DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਹਿੰਗਾਈ ਵਿਚ ਕਮੀ

ਭਾਰਤ ਦੀ ਪਰਚੂਨ ਮਹਿੰਗਾਈ ਦਰ ਜਿਸ ਨੂੰ ਖ਼ਪਤਕਾਰ ਕੀਮਤ ਸੂਚਕ ਅੰਕ (ਸੀਪੀਆਈ) ਨਾਲ ਮਾਪਿਆ ਜਾਂਦਾ ਹੈ, ਵਿੱਚ ਮਈ ਮਹੀਨੇ 2.82 ਫ਼ੀਸਦੀ ਕਮੀ ਆਈ ਹੈ। ਇਹ ਨਾਟਕੀ ਕਮੀ ਮੁੱਖ ਤੌਰ ’ਤੇ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਕਮੀ ਕਰ ਕੇ ਆਈ ਹੈ,...
  • fb
  • twitter
  • whatsapp
  • whatsapp
Advertisement

ਭਾਰਤ ਦੀ ਪਰਚੂਨ ਮਹਿੰਗਾਈ ਦਰ ਜਿਸ ਨੂੰ ਖ਼ਪਤਕਾਰ ਕੀਮਤ ਸੂਚਕ ਅੰਕ (ਸੀਪੀਆਈ) ਨਾਲ ਮਾਪਿਆ ਜਾਂਦਾ ਹੈ, ਵਿੱਚ ਮਈ ਮਹੀਨੇ 2.82 ਫ਼ੀਸਦੀ ਕਮੀ ਆਈ ਹੈ। ਇਹ ਨਾਟਕੀ ਕਮੀ ਮੁੱਖ ਤੌਰ ’ਤੇ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਕਮੀ ਕਰ ਕੇ ਆਈ ਹੈ, ਜਿਸ ਨਾਲ ਖ਼ਪਤਕਾਰਾਂ ਖ਼ਾਸਕਰ ਘੱਟ ਆਮਦਨ ਵਾਲੇ ਵਰਗਾਂ ਦੇ ਖ਼ਪਤਕਾਰਾਂ ਨੂੰ ਰਾਹਤ ਮਿਲੀ ਹੈ ਜਿਨ੍ਹਾਂ ਨੂੰ ਆਪਣੀ ਆਮਦਨ ਦਾ ਕਾਫ਼ੀ ਵੱਡਾ ਹਿੱਸਾ ਖਾਣ-ਪੀਣ ਦੇ ਸਾਮਾਨ ’ਤੇ ਖਰਚ ਕਰਨਾ ਪੈਂਦਾ ਹੈ। ਸਬਜ਼ੀਆਂ ਦੀਆਂ ਕੀਮਤਾਂ ਵਿੱਚ (-13.7 ਫ਼ੀਸਦੀ), ਦਾਲਾਂ (-8.2 ਫ਼ੀਸਦੀ), ਮਸਾਲੇ ਅਤੇ ਮੀਟ ਦੀਆਂ ਕੀਮਤਾਂ ਵਿੱਚ ਭਰਵੀਂ ਕਮੀ ਆਉਣ ਕਰ ਕੇ ਇਸ ਰੁਝਾਨ ਨੂੰ ਮਜ਼ਬੂਤੀ ਮਿਲੀ ਹੈ। ਖ਼ੁਰਾਕੀ ਤੇ ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਵਿੱਚ 1.5 ਫ਼ੀਸਦੀ ਕਮੀ ਆਈ ਹੈ ਜਿਸ ਨਾਲ ਲਗਾਤਾਰ ਸੱਤਵੇਂ ਮਹੀਨੇ ਇਸ ਵਿੱਚ ਗਿਰਾਵਟ ਦਾ ਦੌਰ ਜਾਰੀ ਰਿਹਾ ਹੈ। ਬਹਰਹਾਲ ਇਹ ਅੰਸ਼ਕ ਰਾਹਤ ਹੈ। ਖ਼ੁਰਾਕੀ ਤੇਲਾਂ ਦੀਆਂ ਕੀਮਤਾਂ ਵਿੱਚ ਵਾਧਾ ਦੋ ਅੰਕਾਂ ਵਿੱਚ ਚਲਿਆ ਗਿਆ ਹੈ ਜੋ ਕਿ ਤੇਲ ਬੀਜਾਂ ਦੀਆਂ ਫ਼ਸਲਾਂ ਦੀ ਬਿਜਾਈ ਘੱਟ ਹੋਣ ਅਤੇ ਦਰਾਮਦਾਂ ’ਤੇ ਭਾਰਤ ਦੀ ਨਿਰਭਰਤਾ ਨਾਲ ਨੇੜਿਓਂ ਜੁਡਿ਼ਆ ਹੋਇਆ ਹੈ। ਫ਼ਲਾਂ ਦੀਆਂ ਕੀਮਤਾਂ ਵਿੱਚ ਵੀ ਇਜ਼ਾਫ਼ਾ ਦੇਖਣ ਨੂੰ ਮਿਲਿਆ ਹੈ। ਖ਼ੁਰਾਕੀ ਤੇਲ ’ਤੇ ਦਰਾਮਦ ਡਿਊਟੀ ਘਟਾ ਕੇ ਅੱਧੀ ਕਰ ਦੇਣ ਦੀ ਸਰਕਾਰ ਦੀ ਪਹਿਲਕਦਮੀ ਬਾਮੌਕਾ ਕਾਰਵਾਈ ਕਹੀ ਜਾ ਸਕਦੀ ਹੈ ਪਰ ਇਸ ਦਾ ਅਸਰ ਹੋਣ ਨੂੰ ਹਾਲੇ ਸਮਾਂ ਲੱਗੇਗਾ।

ਹੁਣ ਮਹਿੰਗਾਈ ਦਰ ਰਿਜ਼ਰਵ ਬੈਂਕ ਦੇ ਚਾਰ ਫ਼ੀਸਦੀ ਦੇ ਟੀਚੇ ਤੋਂ ਹੇਠਾਂ ਰਹਿਣ ਕਰ ਕੇ ਵਿਆਜ ਦਰਾਂ ਵਿੱਚ ਪਹਿਲਾਂ ਹੀ ਕੁਝ ਕਟੌਤੀ ਹੋ ਚੁੱਕੀ ਹੈ ਜਿਸ ਦੇ ਮੱਦੇਨਜ਼ਰ ਤਵੱਕੋ ਕੀਤੀ ਜਾਂਦੀ ਹੈ ਕਿ ਰਿਜ਼ਰਵ ਬੈਂਕ ਅਜੇ ‘ਉਡੀਕੋ ਤੇ ਦੇਖੋ’ ਦੀ ਪਹੁੰਚ ਅਪਣਾਏਗੀ। ਅਗਸਤ ਵਿੱਚ ਵਿਆਜ ਦਰਾਂ ਵਿੱਚ ਹੋਰ ਕਟੌਤੀ ਦੇ ਆਸਾਰ ਨਹੀਂ ਹਨ, ਖ਼ਾਸਕਰ ਉਦੋਂ ਜਦੋਂ ਮਕਾਨ ਉਸਾਰੀ, ਕੱਪਡਿ਼ਆਂ ਤੇ ਤੰਬਾਕੂ ਪਦਾਰਥਾਂ ਦੀ ਮੂਲ ਮਹਿੰਗਾਈ ਦਰ ਹਾਲੇ ਵੀ ਸਥਿਰ ਬਣੀ ਹੋਈ ਹੈ ਜਾਂ ਇਸ ਵਿੱਚ ਥੋੜ੍ਹਾ ਜਿਹਾ ਵਾਧਾ ਹੋਇਆ ਹੈ। ਹਾਲ ਦੀ ਘੜੀ ਮਹਿੰਗਾਈ ਦਰ ਦੀ ਪਰਵਾਜ਼ ਹਲਕੀ ਨਜ਼ਰ ਆ ਰਹੀ ਹੈ ਜਦੋਂਕਿ ਆਲਮੀ ਅਨਿਸ਼ਚਤਾਵਾਂ, ਮੌਨਸੂਨ ਦੀ ਕਾਰਗੁਜ਼ਾਰੀ ਅਤੇ ਤੇਲ ਕੀਮਤਾਂ ਵਿੱਚ ਆ ਰਹੇ ਉਤਰਾਅ ਚੜ੍ਹਾਅ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।

Advertisement

ਇਸ ਤੋਂ ਇਲਾਵਾ ਮਹਿੰਗਾਈ ਦਰ ਮੱਠੀ ਹੋਣ ਦਾ ਮਤਲਬ ਇਹ ਹਰਗਿਜ਼ ਨਹੀਂ ਹੈ ਕਿ ਸਭ ਕੁਝ ਠੀਕ ਠਾਕ ਚੱਲ ਰਿਹਾ ਹੈ। ਇਸ ਦੇ ਨਾਲ ਹੀ ਆਮਦਨ ਅਤੇ ਰੁਜ਼ਗਾਰ ਵਿੱਚ ਸਾਵਾਂ ਵਾਧਾ ਹੋਣਾ ਜ਼ਰੂਰੀ ਹੁੰਦਾ ਹੈ ਜਿਸ ਨਾਲ ਹਕੀਕੀ ਤੌਰ ’ਤੇ ਵੱਡੇ ਪੱਧਰ ’ਤੇ ਲੋਕਾਂ ਨੂੰ ਫ਼ਾਇਦਾ ਪਹੁੰਚਦਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਵੱਖ-ਵੱਖ ਕਾਰਨਾਂ ਕਰ ਕੇ ਮਹਿੰਗਾਈ ਜਿੰਨੀ ਵਧੀ ਹੈ, ਉਸ ਨੇ ਆਮ ਸ਼ਖ਼ਸ ਦੇ ਜੀਵਨ ਉੱਤੇ ਬੜਾ ਡਾਢਾ ਅਸਰ ਪਾਇਆ ਹੈ। ਉਂਝ ਵੀ ਇਹ ਵਰਤਾਰਾ ਸੰਸਾਰ ਪੱਧਰ ਤੇ ਦੇਖਣ ਨੂੰ ਮਿਲਿਆ ਹੈ। ਹੁਣ ਸਰਕਾਰ ਨੂੰ ਕੀਮਤਾਂ ਵਿੱਚ ਸਥਿਰਤਾ ਦੇ ਇਸ ਪੜਾਅ ਦਾ ਲਾਹਾ ਲੈਂਦੇ ਹੋਏ ਸਪਲਾਈ ਚੇਨਾਂ ਦੀ ਮਜ਼ਬੂਤੀ, ਖੇਤੀਬਾੜੀ ਖੇਤਰ ਵਿੱਚ ਦਿੱਕਤਾਂ ਨੂੰ ਮੁਖ਼ਾਤਿਬ ਹੋਣ ਅਤੇ ਦਰਾਮਦੀ ਨਿਰਭਰਤਾ ਘਟਾਉਣ ਲਈ ਕੰਮ ਕਰਨ ਦੀ ਲੋੜ ਹੈ। ਇਸ ਦੌਰਾਨ ਅੰਕਡਿ਼ਆਂ ਦੇ ਆਧਾਰ ’ਤੇ ਮੁਸਤੈਦੀ ਭਰੀ ਪਹੁੰਚ ਅਹਿਮ ਹੋਵੇਗੀ ਕਿਉਂਕਿ ਮਹਿੰਗਾਈ ਦਰ ਦਾ ਰੁਖ਼ ਬਦਲਦਿਆਂ ਬਹੁਤੀ ਦੇਰ ਨਹੀਂ ਲਗਦੀ।

Advertisement
×