ਸ਼ਿਪ ਸੀ, ਜਿਸ ਰਾਹੀਂ ਉਹ ਜੇ.ਸੀ.ਬੀ. ਮਸ਼ੀਨਾਂ ਅਤੇ ਟਰੈਕਟਰ ਢੋਣ ’ਚ ਵੀ ਕਾਮਯਾਬ ਰਹੇ। ਉਨ੍ਹਾਂ ਅਜਿਹਾ ਸ਼ਿਪ ਵੀ ਬਣਾਇਆ ਹੈ ਜਿਸ ਨਾਲ ਪਾਣੀਆਂ ਵਿੱਚੋਂ ਸੌ ਦੇ ਕਰੀਬ ਪਸ਼ੂਆਂ ਨੂੰ ਇੱਕੋ ਵਾਰੀ ’ਚ ਬਚਾ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਜਾ ਸਕਦਾ ਹੈ। ਪੰਜਾਬੀਆਂ ਦੀ ਨਿਸ਼ਕਾਮ ਸੇਵਾ ਦੀ ਭਾਵਨਾ ਉਦੋਂ ਝਲਕਦੀ ਹੈ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇੱਕ ਕਿਸ਼ਤੀ ਬਣਾਉਣ ’ਤੇ ਕਿੰਨੇ ਪੈਸੇ ਲੱਗਦੇ ਹਨ ਤਾਂ ਅੱਗੋਂ ਸਾਦਾ ਜਿਹਾ ਜਵਾਬ ਮਿਲਦਾ ਹੈ, ‘‘ਖਰਚਾ ਕੀ ਹੈ, ਬੱਸ ਡੇਢ-ਦੋ ਕੁਇੰਟਲ ਲੋਹਾ ਲਗਦਾ ਹੈ।’’ ਉਨ੍ਹਾਂ ਦੱਸਿਆ ਕਿ ਜਦੋਂ ਕਿਸ਼ਤੀ ਲੈਣ ਆਏ ਕਿਸੇ ਵਿਅਕਤੀ ਨੇ ਪੈਸੇ ਦੇਣੇ ਚਾਹੇ ਤਾਂ ਪੈਸੇ ਲੈਣ ਤੋਂ ਮਨ੍ਹਾਂ ਕਰਨ ’ਤੇ ਉਹ ਸੱਜਣ ਚਾਰ-ਪੰਜ ਟਨ ਲੋਹਾ ਦੇ ਗਿਆ। ਉਸ ਸੱਜਣ ਦੀ ਭਾਵਨਾ ਸੀ ਕਿ ਸੇਵਾ ਦਾ ਇਹ ਕੰਮ ਰੁਕਣਾ ਨਹੀਂ ਚਾਹੀਦਾ। ਪੰਜਾਬੀਆਂ ਨੂੰ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਸੇਵਾ ਦੇ ਇਸ ਗੁਣ ਨੂੰ ਦਰਸਾਉਣ ਲਈ ਪ੍ਰਿਤਪਾਲ ਸਿੰਘ ਦਾ ਇੱਕੋ ਫਿਕਰਾ ਕਾਫ਼ੀ ਹੈ, ‘‘ਹੜ੍ਹ ਪੀੜਤਾਂ ਦੀ ਮਦਦ ਲਈ ਤਿਆਰ ਕੀਤੀ ਗਈ ਇਸ ਕਿਸ਼ਤੀ ਦੀ ਅਸੀਂ ਨਾ ਕੀਮਤ ਮੰਗਦੇ ਤੇ ਵਸੂਲਦੇ ਹਾਂ ਅਤੇ ਨਾ ਹੀ ਕੋਈ ਉਸ ਨੂੰ ਮੁਫ਼ਤ ਲੈਣਾ ਚਾਹੁੰਦਾ ਹੈ।’’ ਇੱਥੋਂ ਤੱਕ ਕਿ ਸੇਵਾ ’ਚ ਜੁਟੇ ਲੋਕ ਅਤੇ ਸੰਸਥਾਵਾਂ ਕਿਸ਼ਤੀਆਂ ’ਚ ਵਰਤੇ ਜਾਣ ਲਈ ਲੋਹਾ ਖਰੀਦ ਕੇ ਧੱਕੇ ਨਾਲ ਉਨ੍ਹਾਂ ਕੋਲ ਸੁਟਵਾ ਜਾਂਦੇ ਹਨ।

ਇਸ ਵੇਲੇ ਲਗਭਗ ਸਾਰੇ ਪੰਜਾਬ ਨੂੰ ਹੜ੍ਹਾਂ ਦੇ ਪਾਣੀਆਂ ਨੇ ਘੇਰਿਆ ਹੋਇਆ ਹੈ। ਪਾਣੀ ’ਚ ਡੁੱਬੀਆਂ ਫ਼ਸਲਾਂ ਤੇ ਘਰ, ਹੜ੍ਹਾਂ ਦੇ ਤੇਜ਼ ਵਹਾਅ ’ਚ ਰੁੜ੍ਹਦੇ ਜਾਂਦੇ ਪਸ਼ੂ, ਆਪਣਾ ਸਾਰਾ ਕੁਝ ਗੁਆ ਚੁੱਕੇ ਲੋਕਾਂ ਦੀਆਂ ਅੱਖਾਂ ਵਿੱਚ ਸੁੰਨ ਤੇ ਉਦਾਸੀ- ਹੜ੍ਹਾਂ ਦੀ ਭਿਆਨਕ ਮਾਰ ਦੀਆਂ ਇਹ ਤਸਵੀਰਾਂ ਤੁਹਾਨੂੰ ਪ੍ਰੇਸ਼ਾਨ ਕਰਨ ਲਈ ਕਾਫ਼ੀ ਹਨ। ਸੋਸ਼ਲ ਮੀਡੀਆ ’ਤੇ ਤੈਰਦੀ ਇੱਕ ਵੀਡੀਓ ’ਚ ਇੱਕ ਪਿੰਡ ਵਿੱਚ ਪਾਣੀ ਵਿੱਚ ਡੁੱਬੇ ਖੇਤਾਂ ਦੇ ਨੇੜੇ ਇੱਕ ਉੱਚੀ ਜਗ੍ਹਾ ’ਤੇ ਖੜ੍ਹ ਕੇ ਪੱਤਰਕਾਰ ਜਦੋਂ ਨੌਜਵਾਨ ਨੂੰ ਉਸ ਦੇ ਘਰ ਤੇ ਖੇਤਾਂ ਬਾਰੇ ਪੁੱਛਦਾ ਹੈ ਤਾਂ ਉਸ ਨੇ ਚੁਫ਼ੇਰੇ ਦੂਰ ਤੱਕ ਫੈਲੇ ਪਾਣੀ ਵੱਲ ਇਸ਼ਾਰਾ ਕਰਦਿਆਂ ਕਿਹਾ, ‘‘ਉਸ ਡੂੰਘੇ ਪਾਣੀ ਵਿੱਚ ਹੀ ਕਿਤੇ ਮੇਰੇ ਖੇਤ ਹਨ। ਹੱਦ-ਬੰਨੇ ਮੈਂ ਨਹੀਂ ਦੱਸ ਸਕਦਾ। ਸਾਡਾ ਘਰ ਵੀ ਪਾਣੀ ’ਚ ਡੁੱਬਿਆ ਹੋਇਆ ਹੈ। ਆਪਣੇ ਬਾਪੂ ਨੂੰ ਮੈਂ ਘਰ ਦੀ ਉਪਰਲੀ ਮੰਜ਼ਿਲ ’ਤੇ ਪਹੁੰਚਾਇਆ ਹੈ। ਉਹ ਖੇਤ ਦੇਖਣ ਆਉਣਾ ਚਾਹੁੰਦਾ ਹੈ ਪਰ ਮੈਂ ਨਹੀਂ ਚਾਹੁੰਦਾ ਕਿ ਉਹ ਇੱਥੇ ਆਵੇ ਅਤੇ ਦੇਖੇ ਕਿ ਹੁਣ ਕੁਝ ਵੀ ਦੇਖਣ ਲਈ ਬਾਕੀ ਨਹੀਂ ਰਿਹਾ। ਮੈਨੂੰ ਡਰ ਹੈ ਕਿ ਇਹ ਤਬਾਹੀ ਦੇਖ ਕੇ ਉਸ ਨੂੰ ਕੁਝ ਹੋ ਨਾ ਜਾਵੇ।’’

ਇਨਸਾਨ ਤਾਂ ਇਨਸਾਨ ਹੈ, ਔਖੀਆਂ ਪ੍ਰਸਥਿਤੀਆਂ ’ਚ ਉਹ ਟੁੱਟਦਾ ਵੀ ਹੈ, ਢਹਿੰਦਾ ਵੀ ਹੈ ਤੇ ਉਸ ਦਾ ਦੁੱਖ ਅੱਖਾਂ ਰਾਹੀਂ ਵਹਿੰਦਾ ਵੀ ਹੈ। ਲਗਭਗ ਮੋਢਿਆਂ ਨੇੜੇ ਪੁੱਜੇ ਹੜ੍ਹ ਦੇ ਪਾਣੀ ਵਿੱਚ ਹੀ ਇੱਕ ਬਜ਼ੁਰਗ ਬਾਪੂ ਨੂੰ ਨੌਜਵਾਨ ਨੇ ਆਪਣੀ ਗਲਵਕੜੀ ਵਿੱਚ ਲਿਆ ਹੋਇਆ ਹੈ ਅਤੇ ਆਸਮਾਨ ਤੋਂ ਵਰ੍ਹਦੇ ਮੀਂਹ ਦੌਰਾਨ ਬਾਪੂ ਦੀਆਂ ਅੱਖਾਂ ’ਚੋਂ ਵੀ ਮੀਂਹ ਵਰ੍ਹ ਰਿਹਾ ਹੈ। ਸੋਸ਼ਲ ਮੀਡੀਆ ’ਤੇ ਚੱਲ ਰਹੀ ਇਹ ਵੀਡੀਓ ਦੇਖ ਕੇ ਪਤਾ ਨਹੀਂ ਲੱਗਦਾ ਕਿ ਉਹ ਦ੍ਰਿਸ਼ ਦੇਖਣ ਤੋਂ ਬਾਅਦ ਬਾਪੂ ਦੀਆਂ ਅੱਖਾਂ ’ਚੋਂ ਵਰ੍ਹਦਾ ਉਹ ਮੀਂਹ ਕਦੋਂ ਤੁਹਾਡੀਆਂ ਅੱਖਾਂ ’ਚੋਂ ਵੀ ਵਰ੍ਹਨ ਲੱਗਦਾ ਹੈ ਪਰ ਫਿਰ ਆਪਣਾ ਦੁੱਖ ਪੀੜ ਤੇ ਆਪਣੇ ਅੰਦਰਲੀ ਟੁੱਟ-ਭੱਜ ਸਮੇਟ ਕੇ ਸ਼ਾਸਨ-ਪ੍ਰਸ਼ਾਸਨ ਦੀ ਮਦਦ ਉਡੀਕੇ ਬਿਨਾ ਪੰਜਾਬੀ ਮੁੜ ਆਪਣੀ ਮਦਦ ਆਪ ਕਰਨ ਲਈ ਉੱਠ ਖੜੋਂਦੇ ਹਨ।

ਇਹ ਵੀ ਹਕੀਕਤ ਹੈ ਕਿ ਦੁੱਖ ਦੀ ਘੜੀ ’ਚ ਰਾਹਤ ਪਹੁੰਚਾਉਣ ਤੋਂ ਵੀ ਪਹਿਲਾਂ ਇਸ ਗੱਲ ਦੀ ਲੋੜ ਹੁੰਦੀ ਹੈ ਕਿ ਹਮਦਰਦੀ ਦੇ ਬੋਲਾਂ ਨਾਲ ਪੀੜਤ ਨੂੰ ਧਰਵਾਸ ਦਿੱਤਾ ਜਾਵੇ ਤਾਂ ਜੋ ਉਹ ਹੌਸਲਾ ਨਾ ਹਾਰੇ। ਦਰਅਸਲ, ਦੁੱਖ ਵੇਲੇ ਪ੍ਰਗਟਾਈ ਹਮਦਰਦੀ ਕਦੇ ਕਿਸੇ ਨੂੰ ਭੁੱਲਦੀ ਨਹੀਂ। ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਪ੍ਰਗਟਾਉਂਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਵੱਲੋਂ ਅਫ਼ਗ਼ਾਨਿਸਤਾਨ ਨੂੰ ਤਾਂ ਰਾਹਤ ਸਮੱਗਰੀ ਭੇਜੀ ਗਈ ਹੈ ਪਰ ਪੰਜਾਬ ਪਿਛਲੇ 15 ਦਿਨਾਂ ਤੋਂ ਹੜ੍ਹਾਂ ਨਾਲ ਜੂਝ ਰਿਹਾ ਹੈ ਅਤੇ ਇਸ ਨੂੰ ਹਾਲੇ ਤੱਕ ਕੋਈ ਰਾਹਤ ਤੇ ਸਹਾਇਤਾ ਨਹੀਂ ਦਿੱਤੀ ਗਈ।

ਹੜ੍ਹ ਦੀ ਮਾਰ ਝੱਲ ਰਹੇ ਪੰਜਾਬ ਦੇ ਕਿਸਾਨ ਇਹ ਆਖ ਰਹੇ ਹਨ ਕਿ ਅਫ਼ਗ਼ਾਨਿਸਤਾਨ ’ਚ ਆਏ ਭੂਚਾਲ ਦੇ ਪੀੜਤਾਂ ਨਾਲ ਤਾਂ ਹਮਦਰਦੀ ਪ੍ਰਗਟਾਈ ਗਈ ਹੈ ਅਤੇ ਰਾਹਤ ਸਮੱਗਰੀ ਵੀ ਭੇਜੀ ਗਈ ਹੈ ਪਰ ਹੜ੍ਹਾਂ ’ਚ ਡੁੱਬੇ ਪੰਜਾਬੀਆਂ ਨਾਲ ਹਮਦਰਦੀ ਪ੍ਰਗਟਾਉਣ ਲਈ ਸੱਤਾ ਦੇ ਸਿਖਰ ’ਤੇ ਬੈਠੇ ਆਗੂ ਕੋਲੋਂ ਐਕਸ ਰਾਹੀਂ ਵੀ ਦੋ ਸ਼ਬਦ ਨਹੀਂ ਸਰੇ। ਰਾਹਤ ਤਾਂ ਦੂਰ ਦੀ ਗੱਲ ਹੈ, ਪੰਜਾਬ ਦੇ ਕੇਂਦਰ ਵੱਲ ਬਕਾਇਆ ਖੜ੍ਹੇ 60,000 ਕਰੋੜ ਰੁਪਏ ਦੇ ਫੰਡ ਵੀ ਜਾਰੀ ਨਹੀਂ ਕੀਤੇ ਗਏ ਅਤੇ ਨਾ ਹੀ ਸੂਬੇ ਲਈ ਕੋਈ ਰਾਹਤ ਪੈਕੇਜ ਐਲਾਨਿਆ ਗਿਆ ਹੈ। ਵਿਰੋਧੀ ਧਿਰ ਦੇ ਆਗੂਆਂ ਨੇ ਜਦੋਂ ਵਾਰ-ਵਾਰ ਕੇਂਦਰ ਦਾ ਧਿਆਨ ਪੰਜਾਬ, ਹਿਮਾਚਲ, ਜੰਮੂ ਕਸ਼ਮੀਰ ਅਤੇ ਉੱਤਰਾਖੰਡ ’ਚ ਆਏ ਹੜ੍ਹਾਂ ਵੱਲ ਦਿਵਾਇਆ ਅਤੇ ਇਨ੍ਹਾਂ ਸੂਬਿਆਂ ਦੀ ਮਦਦ ਕਰਨ ਲਈ ਆਖਿਆ ਤਾਂ ਬੀਤੇ ਦਿਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਰੈਕਟਰ ’ਤੇ ਬੈਠ ਕੇ ਪੰਜਾਬ ’ਚ ਆਏ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਵਾਰ ਵਾਰ ਇਹੀ ਗੱਲ ਦੁਹਰਾਈ ਕਿ ਉਹ ਪ੍ਰਧਾਨ ਮੰਤਰੀ ਦੇ ਕਹਿਣ ’ਤੇ ਇੱਥੇ ਆਏ ਹਨ ਪਰ ਰਾਹਤ ਬਾਰੇ ਉਨ੍ਹਾਂ ਕੋਈ ਐਲਾਨ ਨਹੀਂ ਕੀਤਾ। ਉਨ੍ਹਾਂ ਇਹ ਜ਼ਰੂਰ ਕਿਹਾ, ‘‘ਪੰਜਾਬ ’ਤੇ ਸਾਰੇ ਦੇਸ਼ ਨੂੰ ਮਾਣ ਹੈ, ਪੰਜਾਬ ਭਾਰਤ ਦਾ ਮਾਣ ਹੈ। ਜਦੋਂ ਵੀ ਦੇਸ਼ ’ਤੇ ਕੋਈ ਸੰਕਟ ਆਇਆ ਹੈ ਤਾਂ ਪੰਜਾਬ ਨੇ ਉਸ ਨੂੰ ਆਪਣੀ ਛਾਤੀ ’ਤੇ ਝੱਲਿਆ ਹੈ।’’

ਪੰਜਾਬ ਦੇਸ਼ ਦੀ ਹਰ ਔਖੀ ਘੜੀ ’ਚ ਮਦਦ ਲਈ ਸਭ ਤੋਂ ਅੱਗੇ ਰਿਹਾ, ਅੱਜ ਉਸ ਨੂੰ ਵੀ ਉਸੇ ਤਰ੍ਹਾਂ ਦੇ ਹੁੰਗਾਰੇ ਦੀ ਉਡੀਕ ਸੀ। ਪਰ ਜਦੋਂ ਹੜ੍ਹਾਂ ਤੋਂ ਏਨੇ ਦਿਨਾਂ ਬਾਅਦ ਵੀ ਨੁਕਸਾਨ ਦੇ ਅਨੁਮਾਨ ਦੀਆਂ ਰਿਪੋਰਟਾਂ ਕੇਂਦਰ ਤੱਕ ਪਹੁੰਚਾਉਣ ਦੀਆਂ ਗੱਲਾਂ ਹੀ ਕੀਤੀਆਂ ਜਾਣ ਤਾਂ ਇੱਕ ਸਾਧਾਰਨ ਪੇਂਡੂ ਕਿਸਾਨ ਦੀ ਆਖੀ ਇਹ ਗੱਲ ਬਿਲਕੁਲ ਢੁੱਕਵੀਂ ਜਾਪਦੀ ਹੈ: ‘‘ਪੰਜਾਬੀ ਕੋਈ ਮੰਗਤੇ ਨਹੀਂ, ਜੋ ਤੁਹਾਡੀ ਰਾਹਤ ਦੀ ਖ਼ੈਰਾਤ ਨੂੰ ਉਡੀਕ ਰਹੇ ਨੇ। ਸਾਡੇ ਆਪਣੇ ਭੈਣ ਭਰਾ ਹੀ ਸਾਡੀ ਬਾਂਹ ਫੜਨ ਲਈ ਬਹੁਤ ਨੇ।’’ ਇਹ ਗੱਲ ਹੈ ਵੀ ਸੱਚ ਕਿਉਂਕਿ ਪੰਜਾਬੀ ਲੋਕ ਹੜ੍ਹਾਂ ’ਚ ਘਿਰੇ ਆਪਣੇ ਭੈਣ ਭਰਾਵਾਂ ਦੀ ਦਿਲ ਖੋਲ੍ਹ ਕੇ ਮਦਦ ਕਰ ਰਹੇ ਹਨ।

ਪੰਜਾਬੀਆਂ ਦੇ ਇਸ ਜਜ਼ਬੇ ਨੂੰ ਸਲਾਮ!

Advertisement
×