ਓਵਾਇਸੀ ਦਾ ਸੁਨੇਹਾ
ਅਸਦੂਦੀਨ ਓਵਾਇਸੀ, ਜੋ ਅੱਜ ਭਾਰਤ ਵਿੱਚ ਬਿਨਾਂ ਸ਼ੱਕ ਸਭ ਤੋਂ ਵੱਧ ਖੁੱਲ੍ਹ ਕੇ ਬੋਲਣ ਵਾਲੇ ਮੁਸਲਮਾਨ ਸਿਆਸਤਦਾਨ ਹਨ, ਨੇ ਬੁਲੰਦ ਆਵਾਜ਼ ’ਚ ਆਪਣੀ ਗੱਲ ਰੱਖੀ ਹੈ ਅਤੇ ਇਸ ਦੇ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ। ਇੱਕ ਬਿਨਾਂ ਤਰੀਕ...
ਅਸਦੂਦੀਨ ਓਵਾਇਸੀ, ਜੋ ਅੱਜ ਭਾਰਤ ਵਿੱਚ ਬਿਨਾਂ ਸ਼ੱਕ ਸਭ ਤੋਂ ਵੱਧ ਖੁੱਲ੍ਹ ਕੇ ਬੋਲਣ ਵਾਲੇ ਮੁਸਲਮਾਨ ਸਿਆਸਤਦਾਨ ਹਨ, ਨੇ ਬੁਲੰਦ ਆਵਾਜ਼ ’ਚ ਆਪਣੀ ਗੱਲ ਰੱਖੀ ਹੈ ਅਤੇ ਇਸ ਦੇ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ। ਇੱਕ ਬਿਨਾਂ ਤਰੀਕ ਦੀ ਵੀਡੀਓ ਕਲਿੱਪ, ਜਿਸ ਵਿੱਚ ਲਾਲ ਕਿਲ੍ਹੇ ਦੇ ਆਤਮਘਾਤੀ ਬੰਬਾਰ ਡਾ. ਉਮਰ ਉਨ ਨਬੀ ਨੇ ਬੰਬ ਧਮਾਕਿਆਂ ਨੂੰ ‘ਸ਼ਹਾਦਤ’ ਦੱਸ ਕੇ ਜਾਇਜ਼ ਠਹਿਰਾਇਆ ਸੀ, ਉੱਤੇੇੇ ਹੈਦਰਾਬਾਦ ਦੇ ਸੰਸਦ ਮੈਂਬਰ ਓਵਾਇਸੀ, ਜੋ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏ ਆਈ ਐੱਮ ਆਈ ਐੱਮ) ਦੇ ਮੁਖੀ ਵੀ ਹਨ, ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਓਵਾਇਸੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਸਲਾਮ ਵਿੱਚ ਖ਼ੁਦਕੁਸ਼ੀ ‘ਹਰਾਮ’ (ਮਨ੍ਹਾਂ) ਹੈ ਅਤੇ ਬੇਕਸੂਰਾਂ ਦਾ ਕਤਲ ਕਰਨਾ ਇੱਕ ਗੰਭੀਰ ਪਾਪ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਅਜਿਹੀਆਂ ਕਾਰਵਾਈਆਂ ਬਾਰੇ ‘ਗ਼ਲਤਫਹਿਮੀ’ ਰੱਖਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਦੇਸ਼ ਦੇ ਕਾਨੂੰਨ ਦੇ ਵਿਰੁੱਧ ਹਨ ਅਤੇ ਅਤਿਵਾਦ ਤੋਂ ਇਲਾਵਾ ਹੋਰ ਕੁਝ ਨਹੀਂ ਹਨ।
ਓਵਾਇਸੀ ਨੇ ਅਤਿਵਾਦੀਆਂ, ਉਨ੍ਹਾਂ ਦੇ ਹਮਦਰਦਾਂ ਅਤੇ ਹੈਂਡਲਰਾਂ ਨੂੰ ਇੱਕ ਸਖ਼ਤ ਸੰਦੇਸ਼ ਦਿੱਤਾ ਹੈ; ਦਹਿਸ਼ਤਗਰਦ ਕਾਰਵਾਈਆਂ ਨੂੰ ਕਿਸੇ ਵੀ ਆਧਾਰ ’ਤੇ ਵਡਿਆਇਆ ਜਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਜਿਹੜੇ ਇਸਲਾਮ ਜਾਂ ਕਿਸੇ ਹੋਰ ਧਰਮ ਦੇ ਨਾਮ ’ਤੇ ਖ਼ੂਨ ਵਹਾਉਂਦੇ ਹਨ, ਉਨ੍ਹਾਂ ਨੂੰ ਓਵਾਇਸੀ ਦੇ ਸ਼ਬਦਾਂ ’ਤੇ ਗ਼ੌਰ ਕਰਨਾ ਚਾਹੀਦਾ ਹੈ, ਜੋ ਕੱਟੜਵਾਦ ਦੇ ਵਧ ਰਹੇ ਖ਼ਤਰੇ ਦਾ ਮੁਕਾਬਲਾ ਕਰਨ ਵਿੱਚ ਮਦਦਗਾਰ ਹੋ ਸਕਦੇ ਹਨ। ਇੱਕ ਵਾਰ ਜਦੋਂ ਇਸ ਦੇ ਭਰਮਾਊ ਪ੍ਰਭਾਵ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ, ਜੋ ਅਕਸਰ ਭੜਕਾਊ ਵੀਡੀਓਜ਼ ਅਤੇ ਭਾਸ਼ਣਾਂ ਦੁਆਰਾ ਪੈਦਾ ਕੀਤਾ ਹੁੰਦਾ ਹੈ, ਤਾਂ ਆਤਮਘਾਤੀ ਬੰਬ ਧਮਾਕਾ ਬੇਲੋੜੀ ਹਿੰਸਾ ਦਾ ਬਸ ਇੱਕ ਨਾ-ਮੁਆਫੀਯੋਗ ਕਾਰਾ ਬਣ ਕੇ ਰਹਿ ਜਾਂਦਾ ਹੈ ਜਿਸ ਦੀ ਸਾਰਿਆਂ ਨੂੰ ਨਿੰਦਾ ਕਰਨੀ ਚਾਹੀਦੀ ਹੈ।
ਇਹ ਦਿਲ ਨੂੰ ਸਕੂਨ ਦੇਣ ਵਾਲੀ ਗੱਲ ਹੈ ਕਿ ਇੱਕ ਅਜਿਹੇ ਰਾਸ਼ਟਰ ਵਿੱਚ ਜਿੱਥੇ ਬੇਈਮਾਨ ਸਿਆਸਤਦਾਨ ਭੜਕਾਉਂਦੇ ਹਨ, ਉੱਥੇ ਓਵਾਇਸੀ ਵਰਗੇ ਕੁਝ ਲੋਕ ਵੀ ਹਨ ਜੋ ਸਹੀ ਗੱਲ ਕਰਦੇ ਹਨ। ਅਪਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ ਦੀ ਵਿਸ਼ਵਵਿਆਪੀ ਪਹੁੰਚ ਦੌਰਾਨ, ਉਨ੍ਹਾਂ ਪਾਕਿਸਤਾਨ ਦਾ ਮਜ਼ਾਕ ਉਡਾਉਂਦਿਆਂ ਕਿਹਾ ਸੀ ਕਿ ਇਸਲਾਮਾਬਾਦ ਨੂੰ ਲੱਗਦਾ ਹੈ ਕਿ ਉਹ ਭਾਰਤੀ ਮੁਸਲਮਾਨਾਂ ਨੂੰ ਜਿੱਤਣ ਲਈ ਇਸਲਾਮ ’ਤੇ ਟੇਕ ਰੱਖ ਸਕਦਾ ਹੈ। ਮੁੱਦੇ ਦੀ ਗੱਲ ਇਹ ਹੈ ਕਿ ਘੱਟਗਿਣਤੀ ਭਾਈਚਾਰਾ, ਕੁਝ ਕਾਲੀਆਂ ਭੇਡਾਂ ਨੂੰ ਛੱਡ ਕੇ, ਤਿਰੰਗੇ ਪ੍ਰਤੀ ਵਫ਼ਾਦਾਰੀ ਰੱਖਦਾ ਹੈ। ਓਵਾਇਸੀ ਅਤੇ ਹੋਰ ਨੇਤਾਵਾਂ ਨੂੰ ਇਸ ਗ਼ਲਤ ਧਾਰਨਾ ਨੂੰ ਸਖ਼ਤੀ ਨਾਲ ਦੂਰ ਕਰਨਾ ਚਾਹੀਦਾ ਹੈ ਕਿ ਭਾਰਤ ਵਿੱਚ ਰਹਿਣ ਵਾਲੇ ਮੁਸਲਮਾਨ ਭਰੋਸੇਯੋਗ ਨਹੀਂ ਹਨ। ਕੇਂਦਰ ਅਤੇ ਰਾਜਾਂ ਨੂੰ ਨਾ ਸਿਰਫ਼ ਅਤਿਵਾਦ ਦੇ ਸਬੰਧ ਵਿੱਚ, ਸਗੋਂ ਉਨ੍ਹਾਂ ਲੋਕਾਂ ਪ੍ਰਤੀ ਵੀ ਮੁਕੰਮਲ ਸਖ਼ਤੀ ਵਾਲਾ ਰਵੱਈਆ ਅਪਣਾਉਣਾ ਚਾਹੀਦਾ ਹੈ ਜੋ ਹਰ ਮੁਸਲਮਾਨ ਨੂੰ ਅਤਿਵਾਦੀ ਜਾਂ ਗੱਦਾਰ ਦੱਸਦੇ ਹਨ।

