ਕੁਆਡ ਦੀ ਕਮਜ਼ੋਰੀ
ਕੁਆਡ ਦੇ ਵਿਦੇਸ਼ ਮੰਤਰੀਆਂ ਦੀ ਮੰਗਲਵਾਰ ਨੂੰ ਵਾਸ਼ਿੰਗਟਨ ਵਿੱਚ ਹੋਈ ਮੁਲਾਕਾਤ ਤੋਂ ਬਾਅਦ ਜਾਰੀ ਕੀਤਾ ਗਿਆ ਬਿਆਨ ਸਿਰਫ਼ ਇਸ ਲਈ ਅਹਿਮ ਨਹੀਂ ਹੈ ਕਿ ਇਸ ਵਿੱਚ ਕੀ ਕਿਹਾ ਗਿਆ ਹੈ ਸਗੋਂ ਇਸ ਲਈ ਓਨਾ ਹੀ ਅਹਿਮ ਹੈ ਕਿ ਕੀ ਨਹੀਂ ਕਿਹਾ ਗਿਆ। ਚਾਰ ਮੁੱਖ ਲੋਕਰਾਜੀ ਮੁਲਕਾਂ- ਭਾਰਤ, ਅਮਰੀਕਾ, ਆਸਟਰੇਲੀਆ ਤੇ ਜਪਾਨ, ਦੇ ਇਸ ਸਮੂਹ ਨੇ ਸਪੱਸ਼ਟ ਰੂਪ ਵਿੱਚ ਦਹਿਸ਼ਤਵਾਦ ਅਤੇ ਸਰਹੱਦ ਪਾਰ ਦਹਿਸ਼ਤਵਾਦ ਸਮੇਤ ਹਿੰਸਕ ਅਤਿਵਾਦ ਦੀਆਂ ਸਾਰੀਆਂ ਕਾਰਵਾਈਆਂ ਦੀ ਨਿੰਦਾ ਕੀਤੀ ਹੈ ਅਤੇ ਦਹਿਸ਼ਤਵਾਦ ਦੇ ਟਾਕਰੇ ਲਈ ਸਹਿਯੋਗ ਲਈ ਵਚਨਬੱਧਤਾ ਮੁੜ ਦਰਸਾਈ ਗਈ ਹੈ। ਭਾਰਤ ਲਈ ਇਹ ਧਰਵਾਸ ਵਾਲੀ ਗੱਲ ਰਹੀ ਕਿ ਕੁਆਡ ਨੇ ਪਹਿਲਗਾਮ ਅਤਿਵਾਦੀ ਹਮਲੇ ਦੀ ਸਖ਼ਤ ਲਫ਼ਜ਼ਾਂ ਵਿੱਚ ਨਿਖੇਧੀ ਕੀਤੀ ਅਤੇ ਇਸ ਘਿਨਾਉਣੇ ਕਾਰੇ ਨੂੰ ਅੰਜ਼ਾਮ ਦੇਣ ਅਤੇ ਇਸ ਲਈ ਵਿੱਤੀ ਇਮਦਾਦ ਮੁਹੱਈਆ ਕਰਾਉਣ ਵਾਲਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹੇ ਕਰਨ ਦਾ ਸੱਦਾ ਦਿੱਤਾ ਹੈ। ਕੁਆਡ ਦੇ ਸਾਂਝੇ ਬਿਆਨ ਵਿੱਚ ਕੀਤੀਆਂ ਇਹ ਟਿੱਪਣੀਆਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਸਟੈਂਡ ਨਾਲ ਮੇਲ ਖਾਂਦੀਆਂ ਹਨ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ 22 ਅਪਰੈਲ ਨੂੰ ਕੀਤੀਆਂ ਗਈਆਂ ਹੱਤਿਆਵਾਂ ਲਈ ਕਸੂਰਵਾਰਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।
ਭਾਰਤ ਲਈ ਮਾਯੂਸਕੁਨ ਗੱਲ ਇਹ ਹੈ ਕਿ ਸਾਂਝੇ ਬਿਆਨ ਵਿੱਚ ਨਾ ਪਾਕਿਸਤਾਨ ਦਾ ਕੋਈ ਜ਼ਿਕਰ ਕੀਤਾ ਗਿਆ ਅਤੇ ਨਾ ਹੀ ਭਾਰਤ ਵੱਲੋਂ ਬਦਲੇ ਵਜੋਂ ਕੀਤੀ ਫ਼ੌਜੀ ਕਾਰਵਾਈ ‘ਅਪਰੇਸ਼ਨ ਸਿੰਧੂਰ’ ਦਾ ਹੀ ਕੋਈ ਹਵਾਲਾ ਦਿੱਤਾ ਗਿਆ ਹੈ ਜਿਸ ਰਾਹੀਂ ਗੁਆਂਢੀ ਮੁਲਕ ਵਿੱਚ ਦਹਿਸ਼ਤਗਰਦੀ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਭਾਰਤ ਸ਼ੁਰੂ ਤੋਂ ਇਹ ਕਹਿ ਰਿਹਾ ਸੀ ਕਿ ਪਹਿਲਗਾਮ ਕਤਲੇਆਮ ਉੱਪਰ ਸਰਹੱਦ ਪਾਰ ਮੋਹਰ ਲੱਗੀ ਹੋਈ ਹੈ ਪਰ ਇਸ ਦੇ ਕਰੀਬੀ ਮੁਲਕਾਂ ਵੱਲੋਂ ਵੀ ਪਾਕਿਸਤਾਨ ਦਾ ਨਾਂ ਲੈ ਕੇ ਉਸ ਨੂੰ ਸ਼ਰਮਿੰਦਾ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ; ਖ਼ਾਸ ਤੌਰ ’ਤੇ ਅਮਰੀਕਾ ਨੰਗੇ ਚਿੱਟੇ ਰੂਪ ਵਿੱਚ ਦੋਹਰੀ ਖੇਡ ਖੇਡ ਰਿਹਾ ਹੈ। ਹਾਲਾਂਕਿ ਭਾਰਤ ਇਹ ਗੱਲ ਜ਼ੋਰ ਦੇ ਕੇ ਆਖ ਰਿਹਾ ਸੀ ਕਿ ਦਹਿਸ਼ਤਗਰਦੀ ਨੂੰ ਸ਼ਹਿ ਦੇਣ ਅਤੇ ਇਸ ਦੇ ਪੀੜਤਾਂ ਨੂੰ ਇੱਕੋ ਤੱਕੜੀ ਵਿੱਚ ਤੋਲਿਆ ਨਹੀਂ ਜਾ ਸਕਦਾ ਪਰ ਇਸ ਦੇ ਬਾਵਜੂਦ ਟਰੰਪ ਪ੍ਰਸ਼ਾਸਨ ਨੇ ਹਾਲੀਆ ਹਫ਼ਤਿਆਂ ਵਿੱਚ ਪਾਕਿਸਤਾਨ ਦੇ ਥਲ ਸੈਨਾ ਮੁਖੀ ਆਸਿਮ ਮੁਨੀਰ ਅਤੇ ਹਵਾਈ ਸੈਨਾ ਮੁਖੀ ਜ਼ਹੀਰ ਅਹਿਮਦ ਬਾਬਰ ਸਿੱਧੂ ਦੀ ਮੇਜ਼ਬਾਨੀ ਕੀਤੀ। ਇਹੀ ਨਹੀਂ ਸਗੋਂ ਅਮਰੀਕਾ ਵੱਲੋਂ ਪਾਕਿਸਤਾਨ ਦੀਆਂ ਦਹਿਸ਼ਤਗਰਦੀ ਵਿਰੋਧੀ ਪਹਿਲਕਦਮੀਆਂ ਦੀ ਸ਼ਲਾਘਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਆਸਟਰੇਲੀਆ ਅਤੇ ਜਪਾਨ ਨੇ ਪਾਕਿਸਤਾਨ ਖ਼ਿਲਾਫ਼ ਭਾਰਤ ਦਾ ਡਟ ਕੇ ਸਾਥ ਦੇਣ ਦੀ ਥਾਂ ਇਸ ਮਾਮਲੇ ਵਿੱਚ ਬਚ-ਬਚ ਕੇ ਕਦਮ ਪੁੱਟੇ ਹਨ।
ਭਾਰਤ ਇਸ ਸਾਲ ਕੁਆਡ ਦੇ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਅਤੇ ਇਸ ਲਈ ਪ੍ਰੇਸ਼ਾਨੀ ਦੀ ਇੱਕ ਹੋਰ ਗੱਲ ਇਹ ਹੈ ਕਿ ਇਸ ਸਮੂਹ ਦੇ ਮੈਂਬਰਾਂ ਦਰਮਿਆਨ ਦੁਫੇੜ ਪੈ ਗਈ ਹੈ। ਜਪਾਨ ਅਤੇ ਆਸਟਰੇਲੀਆ ਜੋ ਅਮਰੀਕਾ ਦੇ ਕਰੀਬੀ ਸਹਿਯੋਗੀ ਹਨ, ਨੇ ਹਾਲੀਆ ਨਾਟੋ ਸਿਖਰ ਸੰਮੇਲਨ ਵਿੱਚ ਸ਼ਿਰਕਤ ਨਹੀਂ ਕੀਤੀ। ਕੁਆਡ ਨੂੰ ਹਿੰਦ-ਪ੍ਰਸ਼ਾਂਤ ਖਿੱਤੇ ਅੰਦਰ ਚੀਨ ਦਾ ਟਾਕਰਾ ਕਰਨ ਵਾਲੇ ਸਮੂਹ ਵਜੋਂ ਦੇਖਿਆ ਜਾਂਦਾ ਹੈ ਅਤੇ ਇਸ ਅੰਦਰ ਮਤਭੇਦ ਪੈਦਾ ਹੋਣ ਕਰ ਕੇ ਇਹ ਕਮਜ਼ੋਰ ਪੈ ਸਕਦਾ ਹੈ। ਇਸ ਨੂੰ ਠੀਕ ਕੀਤੇ ਬਿਨਾਂ ਕੁਆਡ ਨੂੰ ਪਾਕਿਸਤਾਨ ਦੀ ਸ਼ਹਿਯਾਫ਼ਤਾ ਦਹਿਸ਼ਤਗਰਦੀ ਖ਼ਿਲਾਫ਼ ਇੱਕ ਮੰਚ ਦੇ ਰੂਪ ਵਿੱਚ ਇਸਤੇਮਾਲ ਕਰਨ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਦਾ ਕੋਈ ਸਿੱਟਾ ਨਹੀਂ ਨਿਕਲ ਸਕਦਾ।