DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫਰਾਂਸ ਦੇ ਵਾਅਦੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਫਰਾਂਸ ਫੇਰੀ ਦੌਰਾਨ ਜਾਰੀ ਕੀਤੇ ਗਏ ਦਸਤਾਵੇਜ਼ ‘ਦਿਸਹੱਦੇ 2047’ (ਹੌਰਾਈਜ਼ਨ 2047) ਵਿਚ ਵਾਅਦਿਆਂ ਦੀ ਲੰਮੀ ਸੂਚੀ ਸ਼ਾਮਿਲ ਕੀਤੀ ਗਈ ਹੈ। ਭਾਰਤ ਨੂੰ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਦੂਜੇ ਸਭ ਤੋਂ ਵੱਡੇ ਮੁਲਕ ਫਰਾਂਸ ਨੇ...
  • fb
  • twitter
  • whatsapp
  • whatsapp
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਫਰਾਂਸ ਫੇਰੀ ਦੌਰਾਨ ਜਾਰੀ ਕੀਤੇ ਗਏ ਦਸਤਾਵੇਜ਼ ‘ਦਿਸਹੱਦੇ 2047’ (ਹੌਰਾਈਜ਼ਨ 2047) ਵਿਚ ਵਾਅਦਿਆਂ ਦੀ ਲੰਮੀ ਸੂਚੀ ਸ਼ਾਮਿਲ ਕੀਤੀ ਗਈ ਹੈ। ਭਾਰਤ ਨੂੰ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਦੂਜੇ ਸਭ ਤੋਂ ਵੱਡੇ ਮੁਲਕ ਫਰਾਂਸ ਨੇ ਪ੍ਰਧਾਨ ਮੰਤਰੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੂੰ ਇਸ ਫੇਰੀ ਦੌਰਾਨ ਦੋਹਰਾ ਮਾਣ-ਸਨਮਾਨ ਮਿਲਿਆ। ਉਨ੍ਹਾਂ ਨੂੰ ਬੈਸਟਿਲ ਡੇਅ ਪਰੇਡ ਵਿਚ ਸਤਿਕਾਰਤ ਮਹਿਮਾਨ ਵਜੋਂ ਮਾਣ ਦਿੱਤਾ ਗਿਆ ਅਤੇ ਮੁਲਕ ਦੇ ਸਭ ਤੋਂ ਵੱਡੇ ਸਨਮਾਨ ਨਾਲ ਨਿਵਾਜਿਆ ਗਿਆ ਪਰ ਇਸ ਦੇ ਨਾਲ ਨਾਲ ਫਰਾਂਸ ਨੇ ਕੁਝ ਵੱਡੇ ਰੱਖਿਆ ਸੌਦਿਆਂ ਤੋਂ ਹੱਥ ਖਿੱਚ ਲਿਆ। ਇਸ ਫੇਰੀ ਦੌਰਾਨ ਫ਼ੌਜੀ ਗਰੇਡ ਦੇ ਹਵਾਬਾਜ਼ੀ ਇੰਜਣ ਵਿਕਸਿਤ ਕਰਨ ਵਿਚ ਭਾਰਤ ਦੀਆਂ ਕਮਜ਼ੋਰੀਆਂ ਨੂੰ ਹੱਲ ਕਰਨ ਉੱਤੇ ਜ਼ਿਆਦਾ ਜ਼ੋਰ ਦਿੱਤਾ ਗਿਆ।

‘ਹੌਰਾਈਜ਼ਨ 2047’ ਦੋਵਾਂ ਮੁਲਕਾਂ ਵਿਚਕਾਰ 2016 ਵਿਚ ਹੋਈ ਅਜਿਹੀ ਹੀ ਧੂਮ-ਧੜੱਕੇ ਵਾਲੀ ਗੱਲਬਾਤ ਵਿਚ ਕੀਤੇ ਵਾਅਦਿਆਂ ਨੂੰ ਚੇਤੇ ਕਰਾਉਂਦਾ ਹੈ। ਉਸ ਗੱਲਬਾਤ ਨੂੰ ਸੱਤ ਸਾਲ ਹੋ ਗਏ ਹਨ। ਇਸ ਦੇ ਬਾਵਜੂਦ ਚੰਡੀਗੜ੍ਹ-ਦਿੱਲੀ ਸਫ਼ਰ ਨੂੰ ਇਕ ਘੰਟਾ ਘਟਾਉਣ ਸਬੰਧੀ ਫਰਾਂਸ ਦੀ ਸਹਾਇਤਾ ਨਾਲ ਚੱਲਣ ਵਾਲੀ ਰੇਲ ਗੱਡੀ ਦੀ ਉਡੀਕ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਤਾਰਾਮੰਡਲ ਉਪਗ੍ਰਹਿਆਂ ਦੇ ਜਿਹੜੇ ਤ੍ਰਿਸ਼ਨਾ ਮਿਸ਼ਨ (TRISHNA Mission) ਦਾ ਜ਼ਿਕਰ 2023 ਦੇ ਸਾਂਝੇ ਬਿਆਨ ਵਿਚ ਆਇਆ ਹੈ, ਉਸ ਤਰ੍ਹਾਂ ਦਾ ਜ਼ਿਕਰ 2018 ਦੇ ‘ਸਾਂਝੇ ਬਿਆਨ’ ਵਿਚ ਵੀ ਸੀ। ਇਸ ਸਭ ਕੁਝ ਨੂੰ ਸਮਾਂਬੱਧ ਤਰੀਕੇ ਨਾਲ ਕਰਨ ਦੇ ਖ਼ਾਕੇ ਵੀ ਜ਼ਿਆਦਾ ਮਦਦਗਾਰ ਸਾਬਤ ਨਹੀਂ ਹੋਏ। ਇਸੇ ਤਰ੍ਹਾਂ ਸਾਈਬਰ ਸੁਰੱਖਿਆ ਅਤੇ ਡਿਜੀਟਲ ਤਕਨਾਲੋਜੀ ਸਬੰਧੀ 2019 ਦੇ ਭਾਰਤ-ਫਰਾਂਸ ਰੋਡਮੈਪ ਸਬੰਧੀ ਸਹਿਯੋਗ ਵੀ ਹਾਲੇ ਸ਼ੁਰੂ ਹੋਣਾ ਹੈ।

Advertisement

ਉਂਝ ਇਨ੍ਹਾਂ ਵਿਚਕਾਰਲੇ ਸਾਲਾਂ ਦੌਰਾਨ ਦੋਵੇਂ ਧਿਰਾਂ ਨੇ ਸਾਂਝ ਦੀ ਭਾਵਨਾ ਨੂੰ ਜ਼ਰੂਰ ਉਭਾਰਿਆ ਹੈ। ਭਾਰਤ ਚੀਨ ਦੀ ਚੁਣੌਤੀ ਕਾਰਨ ਭਵਿੱਖ ਵਿਚ ਹਥਿਆਰ ਪ੍ਰਾਪਤ ਕਰਨ ਲਈ ਰੂਸ ਉੱਤੇ ਭਰੋਸਾ ਨਾ ਕੀਤੇ ਜਾ ਸਕਣ ਵਾਲੀ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ। ਇਸ ਕਾਰਨ ਭਾਰਤ ਹੋਰਨਾਂ ਆਲਮੀ ਤਾਕਤਾਂ ਨਾਲ ਰੱਖਿਆ ਅਤੇ ਆਰਥਿਕ ਰਿਸ਼ਤਿਆਂ ਨੂੰ ਮਜ਼ਬੂਤ ਕਰ ਰਿਹਾ ਹੈ। ਤਕਨਾਲੋਜੀ ਤਬਾਦਲੇ ਅਤੇ ਅਗਲੇ ਦੌਰ ਦੀਆਂ ਤਕਨਾਲੋਜੀਆਂ ਦੇਣ ਪੱਖੋਂ ਫਰਾਂਸ ਦੀ ਢਿੱਲ-ਮੱਠ ਦਾ ਸਿੱਟਾ ਇਸ ਖੇਤਰ ਵਿਚ ਪਿੱਛੇ ਰਹਿ ਜਾਣ ਦੇ ਰੂਪ ਵਿਚ ਨਿਕਲ ਸਕਦਾ ਹੈ। ਇਸ ਸਮੇਂ ਫਰਾਂਸ ਦੀ ਆਰਥਿਕਤਾ ਜ਼ਿਆਦਾ ਮਜ਼ਬੂਤ ਨਹੀਂ ਅਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਵਿਚ ਉਸ ਦੇ ਪੱਕੇ ਮੈਂਬਰ ਹੋਣ ’ਤੇ ਵੀ ਸਵਾਲ ਉੱਠ ਰਹੇ ਹਨ। ਅਜਿਹੇ ਸਮੇਂ ਵਿਚ ਹਿੰਦ ਮਹਾਸਾਗਰ ਵਿਚ ਭਾਰਤ ਦੀ ਸਮੁੰਦਰੀ ਫ਼ੌਜ ਨਾਲ ਮਜ਼ਬੂਤ ਭਾਈਵਾਲੀ ਉਸ ਲਈ ਮਦਦਗਾਰ ਸਾਬਤ ਹੋ ਸਕਦੀ ਹੈ। ਇਸ ਲਈ ‘ਹੌਰਾਈਜ਼ਨ 2047’ ਵਿਚ ਕੀਤੇ ਗਏ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੋਵੇਗੀ।

Advertisement
×