ਨਸਲੀ ਵਿਤਕਰਾ ਤੇ ਹਿੰਸਾ
ਅਨੇਕਤਾ ’ਚ ਏਕਤਾ- ਕੀ ਭਾਰਤ ਵਿੱਚ ਇਹ ਇੱਕ ਜਿਊਂਦੀ-ਜਾਗਦੀ ਹਕੀਕਤ ਹੈ ਜਾਂ ਮਹਿਜ਼ ਭੁਲੇਖਾ? ਸੁਪਰੀਮ ਕੋਰਟ ਨੇ ਇਸ ਗੱਲ ’ਤੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੇ ਆਪਣੇ ਹੀ ਹਮਵਤਨਾਂ ਵੱਲੋਂ ਸੱਭਿਆਚਾਰਕ ਤੇ ਨਸਲੀ ਫ਼ਰਕਾਂ ਕਰ ਕੇ...
ਅਨੇਕਤਾ ’ਚ ਏਕਤਾ- ਕੀ ਭਾਰਤ ਵਿੱਚ ਇਹ ਇੱਕ ਜਿਊਂਦੀ-ਜਾਗਦੀ ਹਕੀਕਤ ਹੈ ਜਾਂ ਮਹਿਜ਼ ਭੁਲੇਖਾ? ਸੁਪਰੀਮ ਕੋਰਟ ਨੇ ਇਸ ਗੱਲ ’ਤੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੇ ਆਪਣੇ ਹੀ ਹਮਵਤਨਾਂ ਵੱਲੋਂ ਸੱਭਿਆਚਾਰਕ ਤੇ ਨਸਲੀ ਫ਼ਰਕਾਂ ਕਰ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੇਰਲ ਦੇ ਦੋ ਵਿਦਿਆਰਥੀਆਂ ਨੂੰ ਚੋਰੀ ਦਾ ਦੋਸ਼ ਲਾ ਕੇ ਕਥਿਤ ਤੌਰ ’ਤੇ 24 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਸਥਾਨਕ ਨਿਵਾਸੀਆਂ ਅਤੇ ਪੁਲੀਸ ਦੁਆਰਾ ਕੁੱਟਿਆ ਗਿਆ; ਉਨ੍ਹਾਂ ਨੂੰ ਹਿੰਦੀ ਬੋਲਣ ਲਈ ਵੀ ਮਜਬੂਰ ਕੀਤਾ ਗਿਆ ਅਤੇ ਉਨ੍ਹਾਂ ਦੇ ਰਾਜ ਦੇ ਰਵਾਇਤੀ ਪਹਿਰਾਵੇ ਲੁੰਗੀ/ਮੁੰਡੂ ਪਹਿਨਣ ਲਈ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ।
ਦੁੱਖ ਦੀ ਗੱਲ ਹੈ ਕਿ ਇਸ ਘਟਨਾ ਨੇ ਦੇਸ਼ ਭਰ ਵਿੱਚ ਰੋਸ ਪੈਦਾ ਨਹੀਂ ਕੀਤਾ, ਜਦਕਿ ਇਸ ਦੇ ਉਲਟ ਜਦੋਂ ਪੱਛਮੀ ਸੰਸਾਰ ਵਿੱਚ ਭਾਰਤੀਆਂ ਨੂੰ ਨਸਲੀ ਦੁਰਵਿਹਾਰ ਅਤੇ ਹਿੰਸਾ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਤਾਂ ਕਾਫ਼ੀ ਹੰਗਾਮਾ ਹੁੰਦਾ ਹੈ।
ਅਦਾਲਤ ਨੇ ਰਾਸ਼ਟਰੀ ਰਾਜਧਾਨੀ ਵਿੱਚ ਉੱਤਰ-ਪੂਰਬ ਦੇ ਲੋਕਾਂ ’ਤੇ ਹੋਏ ਲੜੀਵਾਰ ਹਮਲਿਆਂ ਤੋਂ ਬਾਅਦ ਦਹਾਕਾ ਪਹਿਲਾਂ ਦਾਇਰ ਕੀਤੀ ਗਈ ਪਟੀਸ਼ਨ ਦੀ ਸੁਣਵਾਈ ਕਰਦਿਆਂ ਇਸ ਪ੍ਰੇਸ਼ਾਨ ਕਰਨ ਵਾਲੇ ਘਟਨਾਕ੍ਰਮ ਦਾ ਜ਼ਿਕਰ ਕੀਤਾ। ਸਭ ਤੋਂ ਜ਼ਿਆਦਾ ਉੱਭਰਿਆ ਮਾਮਲਾ ਅਰੁਣਾਚਲ ਪ੍ਰਦੇਸ਼ ਦੇ ਵਿਦਿਆਰਥੀ ਨਿਡੋ ਤਾਨੀਆ ਦਾ ਸੀ- ਉਸ ਦੀ 2014 ਵਿੱਚ ਦੁਕਾਨਦਾਰਾਂ ਨਾਲ ਲੜਾਈ ਤੋਂ ਬਾਅਦ ਮੌਤ ਹੋ ਗਈ ਸੀ ਜਿਨ੍ਹਾਂ ਨੇ ਉਸ ਦੇ ਵਾਲਾਂ ਦੇ ਅੰਦਾਜ਼ ਦਾ ਮਜ਼ਾਕ ਉਡਾਇਆ ਸੀ। ਅਦਾਲਤ ਦੇ ਨਿਰਦੇਸ਼ਾਂ ’ਤੇ, ਕੇਂਦਰ ਨੇ ਨਫ਼ਰਤੀ ਅਪਰਾਧਾਂ ਅਤੇ ਨਸਲੀ ਵਿਤਕਰੇ ਦੇ ਨਾਲ-ਨਾਲ ਹਿੰਸਾ ਦੇ ਮਾਮਲਿਆਂ ਨਾਲ ਨਜਿੱਠਣ ਲਈ ਇੱਕ ਨਿਗਰਾਨ ਕਮੇਟੀ ਦਾ ਗਠਨ ਕੀਤਾ ਸੀ। ਹਾਲਾਂਕਿ, ਪਟੀਸ਼ਨਕਰਤਾ ਨੇ ਦਾਅਵਾ ਕੀਤਾ ਹੈ ਕਿ ਇਹ ਕਮੇਟੀ, ਜਿਸ ਨੂੰ ਤਿਮਾਹੀ ਆਧਾਰ ’ਤੇ ਮੀਟਿੰਗਾਂ ਕਰਨੀਆਂ ਚਾਹੀਦੀਆਂ ਹਨ, ਨੇ ਨੌਂ ਸਾਲਾਂ ਵਿੱਚ ਸਿਰਫ਼ 14 ਵਾਰ ਹੀ ਮੀਟਿੰਗ ਕੀਤੀ ਹੈ। ਇਹ ਇਸ ਖ਼ਤਰੇ ਨੂੰ ਰੋਕਣ ਅਤੇ ‘ਅਨੇਕਤਾ ਵਿਚ ਏਕਤਾ’ ਨੂੰ ਉਤਸ਼ਾਹਿਤ ਕਰਨ ਪ੍ਰਤੀ ਸਰਕਾਰ ਦੀ ਅੱਧੀ-ਅਧੂਰੀ ਪਹੁੰਚ ਨੂੰ ਦਰਸਾਉਂਦਾ ਹੈ।
ਇਸ ਸਾਲ ਦੇ ਸ਼ੁਰੂ ਵਿੱਚ, ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਕਸ਼ਮੀਰੀ ਵਿਦਿਆਰਥੀਆਂ ਅਤੇ ਵਪਾਰੀਆਂ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਸੀ। ਸਾਥੀ ਦੇਸ਼ਵਾਸੀਆਂ ਨਾਲ ਕਿਸੇ-ਨਾ-ਕਿਸੇ ਬਹਾਨੇ ‘ਬਾਹਰਲਿਆਂ’ ਜਾਂ ‘ਦੇਸ਼ਧ੍ਰੋਹੀਆਂ’ ਵਰਗਾ ਵਿਹਾਰ ਕਰਨਾ ਇੱਕ ਅਜਿਹਾ ਰੁਝਾਨ ਹੈ ਜੋ ਸਾਡੇ ਲੋਕਤੰਤਰ ਅਤੇ ਧਰਮ ਨਿਰਪੱਖ ਤਾਣੇ-ਬਾਣੇ ਲਈ ਬਹੁਤ ਮਾੜਾ ਹੈ। ਸਰਵਉੱਚ ਅਦਾਲਤ ਨੇ ਬਿਲਕੁਲ ਸਹੀ ਕਿਹਾ ਹੈ, ‘‘ਅਸੀਂ ਇਕ ਦੇਸ਼ ਹਾਂ।’’ ਹਰੇਕ ਭਾਰਤ ਵਾਸੀ ਨੂੰ ਚਾਹੀਦਾ ਹੈ ਕਿ ਉਹ ਇਸ ਸਾਧਾਰਨ ਜਿਹੀ ਪਰ ਗਹਿਰੀ ਸੱਚਾਈ ਨੂੰ ਹਰ ਤਰ੍ਹਾਂ ਦੇ ਮਤਭੇਦਾਂ ਤੋਂ ਉੱਪਰ ਉੱਠ ਕੇ ਅਪਣਾਏ। ਇੱਕ ਅਜਿਹਾ ਰਾਸ਼ਟਰ ਜੋ ‘ਵਸੂਧੈਵ ਕੁਟੁੰਬਕਮ’ (ਸਾਰੀ ਦੁਨੀਆ ਇੱਕ ਪਰਿਵਾਰ ਹੈ) ਨੂੰ ਆਪਣਾ ਮਾਰਗਦਰਸ਼ਕ ਸਿਧਾਂਤ ਮੰਨਦਾ ਹੈ, ਉਸ ਨੂੰ ਸਭ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਰੇ ਭਾਰਤੀ ਸ਼ਾਂਤੀ ਅਤੇ ਸਦਭਾਵਨਾ ਨਾਲ ਇਕੱਠੇ ਰਹਿਣ।

