ਪਾਕਿਸਤਾਨ ਦੀ ਜਵਾਬਦੇਹੀ
ਪਾਕਿਸਤਾਨ ਦੇ ਗੜਬੜ ਵਾਲੇ ਉੱਤਰ ਪੱਛਮੀ ਸੂਬੇ ਖੈਬਰ ਪਖ਼ਤੂਨਖਵਾ ਦੇ ਲਾਚਾਰ ਵਸਨੀਕਾਂ ਲਈ ਇਹ ਦੋਹਰਾ ਝਟਕਾ ਹੈ। ਹਾਲ ਹੀ ਦੇ ਹਫ਼ਤਿਆਂ ਵਿੱਚ ਹੜ੍ਹਾਂ ਦੇ ਝੰਬੇ ਲੋਕ ਹੁਣ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਦੇ ਦਹਿਸ਼ਤਗਰਦਾਂ ਨੂੰ ਮੁਕਾਉਣ ਦੇ ਉਦੇਸ਼ ਨਾਲ...
ਪਾਕਿਸਤਾਨ ਦੇ ਗੜਬੜ ਵਾਲੇ ਉੱਤਰ ਪੱਛਮੀ ਸੂਬੇ ਖੈਬਰ ਪਖ਼ਤੂਨਖਵਾ ਦੇ ਲਾਚਾਰ ਵਸਨੀਕਾਂ ਲਈ ਇਹ ਦੋਹਰਾ ਝਟਕਾ ਹੈ। ਹਾਲ ਹੀ ਦੇ ਹਫ਼ਤਿਆਂ ਵਿੱਚ ਹੜ੍ਹਾਂ ਦੇ ਝੰਬੇ ਲੋਕ ਹੁਣ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਦੇ ਦਹਿਸ਼ਤਗਰਦਾਂ ਨੂੰ ਮੁਕਾਉਣ ਦੇ ਉਦੇਸ਼ ਨਾਲ ਵਿੱਢੀ ਫ਼ੌਜੀ ਮੁਹਿੰਮ ਦਾ ਵੀ ਸਾਹਮਣਾ ਕਰ ਰਹੇ ਹਨ। ਪਾਕਿਸਤਾਨੀ ਹਵਾਈ ਸੈਨਾ ਦੇ ਜਹਾਜ਼ਾਂ ਦੇ ਤੀਰਾਹ ਘਾਟੀ ਵਿੱਚ ਕੀਤੇ ਕਥਿਤ ਹਮਲਿਆਂ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 30 ਨਾਗਰਿਕਾਂ ਦੀ ਜਾਨ ਚਲੀ ਗਈ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਅਫ਼ਗਾਨਿਸਤਾਨ ਦੀ ਸਰਹੱਦ ਨੇੜੇ ਹੋਏ ਹਵਾਈ ਹਮਲਿਆਂ ਦੀ ਜਾਂਚ ਮੰਗੀ ਹੈ, ਭਾਵੇਂ ਪੁਲੀਸ ਨੇ ਮੌਤਾਂ ਨੂੰ ਇੱਕ ਅਹਾਤੇ ’ਚ ਹੋਏ ਧਮਾਕੇ ਨਾਲ ਜੋੜਿਆ ਹੈ, ਜਿੱਥੇ ਟੀ ਟੀ ਪੀ ਨੇ ਵਿਸਫੋਟਕ ਸਮੱਗਰੀ ਦਾ ਭੰਡਾਰ ਰੱਖਿਆ ਹੋਇਆ ਸੀ।
ਪਾਕਿਸਤਾਨ ਦੇ ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਇਹ ਦਿਖਾਵਾ ਕਰਨ ਦੀ ਜ਼ਿੱਦ ’ਤੇ ਅੜੇ ਜਾਪਦੇ ਹਨ ਕਿ ਉਨ੍ਹਾਂ ਦਾ ਦੇਸ਼ ਅਤਿਵਾਦ ਤੋਂ ਪੀੜਤ ਹੈ, ਨਾ ਕਿ ਇਸ ਨੂੰ ਫੈਲਾਉਣ ਵਾਲਾ। ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਇਹ ਚਾਲ ਕਾਮਯਾਬ ਰਹੀ ਹੈ। ਉਸ ਵਕਤ ਕੌਮਾਂਤਰੀ ਭਾਈਚਾਰੇ ਨੇ ਇਸ ਭਿਆਨਕ ਕਤਲੇਆਮ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਣ ’ਚ ਝਿਜਕ ਦਿਖਾਈ ਸੀ। ਅਤਿਵਾਦ ਦਾ ਮੁਕਾਬਲਾ ਕਰਨ ਦੇ ਬਹਾਨੇ, ਪਾਕਿਸਤਾਨ ਦੀ ਫ਼ੌਜੀ ਅਤੇ ਸਿਆਸੀ ਲੀਡਰਸ਼ਿਪ ਖੈਬਰ ਪਖ਼ਤੂਨਖਵਾ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ ਟੀ ਆਈ) ਦੀ ਸਰਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੇਸ਼ ਦੀ ਮੁੱਖ ਵਿਰੋਧੀ ਧਿਰ ਪੀ ਟੀ ਆਈ ਲਗਭਗ ਦੋ ਸਾਲ ਤੋਂ ਸੰਘਰਸ਼ ਕਰ ਰਹੀ ਹੈ, ਜਦੋਂ ਤੋਂ ਇਸ ਦੇ ਬਾਨੀ, ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕੈਦ ਕੀਤਾ ਗਿਆ ਹੈ।
ਖੈਬਰ ਪਖ਼ਤੂਨਖਵਾ ਵਿੱਚ ਲੋਕਾਂ ਦੇ ਜਬਰੀ ਉਜਾੜੇ ਦੇ ਨਾਲ-ਨਾਲ ਹਵਾਈ ਹਮਲਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੇ ਪਾਕਿਸਤਾਨੀ ਸ਼ਾਸਨ ਦੇ ਨਾਪਾਕ ਇਰਾਦਿਆਂ ਨੂੰ ਜ਼ਾਹਿਰ ਕਰ ਦਿੱਤਾ ਹੈ, ਜਿਹੜਾ ਆਪਣੇ ਹੀ ਸੂਬੇ ਨਾਲ ਕਿਸੇ ਵਿਦੇਸ਼ੀ ਇਲਾਕੇ ਵਾਂਗ ਵਿਹਾਰ ਕਰ ਰਿਹਾ ਹੈ। ਇਹ ਵਿਅੰਗ ਹੀ ਹੈ ਕਿ ਪਾਕਿਸਤਾਨ, ਜੋ ਦਹਾਕਿਆਂ ਤੋਂ ਖ਼ੁਦ ਸਰਹੱਦ ਪਾਰੋਂ ਅਤਿਵਾਦ ਦਾ ਸਰਪ੍ਰਸਤ ਰਿਹਾ ਹੈ, ਹੁਣ ਚਾਹੁੰਦਾ ਹੈ ਕਿ ਤਾਲਿਬਾਨ ਸਰਕਾਰ ਇਹ ਯਕੀਨੀ ਬਣਾਏ ਕਿ ਅਫ਼ਗਾਨ ਜ਼ਮੀਨ ਦੀ ਵਰਤੋਂ ਦਹਿਸ਼ਤੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਨਾ ਹੋਵੇ। ਫੀਲਡ ਮਾਰਸ਼ਲ ਆਸਿਮ ਮੁਨੀਰ ਦੀਆਂ ਗ਼ਲਤ ਕਾਰਵਾਈਆਂ ਨੇ ਅਫ਼ਗਾਨਿਸਤਾਨ ਨਾਲ ਪਾਕਿਸਤਾਨ ਦੇ ਸਬੰਧਾਂ ਨੂੰ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ ਖੇਤਰੀ ਸ਼ਾਂਤੀ ਅਤੇ ਸਥਿਰਤਾ ਖ਼ਤਰੇ ਵਿੱਚ ਪੈ ਗਈ ਹੈ। ਭਾਰਤ ਨੂੰ ਚਾਹੀਦਾ ਹੈ ਕਿ ਉਹ ਖੈਬਰ ਪਖ਼ਤੂਨਖਵਾ ਵਿੱਚ ਹੋਏ ਕਤਲੇਆਮ ’ਤੇ ਪਾਕਿਸਤਾਨ ਦੇ ਸਹਿਯੋਗੀਆਂ ਚੀਨ, ਅਮਰੀਕਾ ਅਤੇ ਤੁਰਕੀ ਨੂੰ ਘੇਰੇ। ਪਾਕਿਸਤਾਨ ਵੱਲੋਂ ਆਪਣੇ ਹੀ ਨਾਗਰਿਕਾਂ ’ਤੇ ਕੀਤੇ ਜਾ ਰਹੇ ਜ਼ੁਲਮ ਨੂੰ ਨਜ਼ਰਅੰਦਾਜ਼ ਕਰਨ ਲਈ ਇਨ੍ਹਾਂ ਮੁਲਕਾਂ ਨੂੰ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ।