ਸੋਨੇ ਚਾਂਦੀ ਦੀਆਂ ਕੀਮਤਾਂ ’ਚ ਉਛਾਲ ਦੇ ਕਾਰਨ
ਸਾਲ 2025 ਦੌਰਾਨ ਹੁਣ ਤੱਕ ਵਿੱਤੀ ਬਾਜ਼ਾਰਾਂ ਵਿੱਚ ਅਣਕਿਆਸੇ ਬਦਲਾਅ ਵੇਖਣ ਨੂੰ ਮਿਲੇ ਹਨ। ਰਵਾਇਤੀ ਆਰਥਿਕ ਰੁਝਾਨਾਂ ਦੇ ਉਲਟ ਸੋਨੇ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ ਪਰ ਪੂਰੀ ਦੁਨੀਆ ’ਚ ਵਿੱਤੀ ਅਸਥਿਰਤਾ ਦੇ ਦੌਰ ’ਚ ਸੋਨਾ ਭਰੋਸੇਯੋਗ ਸੰਪਤੀ ਸਾਬਤ...
ਸਾਲ 2025 ਦੌਰਾਨ ਹੁਣ ਤੱਕ ਵਿੱਤੀ ਬਾਜ਼ਾਰਾਂ ਵਿੱਚ ਅਣਕਿਆਸੇ ਬਦਲਾਅ ਵੇਖਣ ਨੂੰ ਮਿਲੇ ਹਨ। ਰਵਾਇਤੀ ਆਰਥਿਕ ਰੁਝਾਨਾਂ ਦੇ ਉਲਟ ਸੋਨੇ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ ਪਰ ਪੂਰੀ ਦੁਨੀਆ ’ਚ ਵਿੱਤੀ ਅਸਥਿਰਤਾ ਦੇ ਦੌਰ ’ਚ ਸੋਨਾ ਭਰੋਸੇਯੋਗ ਸੰਪਤੀ ਸਾਬਤ ਹੋਇਆ ਹੈ। ਅਕਤੂਬਰ 2025 ਦੇ ਸ਼ੁਰੂ ਵਿੱਚ ਸੋਨੇ ਦੀ ਕੀਮਤ ਨੇ 4,372 ਡਾਲਰ ਪ੍ਰਤੀ ਔਂਸ (1 ਔਂਸ ਵਿੱਚ 31 ਗ੍ਰਾਮ ਸੋਨਾ ਹੁੰਦਾ ਹੈ) ਦੇ ਉੱਚ ਪੱਧਰ ਨੂੰ ਛੋਹਿਆ ਸੀ ਜੋ ਜਨਵਰੀ 2025 ਦੇ 2,624 ਡਾਲਰ ਪ੍ਰਤੀ ਔਂਸ ਤੋਂ ਲਗਭਗ 57 ਫ਼ੀਸਦੀ ਵੱਧ ਹੈ। ਬੈਂਕ ਆਫ ਅਮਰੀਕਾ, ਐੱਚਐੱਸਬੀਸੀ ਬੈਂਕ ਅਤੇ ਗੋਲਡਮੈਨ ਸੈਕਸ ਵਰਗੀਆਂ ਵਿੱਤੀ ਸੰਸਥਾਵਾਂ ਦੇ ਵਿਸ਼ਲੇਸ਼ਣ ਅਨੁਸਾਰ ਭੂ-ਸਿਆਸੀ ਜੋਖ਼ਮ ਅਤੇ ਮੁਦਰਾ ਨੀਤੀ ਦੇ ਢਾਂਚੇ ਵਿੱਚ ਤਬਦੀਲੀਆਂ ਕਾਰਨ ਨੇੜ ਭਵਿੱਖ ਵਿੱਚ ਸੋਨੇ ਦੀ ਕੀਮਤ 5,000 ਡਾਲਰ ਪ੍ਰਤੀ ਔਂਸ ਤੱਕ ਵੀ ਪਹੁੰਚ ਸਕਦੀ ਹੈ। ਆਮ ਤੌਰ ’ਤੇ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਦੁਨੀਆ ਭਰ ’ਚ ਉੱਚ ਮੁਦਰਾ ਸਫੀਤੀ ਜਾਂ ਡੂੰਘੀ ਆਰਥਿਕ ਮੰਦੀ ਜਿਹੇ ਕਾਰਕਾਂ ਨਾਲ ਹੁੰਦਾ ਹੈ, ਪਰ ਹੁਣ ਤਾਂ ਸੋਨੇ ਦੀਆਂ ਮੌਜੂਦਾ ਕੀਮਤਾਂ ਵਿੱਚ ਵਾਧਾ ਇਨ੍ਹਾਂ ਪਰੰਪਰਾਗਤ ਕਾਰਕਾਂ ਦੀ ਅਣਹੋਂਦ ਵਿੱਚ ਹੋਇਆ ਹੈ। ਇਹ ਅਸਾਧਾਰਨ ਰੁਝਾਨ ਵਿਸ਼ਵ ਵਿੱਤੀ ਪ੍ਰਣਾਲੀ ਵਿੱਚ ਹੋ ਰਹੇ ਗਹਿਰੇ ਢਾਂਚਾਗਤ ਬਦਲਾਅ ਦੇ ਸੰਕੇਤਕ ਹਨ। ਇਨ੍ਹਾਂ ਵਿਲੱਖਣ ਕਾਰਕਾਂ ਦੀ ਪਛਾਣ ਕਰਨ ਲਈ ਡੂੰਘੇ ਵਿਸ਼ਲੇਸ਼ਣ ਦੀ ਲੋੜ ਹੈ।
ਸੰਕਟ ਵਿੱਚ ਸੋਨੇ ਦੀ ਇਤਿਹਾਸਕ ਮਜ਼ਬੂਤੀ: ਇਤਿਹਾਸ ਗਵਾਹ ਹੈ ਕਿ ਦੁਨੀਆ ਵਿੱਚ ਆਈ ਵੱਡੀ ਆਰਥਿਕ ਜਾਂ ਸਿਆਸੀ ਉਥਲ-ਪੁਥਲ ਦੌਰਾਨ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਵੀਹਵੀਂ ਸਦੀ ਦੇ ਇਤਿਹਾਸ ਵਿੱਚ ਤਿੰਨ ਵਾਰ ਅਜਿਹਾ ਦੌਰ ਆਇਆ, ਜਦੋਂ ਸੋਨੇ ਦੀਆਂ ਕੀਮਤਾਂ ਵਿੱਚ ਅਣਕਿਆਸਿਆ ਉਛਾਲ ਆਇਆ। ਪਹਿਲੀ ਵਾਰ ਸੰਨ 1933 ਦੀ ਮਹਾਂਮੰਦੀ ਦੌਰਾਨ ਅਜਿਹਾ ਵਾਪਰਿਆ, ਜਦੋਂ ਅਮਰੀਕੀ ਰਾਸ਼ਟਰਪਤੀ ਫਰੈਂਕਲਿਨ ਡੀ. ਰੂਜ਼ਵੈਲਟ ਦੇ ਕਾਰਜਕਾਰੀ ਆਦੇਸ਼ ਨੇ ਨਾਗਰਿਕਾਂ ਨੂੰ 20.67 ਡਾਲਰ ਪ੍ਰਤੀ ਔਂਸ ਕੀਮਤ ’ਤੇ ਸੋਨਾ ਸਰਕਾਰ ਨੂੰ ਵੇਚਣ ਲਈ ਮਜਬੂਰ ਕੀਤਾ। ਇਸ ਕਦਮ ਮਗਰੋਂ ਸੰਨ 1934 ਦਾ ਗੋਲਡ ਰਿਜ਼ਰਵ ਐਕਟ ਲਾਗੂ ਕੀਤਾ ਗਿਆ, ਜਿਸ ਤਹਿਤ ਸੋਨੇ ਦਾ ਅਧਿਕਾਰਤ ਮੁੱਲ ਵਧਾ ਕੇ 35 ਡਾਲਰ ਪ੍ਰਤੀ ਔਂਸ ਕਰ ਦਿੱਤਾ ਗਿਆ। ਇਹ ਨੀਤੀਗਤ ਤਬਦੀਲੀ ਸੋਨੇ ਦੀ ਕੀਮਤ ਵਿੱਚ ਲਗਭਗ 15 ਡਾਲਰ ਪ੍ਰਤੀ ਔਂਸ ਦੇ ਵਾਧੇ ਦਾ ਕਾਰਨ ਬਣੀ, ਜਿਸ ਨਾਲ ਅਮਰੀਕੀ ਡਾਲਰ ਦੀ ਕੀਮਤ ਸੋਨੇ ਦੇ ਮੁਕਾਬਲੇ ਘਟ ਗਈ। ਡਾਲਰ ਨੂੰ ਸਰਕਾਰ ਵੱਲੋਂ ਜਾਣਬੁੱਝ ਕੇ ਕਮਜ਼ੋਰ ਕੀਤਾ ਗਿਆ ਤਾਂ ਜੋ ਸਰਕਾਰ ਵੱਡੀ ਮਾਤਰਾ ਵਿੱਚ ਨਵੇਂ ਡਾਲਰ ਛਾਪ ਸਕੇ ਅਤੇ ਦੇਸ਼ ਵਿੱਚ ਨਕਦੀ ਦਾ ਪ੍ਰਵਾਹ ਵਧੇ। ਇਸ ਕਦਮ ਨਾਲ ਚੀਜ਼ਾਂ ਦੀਆਂ ਕੀਮਤਾਂ ਵਧਣ ਲੱਗੀਆਂ, ਜਿਸ ਨੇ ਲਗਾਤਾਰ ਘਟ ਰਹੀਆਂ ਕੀਮਤਾਂ ਦੇ ਚੱਕਰ ਨੂੰ ਤੋੜਿਆ। ਇਉਂ ਮਹਿੰਗਾਈ ਵਧਾ ਕੇ ਮੰਦੀ ਨੂੰ ਠੱਲ੍ਹ ਪਾਉਣ ਦੀ ਇਸ ਆਰਥਿਕ ਨੀਤੀ ਵਿੱਚ ਸੋਨੇ ਨੇ ਅਹਿਮ ਭੂਮਿਕਾ ਨਿਭਾਈ।
ਸੋਨੇ ਦੀ ਕੀਮਤ ਵਿੱਚ ਦੂਜੀ ਵਾਰ ਵੱਡੀ ਤੇਜ਼ੀ ਸਾਲ 1979 ਅਤੇ 1980 ਦੇ ਵਿਚਕਾਰ ਆਈ। ਦਰਅਸਲ, ਅਗਸਤ 1971 ਵਿੱਚ ਬ੍ਰੈਟਨ ਵੁੱਡਜ਼ ਗੋਲਡ ਸਟੈਂਡਰਡ ਦੇ ਅੰਤ ਤੋਂ ਬਾਅਦ ਸੰਸਾਰ ਭਰ ਦੀਆਂ ਮੁਦਰਾਵਾਂ ਨੂੰ ਸੋਨੇ ਨਾਲ ਜੁੜੇ ਇੱਕ ਸਥਿਰ ਵਟਾਂਦਰਾ ਦਰ ਤੋਂ ਮੁਕਤ ਕਰ ਦਿੱਤਾ ਗਿਆ ਸੀ। ਇਸ ਆਜ਼ਾਦੀ ਦੇ ਨਾਲ ਹੀ ਅਮਰੀਕਾ ਵਿੱਚ ਵੱਧ ਮਹਿੰਗਾਈ, ਤੇਲ ਸੰਕਟ ਅਤੇ ਇਰਾਨੀ ਕ੍ਰਾਂਤੀ ਵਰਗੇ ਭੂ-ਸਿਆਸੀ ਸੰਕਟ ਉਪਜੇ, ਜਿਸ ਕਾਰਨ ਸੋਨਾ ਇੱਕ ਜ਼ਰੂਰੀ ਮਹਿੰਗਾਈ ਵਿਰੋਧੀ ਉਪਾਅ ਬਣ ਗਿਆ। 1970ਵਿਆਂ ਦੌਰਾਨ ਨਿਵੇਸ਼ਕਾਂ ਨੇ ਤੇਜ਼ੀ ਨਾਲ ਮੁੱਲ ਗੁਆ ਰਹੀਆਂ ਮੁਦਰਾਵਾਂ ਤੋਂ ਸੁਰੱਖਿਆ ਲੈਣ ਵਾਸਤੇ ਸੋਨੇ ਵਿੱਚ ਨਿਵੇਸ਼ ਕੀਤਾ। ਨਤੀਜੇ ਵਜੋਂ ਸੋਨੇ ਦੀਆਂ ਕੀਮਤਾਂ ਲਗਭਗ 200 ਡਾਲਰ ਪ੍ਰਤੀ ਔਂਸ ਤੋਂ ਵਧ ਕੇ 850 ਡਾਲਰ ਪ੍ਰਤੀ ਔਂਸ (325 ਫ਼ੀਸਦੀ ਵਾਧਾ) ’ਤੇ ਪਹੁੰਚ ਗਈਆਂ। ਇਸ ਪ੍ਰਕਾਰ, ਸੋਨੇ ਨੇ ਮੁਦਰਾ ਦੇ ਡਿੱਗਣ ਅਤੇ ਕੀਮਤਾਂ ਦੀ ਅਸਥਿਰਤਾ ਤੋਂ ਮਜ਼ਬੂਤ ਸੁਰੱਖਿਆ ਪ੍ਰਦਾਨ ਕਰ ਕੇ ਆਪਣੀ ਸਾਖ ਹੋਰ ਮਜ਼ਬੂਤ ਕੀਤੀ। ਹਾਲ ਹੀ ਵਿੱਚ, 2008 ਦੇ ਵਿਸ਼ਵ ਵਿੱਤੀ ਸੰਕਟ ਦੌਰਾਨ ਸੋਨੇ ਦੀ ਕੀਮਤ ਵਿੱਚ ਵੱਡਾ ਉਛਾਲ ਆਇਆ। ਸ਼ੁਰੂਆਤੀ ਗਿਰਾਵਟ ਤੋਂ ਬਾਅਦ ਇਸ ਵਿੱਤੀ ਸੰਕਟ ਦੌਰਾਨ ਵੀ ਸੋਨੇ ਦੀਆਂ ਕੀਮਤਾਂ ਵਿੱਚ ਮਜ਼ਬੂਤ ਵਾਪਸੀ ਹੋਈ, ਜੋ ਸਾਲ 2008 ਦੇ ਅਖੀਰ ਵਿੱਚ ਲਗਭਗ 700 ਡਾਲਰ ਪ੍ਰਤੀ ਔਂਸ ਤੋਂ ਵਧ ਕੇ 2011 ਵਿੱਚ 1,900 ਡਾਲਰ ਪ੍ਰਤੀ ਔਂਸ (171 ਫ਼ੀਸਦੀ) ’ਤੇ ਪਹੁੰਚ ਗਿਆ। ਇਹ ਕਾਰਕ ਦਰਸਾਉਂਦੇ ਹਨ ਕਿ ਸੋਨਾ ਹਮੇਸ਼ਾ ਮੁਦਰਾ ਸੰਕਟਾਂ ਅਤੇ ਵਿੱਤੀ ਅਸਥਿਰਤਾ ਦੌਰਾਨ ਬਚਾਅ ਲਈ ਭਰੋਸੇਮੰਦ ਸਾਧਨ ਰਿਹਾ ਹੈ।
ਬੇਸ਼ੱਕ, ਸੰਕਟ ਸਮੇਂ ਸੋਨਾ ਚੜ੍ਹਦਾ ਹੈ, ਪਰ ਚਾਂਦੀ ਦੀ ਕੀਮਤ ਵੀ ਨਾਲ-ਨਾਲ ਤੇਜ਼ੀ ਨਾਲ ਉੱਪਰ ਜਾਂਦੀ ਹੈ। ਉਦਾਹਰਨ ਵਜੋਂ, 1934 ਵਿੱਚ ਸੋਨੇ ਦੀ ਕੀਮਤ ਵਿੱਚ 69 ਫ਼ੀਸਦੀ ਵਾਧਾ ਹੋਇਆ ਸੀ ਤਾਂ ਚਾਂਦੀ ਦੀ ਕੀਮਤ ਵੀ 0.25 ਤੋਂ 0.75 ਡਾਲਰ ਪ੍ਰਤੀ ਔਂਸ ਹੋ ਕੇ 187 ਫ਼ੀਸਦੀ ਵਧੀ ਸੀ। ਇਸੇ ਤਰ੍ਹਾਂ, 1979-80 ਦੌਰਾਨ ਸੋਨੇ ਦੀ ਕੀਮਤ ਵਿੱਚ 325 ਫ਼ੀਸਦੀ ਉਛਾਲ ਆਇਆ, ਜਦੋਂਕਿ ਚਾਂਦੀ 733 ਫ਼ੀਸਦੀ ਤੱਕ ਪਹੁੰਚ ਗਈ ਸੀ। 2008-11 ਦੇ ਵਿੱਤੀ ਸੰਕਟ ਵੇਲੇ ਵੀ ਸੋਨੇ (171 ਫ਼ੀਸਦੀ) ਨੂੰ ਪਛਾੜ, ਉਦਯੋਗਿਕ ਮੰਗ ਕਾਰਨ ਚਾਂਦੀ ਦੀ ਕੀਮਤ ਵਿੱਚ 447 ਫ਼ੀਸਦੀ ਵਾਧਾ ਹੋਇਆ ਸੀ। ਹੁਣ 2025 ਵਿੱਚ ਵੀ, ਸੋਨੇ ਦਾ ਮੁੱਲ ਜਨਵਰੀ ਤੋਂ 57 ਫ਼ੀਸਦੀ ਵਧਿਆ ਹੈ, ਚਾਂਦੀ ਦੀ ਚੜ੍ਹਤ 68 ਫ਼ੀਸਦੀ ਰਹੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸੋਨਾ ਤਾਂ ਸਿਰਫ਼ ਨਿਵੇਸ਼ਕਾਂ ਲਈ ਇੱਕ ਸੁਰੱਖਿਅਤ ਨਿਵੇਸ਼ ਹੈ, ਪਰ ਚਾਂਦੀ ਦੀ ਮੰਗ ਦੂਹਰੀ ਹੈ: ਵਿੱਤੀ ਸੁਰੱਖਿਆ ਦੇ ਨਾਲ ਨਾਲ ਹੁਣ ਚਾਂਦੀ ਗ੍ਰੀਨ ਐਨਰਜੀ ਅਤੇ ਮਸਨੂਈ ਬੌਧਿਕਤਾ ਦੇ ਖੇਤਰਾਂ ਵਿੱਚ ਵਰਤੀ ਜਾਣ ਵਾਲੀ ਜ਼ਰੂਰੀ ਧਾਤ ਵੀ ਹੈ। ਫਿਰ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਮੌਜੂਦਾ ਉਛਾਲ ਕਿਸੇ ਇੱਕ ਕਾਰਨ ਨਾਲ ਨਹੀਂ ਆਇਆ ਸਗੋਂ ਇਸ ਦੇ ਕਈ ਕਾਰਨ ਹਨ। ਇਹ ਵਿਸ਼ਵ ਮੁਦਰਾ ਭੰਡਾਰਾਂ ਬਾਰੇ ਇੱਕ ਵੱਡੇ ਮੁੜ ਵਿਚਾਰ ਅਤੇ ਵਧ ਰਹੇ ਆਰਥਿਕ ਸ਼ੰਕਿਆਂ ਨੂੰ ਦਰਸਾਉਂਦਾ ਹੈ।
ਅਸਾਧਾਰਨ ਵਾਧੇ ਪਿੱਛੇ ਕਾਰਨ: ਅਜੋਕੇ ਅਸਥਿਰ ਵਿੱਤੀ ਮਾਹੌਲ ਵਿੱਚ ਸੋਨੇ ਅਤੇ ਚਾਂਦੀ ਦੇ ਸੁਰੱਖਿਅਤ ਨਿਵੇਸ਼ ਵਜੋਂ ਵਾਪਸ ਆਉਣ ਪਿੱਛੇ ਮੁੱਖ ਕਾਰਨ ਹਨ ਬਦਲਦੀ ਭੂ-ਸਿਆਸਤ, ਕੇਂਦਰੀ ਬੈਂਕਾਂ ਦੇ ਫ਼ੈਸਲੇ, ਨਵੀਆਂ ਭੁਗਤਾਨ ਪ੍ਰਣਾਲੀਆਂ ਦਾ ਉਭਾਰ ਅਤੇ ਆਰਥਿਕ ਚਿੰਤਾਵਾਂ। ਖ਼ਾਸਕਰ 2022 ਵਿੱਚ ਯੂਕਰੇਨ ਯੁੱਧ ਤੋਂ ਬਾਅਦ ਅਮਰੀਕਾ ਅਤੇ ਯੂਰੋਪ ਵੱਲੋਂ ਰੂਸ ਦੇ ਡਾਲਰ ਭੰਡਾਰਾਂ ਨੂੰ ਜ਼ਬਤ ਕਰਨ ਨੇ ਸਾਬਤ ਕਰ ਦਿੱਤਾ ਕਿ ਇੱਕੋ ਮੁਦਰਾ ’ਤੇ ਬਹੁਤਾ ਨਿਰਭਰ ਰਹਿਣਾ ਖ਼ਤਰਨਾਕ ਹੈ। ਇਸ ਨੇ ਉੱਭਰਦੇ ਅਰਥਚਾਰਿਆਂ ਨੂੰ ਆਪਣੇ ਭੰਡਾਰਾਂ ਵਿੱਚ ਡਾਲਰ ਤੋਂ ਬਾਹਰ ਵਿਭਿੰਨਤਾ ਲਿਆਉਣ ਲਈ ਮਜਬੂਰ ਕੀਤਾ। ਨਿਰਪੱਖ, ਠੋਸ ਤੇ ਸਰਕਾਰਾਂ ਜਾਂ ਸਿਆਸਤ ਤੋਂ ਮੁਕਤ ਧਾਤ ਹੋਣ ਕਰਕੇ ਸੋਨਾ ਸਭ ਤੋਂ ਭਰੋਸੇਮੰਦ ਸੰਪਤੀ ਬਣ ਗਿਆ। ਸਿੱਟੇ ਵਜੋਂ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਪਿਛਲੇ ਤਿੰਨ ਸਾਲਾਂ (2022-2024) ਦੌਰਾਨ ਸਾਲਾਨਾ 1,000 ਟਨ ਤੋਂ ਵੱਧ ਦੀ ਸ਼ੁੱਧ ਖਰੀਦ ਕੀਤੀ। ਇਸ ਖਰੀਦ ਵਿੱਚ ਚੀਨ, ਪੋਲੈਂਡ, ਤੁਰਕੀ ਅਤੇ ਭਾਰਤ ਮੋਹਰੀ ਬਣ ਕੇ ਉੱਭਰੇ।
ਸੋਨੇ ਦੀ ਖਰੀਦ ਮੁੱਖ ਤੌਰ ’ਤੇ ਕੇਂਦਰੀ ਬੈਂਕਾਂ ਨੇ ਕੀਤੀ ਹੈ ਜਦੋਂਕਿ ਚਾਂਦੀ ਦੀ ਅਹਿਮੀਅਤ ਨੂੰ ਨਿੱਜੀ ਨਿਵੇਸ਼ਕਾਂ ਨੇ ਪਛਾਣਿਆ, ਜਿਨ੍ਹਾਂ ਨੇ ਵਿੱਤੀ ਅਨਿਸ਼ਚਿਤਤਾ ਤੋਂ ਬਚਾਅ ਲਈ 2025 ਦੇ ਅੱਧ ਤੱਕ ਦੁਨੀਆ ਭਰ ਦੇ ਚਾਂਦੀ ਵਾਲੇ ਫੰਡਾਂ ਵਿੱਚ ਰਿਕਾਰਡ 1.13 ਅਰਬ ਔਂਸ ਚਾਂਦੀ ਇਕੱਠੀ ਕਰ ਲਈ। ਹੁਣ ਚਾਂਦੀ ਦੀ ਮੰਗ ਉਦਯੋਗਿਕ ਖੇਤਰਾਂ, ਖ਼ਾਸਕਰ ਸੋਲਰ ਪੈਨਲ ਏ.ਆਈ. (AI) ਡੇਟਾ ਸੈਂਟਰਾਂ ਦੀ ਵਧਦੀ ਲੋੜ ਕਾਰਨ ਵੀ ਵਧ ਰਹੀ ਹੈ। ਚਾਂਦੀ ਦੀ ਪੂਰਤੀ ਕਰਨ ਵਾਲੇ ਕੁਦਰਤੀ ਸਰੋਤ ਸੀਮਤ ਹਨ (ਲਗਭਗ 70 ਫ਼ੀਸਦੀ ਚਾਂਦੀ ਹੋਰ ਧਾਤਾਂ ਦੀ ਖੁਦਾਈ ਦਾ ਉਪ-ਉਤਪਾਦ ਹੈ)। ਇਸ ਕਾਰਨ ਬਾਜ਼ਾਰ ਲਗਾਤਾਰ ਪੰਜਵੇਂ ਸਾਲ ਚਾਂਦੀ ਦੀ ਘਾਟ ਮਹਿਸੂਸ ਕਰ ਰਹੇ ਹਨ। ਆਉਣ ਵਾਲੇ ਸਮੇਂ ਦੌਰਾਨ ਵੀ ਜੇਕਰ ਚਾਂਦੀ ਦੀ ਪੂਰਤੀ ਘੱਟ ਅਤੇ ਇਸ ਦੀ ਮੰਗ ਵਧਦੀ ਰਹਿੰਦੀ ਹੈ ਤਾਂ ਚਾਂਦੀ ਦੀਆਂ ਕੀਮਤਾਂ ’ਚ ਹੋਰ ਇਜ਼ਾਫ਼ਾ ਹੋ ਸਕਦਾ ਹੈ।
ਇਨ੍ਹਾਂ ਕਾਰਨਾਂ ਤੋਂ ਇਲਾਵਾ, ਹੁਣ ਕਈ ਦੇਸ਼ ਦੂਜੇ ਦੇਸ਼ਾਂ ਨਾਲ ਵਪਾਰ ਕਰਕੇ ਪੈਸੇ ਭੇਜਣ ਲਈ ਇੱਕ ਨਵੀਂ ਪ੍ਰਣਾਲੀ ਵਰਤ ਰਹੇ ਹਨ। ਇਸ ਵਿੱਚ ਚੀਨ ਦਾ ਸੀਆਈਪੀਐੱਸ, ਰੂਸ ਦਾ ਐੱਸਪੀਐੱਫਐੱਸ ਅਤੇ ਭਾਰਤ ਦਾ ਯੂਪੀਆਈ ਵੀ ਸ਼ਾਮਿਲ ਹੈ। ਬ੍ਰਿਕਸ ਅਰਥਵਿਵਸਥਾਵਾਂ ਨੇ ਵੀ ਆਪਸ ਵਿੱਚ ਵਪਾਰ ਕਰਨ ਲਈ ਅਜਿਹੀ ਹੀ ਇੱਕ ਨਵੀਂ ਪ੍ਰਣਾਲੀ ਦੀ ਤਜਵੀਜ਼ ਰੱਖੀ ਹੈ। ਇਹ ਸਭ ਅਮਰੀਕੀ ਡਾਲਰ ਨੂੰ ਢਾਹ ਲਾਉਣ ਅਤੇ ਸਵਿਫਟ (SWIFT) ’ਤੇ ਨਿਰਭਰਤਾ ਘਟਾਉਣ ਲਈ ਕੀਤਾ ਜਾ ਰਿਹਾ ਹੈ। ਦਰਅਸਲ, ਯੂਕਰੇਨ ਉੱਤੇ ਕੀਤੇ ਹਮਲਿਆਂ ਤੋਂ ਬਾਅਦ ਅਮਰੀਕਾ ਤੇ ਯੂਰੋਪ ਨੇ ਨਾ ਸਿਰਫ਼ ਰੂਸ ਦੇ ਬੈਂਕਾਂ ਦੇ ਲਗਭਗ 300 ਅਰਬ ਡਾਲਰ ਰਿਜ਼ਰਵ ਜ਼ਬਤ ਕਰ ਲਏ ਸਨ ਸਗੋਂ ਰੂਸ ਦੇ ਵੱਡੇ ਬੈਂਕਾਂ ਨੂੰ ਸਵਿਫਟ ਪ੍ਰਣਾਲੀ ਤੋਂ ਕੱਢ ਦਿੱਤਾ ਸੀ, ਜਿਸ ਨਾਲ ਰੂਸ ਵਿਦੇਸ਼ੀ ਮੁਦਰਾ ਵਿੱਚ ਕੌਮਾਂਤਰੀ ਪੱਧਰ ’ਤੇ ਵਪਾਰ ਕਰਨ ਦੇ ਸਮਰੱਥ ਨਹੀਂ ਸੀ ਰਿਹਾ। ਜਦੋਂ ਦੇਸ਼ ਡਾਲਰ ਤੋਂ ਬਿਨਾਂ ਵਪਾਰ ਕਰਨ ਲਈ ਨਵੀਂ ਭੁਗਤਾਨ ਪ੍ਰਣਾਲੀ ਦਾ ਉਪਯੋਗ ਕਰਦੇ ਹਨ, ਉਹ ਅਕਸਰ ਇੱਕ ਦੂਜੇ ਦੀ ਮੁਦਰਾ ’ਤੇ ਪੂਰਾ ਭਰੋਸਾ ਨਹੀਂ ਕਰਦੇ। ਇਸ ਲਈ, ਆਮ ਤੌਰ ’ਤੇ ਸਥਿਰਤਾ ਬਣਾਈ ਰੱਖਣ ਲਈ ਸੋਨਾ ਜ਼ਰੂਰੀ ਬਣ ਜਾਂਦਾ ਹੈ। ਇਹ ਦੇਸ਼ਾਂ ਵਿਚਕਾਰ ਭੁਗਤਾਨਾਂ ਨੂੰ ਨਿਪਟਾਉਣ ਲਈ ਇੱਕ ਭਰੋਸੇਯੋਗ ਪੁਲ ਵਾਂਗ ਕੰਮ ਕਰਦਾ ਹੈ। ਵਧ ਰਹੇ ਸਿਆਸੀ ਜੋਖ਼ਮਾਂ, ਰਾਸ਼ਟਰੀ ਕਰਜ਼ਿਆਂ ਅਤੇ ਮਹਿੰਗਾਈ ਦੀਆਂ ਚਿੰਤਾਵਾਂ ਦੇ ਵਿਚਕਾਰ, ਬਹੁਤ ਸਾਰੇ ਨਿੱਜੀ ਨਿਵੇਸ਼ਕ ਸੋਨੇ ਦੇ ਫੰਡਾਂ ਵਿੱਚ ਵੀ ਪੈਸਾ ਲਗਾ ਰਹੇ ਹਨ। ਵੱਡੀਆਂ ਅਰਥਵਿਵਸਥਾਵਾਂ ਵਿੱਚ ਸਰਕਾਰਾਂ ਦੇ ਬੇਤਹਾਸ਼ਾ ਵਧਦੇ ਕਰਜ਼ਿਆਂ ਕਾਰਨ ਵੀ ਨਿਵੇਸ਼ਕਾਂ ਦਾ ਹੁਣ ਸਰਕਾਰੀ ਸਕੀਮਾਂ ਵਿੱਚ ਨਿਵੇਸ਼ ਅਤੇ ਰਵਾਇਤੀ ਵਿੱਤੀ ਪ੍ਰਣਾਲੀਆਂ ਵਿੱਚ ਭਰੋਸਾ ਡਗਮਗਾ ਰਿਹਾ ਹੈ। ਜਿਉਂ-ਜਿਉਂ ਕਾਗਜ਼ੀ ਮੁਦਰਾਵਾਂ ਵਿੱਚ ਵਿਸ਼ਵਾਸ ਘਟਦਾ ਜਾ ਰਿਹਾ ਹੈ, ਨਿਵੇਸ਼ਕਾਂ ਵੱਲੋਂ ਡਾਲਰ ਅਤੇ ਰਵਾਇਤੀ ਬੈਂਕਿੰਗ ਪ੍ਰਣਾਲੀਆਂ ਦੇ ਵਿਕਲਪ ਵਜੋਂ ਕ੍ਰਿਪਟੋਕਰੰਸੀ ਵਿੱਚ ਵੀ ਰੁਚੀ ਵਧ ਰਹੀ ਹੈ, ਪਰ ਅੱਜ ਵੀ ਵਧੇਰੇ ਲੋਕ, ਨਿਵੇਸ਼ਕ ਅਤੇ ਕੇਂਦਰੀ ਬੈਂਕ ਸੁਰੱਖਿਆ ਲਈ ਸੋਨੇ ਅਤੇ ਚਾਂਦੀ ਵੱਲ ਰੁਖ਼ ਕਰ ਰਹੇ ਹਨ।
ਸੰਭਾਵੀ ਨਤੀਜੇ ਅਤੇ ਅਗਾਂਹ ਦਾ ਰਾਹ: ਜੇਕਰ ਸੋਨੇ ਦੀ ਕੀਮਤ 5,000 ਡਾਲਰ ਪ੍ਰਤੀ ਔਂਸ ਤੋਂ ਉੱਪਰ ਜਾਂਦੀ ਹੈ ਤਾਂ ਇਹ ਅਮਰੀਕੀ ਡਾਲਰ ਵਿੱਚ ਲੋਕਾਂ ਦਾ ਵਿਸ਼ਵਾਸ ਘਟਣ ਦਾ ਸੰਕੇਤ ਹੋਵੇਗਾ। ਜਿਉਂ-ਜਿਉਂ ਡਾਲਰ ’ਤੇ ਭਰੋਸਾ ਕਮਜ਼ੋਰ ਹੋਵੇਗਾ, ਹੋਰ ਦੇਸ਼ ਵਪਾਰ ਲਈ ਆਪਣੀਆਂ ਸਥਾਨਕ ਮੁਦਰਾਵਾਂ ਦੀ ਵਰਤੋਂ ਕਰਨਗੇ, ਜਿਸ ਨਾਲ ਖੇਤਰੀ ਅਰਥਚਾਰੇ ਮਜ਼ਬੂਤ ਹੋਣਗੇ। ਉਦਾਹਰਨ ਲਈ, ਰੂਸ ਅਤੇ ਚੀਨ ਨੇ 2014 ਤੋਂ ਆਪਣੀਆਂ ਮੁਦਰਾਵਾਂ ਵਿੱਚ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ 2023 ਤੱਕ ਲਗਭਗ 90 ਫ਼ੀਸਦੀ ਵਪਾਰ ਯੁਆਨ ਜਾਂ ਰੂਬਲ ਵਿੱਚ ਹੁੰਦਾ ਸੀ। ਭਾਰਤ ਨੇ ਵੀ ਹਾਲ ਹੀ ਵਿੱਚ ਰੂਸੀ ਤੇਲ ਆਯਾਤ ਦਾ ਲਗਭਗ 40 ਫ਼ੀਸਦੀ ਭੁਗਤਾਨ ਰੁਪਏ ਵਿੱਚ ਕੀਤਾ ਹੈ। ਜਦੋਂ ਦੇਸ਼ ਡਾਲਰ ਤੋਂ ਕਿਨਾਰਾ ਕਰਦੇ ਹਨ ਤਾਂ ਉਹ ਸਿਰਫ਼ ਸੋਨੇ ਵੱਲ ਹੀ ਨਹੀਂ ਦੇਖਦੇ, ਸਗੋਂ ਸੋਨਾ, ਚਾਂਦੀ ਅਤੇ ਹੋਰ ਵਿਕਲਪਾਂ ਨੂੰ ਵਪਾਰਕ ਭੁਗਤਾਨ ਪ੍ਰਣਾਲੀ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ। ਭਾਵੇਂ ਥੋੜ੍ਹੇ ਸਮੇਂ ਲਈ ਸੋਨੇ-ਚਾਂਦੀ ਦੀਆਂ ਕੀਮਤਾਂ ਡਿੱਗ ਰਹੀਆਂ ਹਨ, ਪਰ ਕੇਂਦਰੀ ਬੈਂਕਾਂ ਵੱਲੋਂ ਲਗਾਤਾਰ ਖਰੀਦ ਤੇ ਉਦਯੋਗਾਂ ਵਿੱਚ ਵਧਦੀ ਲੋੜ ਕਾਰਨ ਅਸਲ ਮੰਗ ਬਹੁਤ ਮਜ਼ਬੂਤ ਹੈ। ਇਹ ਗਿਰਾਵਟ ਸਿਰਫ਼ ਛੋਟਾ ਜਿਹਾ ਵਿਰਾਮ ਹੈ - ਜਲਦੀ ਵਾਪਸ ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ।
* ਐਸੋਸੀਏਟ ਪ੍ਰੋਫੈਸਰ, ਐਮਿਟੀ ਯੂਨੀਵਰਸਿਟੀ।
ਸੰਪਰਕ: 79860-36776

