ਸੁਰੱਖਿਅਤ ਪੈਰਾਗਲਾਈਡਿੰਗ
ਹਿਮਾਚਲ ਪ੍ਰਦੇਸ਼ ਵੱਲੋਂ ਟੈਂਡਮ ਪਾਇਲਟਾਂ ਲਈ ਉੱਨਤ ਸੁਰੱਖਿਆ ਟਰੇਨਿੰਗ (ਐੱਸ ਆਈ ਵੀ) ਨੂੰ ਲਾਜ਼ਮੀ ਕਰਨਾ ਬਹੁਤ ਹੀ ਜ਼ਰੂਰੀ ਕਦਮ ਹੈ ਅਤੇ ਇਹ ਇਸ ਸਾਲ ਦੇ ਪੈਰਾਗਲਾਈਡਿੰਗ ਸੀਜ਼ਨ, ਜੋ 16 ਸਤੰਬਰ ਤੋਂ ਸ਼ੁਰੂ ਹੋਇਆ ਹੈ, ਲਈ ਬਿਲਕੁਲ ਸਹੀ ਸਮੇਂ ’ਤੇ ਚੁੱਕਿਆ...
ਹਿਮਾਚਲ ਪ੍ਰਦੇਸ਼ ਵੱਲੋਂ ਟੈਂਡਮ ਪਾਇਲਟਾਂ ਲਈ ਉੱਨਤ ਸੁਰੱਖਿਆ ਟਰੇਨਿੰਗ (ਐੱਸ ਆਈ ਵੀ) ਨੂੰ ਲਾਜ਼ਮੀ ਕਰਨਾ ਬਹੁਤ ਹੀ ਜ਼ਰੂਰੀ ਕਦਮ ਹੈ ਅਤੇ ਇਹ ਇਸ ਸਾਲ ਦੇ ਪੈਰਾਗਲਾਈਡਿੰਗ ਸੀਜ਼ਨ, ਜੋ 16 ਸਤੰਬਰ ਤੋਂ ਸ਼ੁਰੂ ਹੋਇਆ ਹੈ, ਲਈ ਬਿਲਕੁਲ ਸਹੀ ਸਮੇਂ ’ਤੇ ਚੁੱਕਿਆ ਗਿਆ ਹੈ। ਭਾਰਤ ਦੀ ਪੈਰਾਗਲਾਈਡਿੰਗ ਰਾਜਧਾਨੀ ਵਜੋਂ ਲੰਮੇ ਸਮੇਂ ਤੋਂ ਮਸ਼ਹੂਰ ਹਿਮਾਚਲ ਪ੍ਰਦੇਸ਼ ਵਿੱਚ ਹਾਲੀਆ ਸਾਲਾਂ ਦੌਰਾਨ ਹਾਦਸਿਆਂ ਦੀ ਗਿਣਤੀ ਚਿੰਤਾਜਨਕ ਤੌਰ ’ਤੇ ਵਧੀ ਹੈ। ਟ੍ਰਿਬਿਊਨ ਦੀਆਂ ਰਿਪੋਰਟਾਂ ਅਨੁਸਾਰ ਛੇ ਸਾਲਾਂ ਵਿੱਚ ਲਗਭਗ 30 ਮੌਤਾਂ ਪੈਰਾਗਲਾਈਡਿੰਗ ਦੌਰਾਨ ਹੋਈਆਂ ਹਨ, ਜੋ ਬੀੜ-ਬਿਲਿੰਗ ਅਤੇ ਮਨਾਲੀ ਵਰਗੀਆਂ ਥਾਵਾਂ ਵਿੱਚ ਜ਼ਿਆਦਾ ਹਨ। ਪੰਜ ਸਾਲਾਂ ਵਿੱਚ ਘੱਟੋ-ਘੱਟ 14 ਪਾਇਲਟਾਂ ਦੀਆਂ ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕੁਝ ਸੀਜ਼ਨਾਂ ਵਿੱਚ ਤਾਂ ਕੁਝ ਹਫ਼ਤਿਆਂ ਦੇ ਅੰਦਰ ਹੀ ਕਈ ਹਾਦਸੇ ਵਾਪਰ ਗਏ। ਸੈਲਾਨੀਆਂ ਅਤੇ ਸਿਖਲਾਈ ਪ੍ਰਾਪਤ ਪਾਇਲਟਾਂ ਦੀਆਂ ਦੁਖਦ ਮੌਤਾਂ ਦੀਆਂ ਘਟਨਾਵਾਂ ਉਸ ਖੇਡ ’ਚ ਲੋਕਾਂ ਦਾ ਭਰੋਸਾ ਘਟਾ ਰਹੀਆਂ ਹਨ ਜੋ ਸੂਬੇ ’ਚ ਆਉਣ ਵਾਲੇ ਸੈਲਾਨੀਆਂ ਲਈ ਵੱਡੀ ਖਿੱਚ ਦਾ ਕੇਂਦਰ ਹੋਣੀ ਚਾਹੀਦੀ ਸੀ ਪਰ ਲਗਾਤਾਰ ਹੋਏ ਹਾਦਸਿਆਂ ਨੇ ਲੋਕਾਂ ਅੰਦਰ ਖੌਫ਼ ਪੈਦਾ ਕੀਤਾ ਤੇ ਸੈਲਾਨੀਆਂ ਦੀ ਦਿਲਚਸਪੀ ਘਟੀ ਹੈ।
ਇਸ ਦੇ ਕਈ ਕਾਰਨ ਹਨ। ਸਿਖਲਾਈ ਅਤੇ ਸਰਟੀਫਿਕੇਸ਼ਨ ਦੇ ਮਾਪਦੰਡ ਕਮਜ਼ੋਰ ਰਹੇ ਹਨ, ਜਿਸ ਕਾਰਨ ਕਈ ਟੈਂਡਮ ਪਾਇਲਟ ਬਿਨਾਂ ਸਹੀ ਐਮਰਜੈਂਸੀ ਤਿਆਰੀ ਦੇ ਕੰਮ ਕਰ ਰਹੇ ਹਨ। ਹੰਗਾਮੀ ਹਾਲਾਤ ਨਾਲ ਨਜਿੱਠਣ ਦੀ ਸਿਖਲਾਈ ਨਾ ਹੋਣ ਕਰ ਕੇ ਵੀ ਕਈ ਹਾਦਸੇ ਵਾਪਰੇ ਹਨ। ਤੇਜ਼ੀ ਨਾਲ ਵਧ ਰਹੇ ਅਪਰੇਟਰਾਂ, ਜੋ ਵਧਦੀ ਮੰਗ ਦਾ ਫ਼ਾਇਦਾ ਉਠਾਉਣਾ ਚਾਹੁੰਦੇ ਹਨ, ਦੇ ਮੁਕਾਬਲੇ ਨਿਗਰਾਨ ਤੰਤਰ ਪੱਛੜ ਗਿਆ ਹੈ। ਸਾਜ਼ੋ-ਸਾਮਾਨ ਦੀ ਜਾਂਚ ਨਿਯਮਿਤ ਤੌਰ ’ਤੇ ਨਹੀਂ ਹੋ ਰਹੀ ਅਤੇ ਹਿਮਾਲਿਆ ਖੇਤਰ ਦੇ ਚੁਣੌਤੀਪੂਰਨ ਹਾਲਾਤ (ਤੇਜ਼ ਹਵਾਵਾਂ) ਲਈ ਜਿਸ ਤਰ੍ਹਾਂ ਦੇ ਉੱਚ ਪੱਧਰੀ ਹੁਨਰ ਦੀ ਲੋੜ ਹੁੰਦੀ ਹੈ, ਉਹ ਬਹੁਤ ਸਾਰੇ ਪਾਇਲਟਾਂ ਕੋਲ ਨਹੀਂ ਹੈ। ਇਸੇ ਲਈ ਪਾਇਲਟਾਂ ਲਈ ਉੱਨਤ ਸਿਖਲਾਈ ਨੂੰ ਲਾਜ਼ਮੀ ਕਰਨਾ ਸਵਾਗਤਯੋਗ ਕਦਮ ਹੈ। ਇਸ ਦੇ ਨਾਲ ਸਖ਼ਤੀ ਵੀ ਸਪੱਸ਼ਟ ਤੌਰ ’ਤੇ ਦਿਸਣੀ ਚਾਹੀਦੀ ਹੈ: ਪ੍ਰਮਾਣਿਤ ਅਪਰੇਟਰਾਂ ਦਾ ਕੇਂਦਰੀਕ੍ਰਿਤ ਰਜਿਸਟਰੇਸ਼ਨ ਤੇ ਨਿਯਮਿਤ ਨਿਰੀਖਣ, ਰੋਜ਼ਾਨਾ ਸਾਜ਼ੋ-ਸਾਮਾਨ ਦੀ ਜਾਂਚ, ਯਾਤਰੀ ਬੀਮਾ, ਸੈਲਾਨੀਆਂ ਲਈ ਜਾਗਰੂਕਤਾ ਮੁਹਿੰਮਾਂ ਅਤੇ ਮੌਸਮ ਦੇ ਹਾਲਾਤ ਅਨੁਸਾਰ ਸਖ਼ਤ ਨਿਯਮ। ਇਨ੍ਹਾਂ ਤੋਂ ਬਿਨਾਂ ਹਦਾਇਤਾਂ ਸਿਰਫ਼ ਕਾਗਜ਼ੀ ਕਾਰਵਾਈ ਬਣ ਕੇ ਰਹਿ ਜਾਣਗੀਆਂ।
ਪੈਰਾਗਲਾਈਡਿੰਗ ਕਰਨ ਵਾਲੇ ਫਲਾਇਰ ਅਤੇ ਪ੍ਰਬੰਧਕ ਵੀ ਬਰਾਬਰ ਜ਼ਿੰਮੇਵਾਰ ਹਨ। ਇਸ ਲਈ ਰਵਾਇਤੀ ਤਬਦੀਲੀ ਦੀ ਲੋੜ ਹੈ ਜਿੱਥੇ ਅਪਰੇਟਰ ਸੁਰੱਖਿਆ ਜਾਂਚ ਨੂੰ ਸਿਰਫ਼ ਰਸਮੀ ਕਾਰਵਾਈਆਂ ਨਹੀਂ, ਸਗੋਂ ਆਪਣੀ ਜ਼ਿੰਮੇਵਾਰੀ ਸਮਝਣ। ਜਿਸ ਰਾਜ ਵਿੱਚ ਪੈਰਾਗਲਾਈਡਿੰਗ ਵਰਗੇ ਸਾਹਸੀ ਸੈਰ-ਸਪਾਟੇ ਦਾ ਅਰਥਚਾਰੇ ਵਿੱਚ ਮਹੱਤਵਪੂਰਨ ਯੋਗਦਾਨ ਹੈ, ਉੱਥੇ ਸੁਰੱਖਿਆ ਨੂੰ ਖ਼ਰਚਾ ਨਹੀਂ, ਸਗੋਂ ਨਿਵੇਸ਼ ਸਮਝਿਆ ਜਾਣਾ ਚਾਹੀਦਾ ਹੈ। ਹਿਮਾਚਲ ਪ੍ਰਦੇਸ਼ ਨੇ ਸਮੱਸਿਆ ਨੂੰ ਸਵੀਕਾਰ ਕੇ ਮਿਸਾਲ ਕਾਇਮ ਕੀਤੀ ਹੈ; ਉੱਤਰਾਖੰਡ ਅਤੇ ਸਿੱਕਿਮ ਵਰਗੇ ਬਾਕੀ ਪਹਾੜੀ ਰਾਜਾਂ ਨਾਲ ਤਾਲਮੇਲ ਇਹ ਯਕੀਨੀ ਬਣਾਏਗਾ ਕਿ ਸਾਡੇ ਆਸਮਾਨ ਅਜਿਹੀਆਂ ਸਾਹਸੀ ਖੇਡਾਂ ਲਈ ਸੁਰੱਖਿਅਤ ਰਹਿਣ।