ਸਿਆਸਤ ਦੀ ਬਿਸਾਤ ’ਤੇ ਭੁੱਖਮਰੀ ਦੇ ਮੋਹਰੇ
ਅਰਵਿੰਦਰ ਜੌਹਲ
ਫਰਾਂਸ, ਬਰਤਾਨੀਆ ਅਤੇ ਕੈਨੇਡਾ ਨੇ ਸਤੰਬਰ ਮਹੀਨੇ ਹੋਣ ਵਾਲੀ ਸੰਯੁਕਤ ਰਾਸ਼ਟਰ ਦੀ ਮੀਟਿੰਗ ਵਿੱਚ ਫਲਸਤੀਨ ਨੂੰ ਮਾਨਤਾ ਦੇਣ ਦੀ ਗੱਲ ਆਖੀ ਹੈ। ਦੁੱਖ ਦੀ ਗੱਲ ਇਹ ਹੈ ਕਿ ਕੈਨੇਡਾ ਨੇ ਅਜੇ ਇਹ ਗੱਲ ਮੂੰਹੋਂ ਕੱਢੀ ਹੀ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਫੌਰੀ ਬਿਆਨ ਦੇ ਦਿੱਤਾ ਕਿ ਕੈਨੇਡਾ ਦੇ ਅਜਿਹਾ ਕਰਨ ਨਾਲ ਕੈਨੇਡਾ-ਅਮਰੀਕਾ ਵਪਾਰ ਸਮਝੌਤੇ ’ਤੇ ਨਾਂਹ-ਪੱਖੀ ਅਸਰ ਪਵੇਗਾ। ਅਸੀਂ ਕਿਹੋ ਜਿਹੇ ਮਾੜੇ ਸਮਿਆਂ ਵਿੱਚ ਜਿਊਂ ਰਹੇ ਹਾਂ ਕਿ ਉਸੇ ਮੁਲਕ ਖ਼ਿਲਾਫ਼ ‘ਵਪਾਰ ਅਤਿਵਾਦ’ ਸ਼ੁਰੂ ਕਰ ਦਿੱਤਾ ਜਾਂਦਾ ਹੈ, ਜਿਹੜਾ ਬਦਨਸੀਬ ਦੇਸ਼ ਦੇ ਭੁੱਖਮਰੀ, ਬਿਮਾਰੀਆਂ, ਬੰਬਾਂ ਅਤੇ ਗੋਲੀਆਂ ਨਾਲ ਮਰ ਰਹੇ ਬੱਚਿਆਂ ਲਈ ‘ਹਾਅ ਦਾ ਨਾਅਰਾ’ ਮਾਰਦਾ ਹੈ! ਇਹ ਤਾਂ ਉਹ ਗੱਲ ਹੋਈ ਕਿ ਸੜਕ ’ਤੇ ਬੁਰੀ ਤਰ੍ਹਾਂ ਜ਼ਖ਼ਮੀ ਪਏ ਵਿਅਕਤੀ ਦੀ ਜੇ ਕੋਈ ਮਦਦ ਕਰਨਾ ਚਾਹੇ ਤਾਂ ਨੇੜੇ ਖੜ੍ਹਾ ਜਾਬਰ ਕਹੇ, ‘‘ਜੇ ਤੂੰ ਇਸ ਦੀ ਮਦਦ ਕੀਤੀ ਤਾਂ ਤੈਨੂੰ ਵੀ ਛੁਰਾ ਮਾਰ ਕੇ ਜ਼ਖ਼ਮੀ ਕਰ ਦਿਆਂਗਾ। ਬੱਸ ਖ਼ਾਮੋਸ਼ੀ ਨਾਲ ਖੜ੍ਹਾ ਹੋ ਕੇ ਇਸ ਨੂੰ ਤੜਫ-ਤੜਫ ਕੇ ਮਰਦਿਆਂ ਦੇਖਦਾ ਰਹਿ।’’
ਇਤਿਹਾਸ ਗਵਾਹ ਹੈ ਕਿ ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਲੰਮੇ ਸਮਿਆਂ ਤੋਂ ਇਹੀ ਕਰਦਾ ਆ ਰਿਹਾ ਹੈ। ਫਲਸਤੀਨ ਦੀ ਧਰਤੀ ’ਤੇ ਅੱਗ ਵਰ੍ਹਾਉਣ ਵਾਲੇ ਇਜ਼ਰਾਈਲ ਨੂੰ ਏਨਾ ਸ਼ਕਤੀਸ਼ਾਲੀ ਤੇ ਧੱਕੜ ਵੀ ਅਮਰੀਕਾ ਨੇ ਹੀ ਬਣਾਇਆ ਹੈ। ਪਹਿਲਾਂ ਭਾਰਤ ਵੀ ਫਲਸਤੀਨੀ ਲੋਕਾਂ ਦੇ ਹੱਕ ’ਚ ਆਵਾਜ਼ ਉਠਾਉਂਦਾ ਰਿਹਾ ਹੈ ਪਰ ਇਜ਼ਰਾਈਲ ਨਾਲ ਦੋਸਤੀ ਕਾਰਨ ਮੌਜੂਦਾ ਸਰਕਾਰ ਫਲਸਤੀਨ ਦੇ ਮਾਮਲੇ ’ਤੇ ‘ਇੱਕ ਚੁੱਪ ਸੌ ਸੁਖ’ ਅਨੁਸਾਰ ਉੱਥੋਂ ਦੇ ਆਮ ਲੋਕਾਂ ਦੀ ਹਾਲਤ, ਬੇਵੱਸੀ ਅਤੇ ਉੱਥੇ ਹੋ ਰਹੇ ਮੌਤ ਦੇ ਤਾਂਡਵ ਨੂੰ ਦੇਖ ਕੇ ਮੂੰਹ ਪਰ੍ਹੇ ਕਰਨ ਨੂੰ ਹੀ ਤਰਜੀਹ ਦਿੰਦੀ ਹੈ। ਉਂਜ ਪਿੱਛੇ ਜਿਹੇ ਭਾਰਤ ਨੇ ਦੱਬਵੀਂ ਜ਼ੁਬਾਨ ’ਚ ਗਾਜ਼ਾ ’ਚ ਯੁੱਧ ਬੰਦ ਕੀਤੇ ਜਾਣ ਦੀ ਗੱਲ ਕੀਤੀ ਹੈ ਪਰ ਦੋ ਕੁ ਮਹੀਨੇ ਪਹਿਲਾਂ ਅਸੀਂ ਸੰਯੁਕਤ ਰਾਸ਼ਟਰ ਵੱਲੋਂ ਲਿਆਂਦੇ ਅਜਿਹੇ ਹੀ ਮਤੇ ’ਤੇ ਵੋਟਾਂ ਵੇਲੇ ਪਾਸਾ ਵੱਟ ਲਿਆ ਸੀ। ਹਾਲਾਂਕਿ, ਭਾਰਤ 1988 ਵਿੱਚ ਫਲਸਤੀਨ ਨੂੰ ਮਾਨਤਾ ਦੇਣ ਵਾਲੇ ਮੁੱਢਲੇ ਦੇਸ਼ਾਂ ਵਿੱਚ ਸ਼ੁਮਾਰ ਸੀ। ਇਹ ਹੀ ਨਹੀਂ, ਇਸ ਤੋਂ ਪਹਿਲਾਂ ਭਾਰਤ ਨੇ 1974 ਵਿੱਚ ਫਲਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ (ਪੀਐੱਲਓ) ਨੂੰ ਫਲਸਤੀਨੀ ਲੋਕਾਂ ਦੀ ਇੱਕੋ-ਇੱਕ ਨੁਮਾਇੰਦਾ ਜਥੇਬੰਦੀ ਵਜੋਂ ਮਾਨਤਾ ਦਿੱਤੀ ਸੀ। ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ਖ਼ਿਲਾਫ਼ ਹੁਣ ਖਾੜੀ ਅਤੇ ਅਰਬ ਦੇਸ਼ਾਂ ਵਿੱਚੋਂ ਵੀ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ।
ਫਲਸਤੀਨ ਦਾ ਮਸਲਾ ਭਾਵੇਂ ਬਹੁਤ ਪੁਰਾਣਾ ਹੈ ਪਰ ਇਸ ਦੇ ਵਰਤਮਾਨ ਤਬਾਹਕੁਨ ਦੌਰ ਦੀ ਸ਼ੁਰੂਆਤ ਅਕਤੂਬਰ 2023 ’ਚ ਫਲਸਤੀਨੀ ਜਥੇਬੰਦੀ ‘ਹਮਾਸ’ ਵੱਲੋਂ ਇਜ਼ਰਾਈਲ ’ਚ ਦਾਖ਼ਲ ਹੋ ਕੇ ਉੱਥੋਂ ਦੇ 1,200 ਨਾਗਰਿਕਾਂ ਨੂੰ ਮਾਰਨ ਤੇ ਢਾਈ ਸੌ ਤੋਂ ਵੱਧ ਇਜ਼ਰਾਇਲੀਆਂ ਨੂੰ ਬੰਦੀ ਬਣਾਉਣ ਕਾਰਨ ਹੋਈ। ਇਸ ਹਮਲੇ ਦੇ ਅਸਲ ਕਾਰਨ ਤਾਂ ਅਜੇ ਤੱਕ ਸਾਹਮਣੇ ਨਹੀਂ ਆਏ ਪਰ ਕਿਹਾ ਜਾਂਦਾ ਹੈ ਕਿ ‘ਹਮਾਸ’ ਨੇ ਇਹ ਹਮਲਾ ਇਜ਼ਰਾਈਲ ਅਤੇ ਖਾੜੀ ਤੇ ਅਰਬ ਦੇਸ਼ਾਂ ਵਿਚਾਲੇ ਵਧ ਰਹੀ ਦੋਸਤੀ ਅਤੇ ਤਾਲਮੇਲ ਦੇ ਮੱਦੇਨਜ਼ਰ ਕੀਤਾ ਕਿਉਂਕਿ ਇਹ ਉਨ੍ਹਾਂ ਨੂੰ ਨਾਗਵਾਰ ਸੀ। ਗਾਜ਼ਾ ਵਿੱਚ ਜੋ ਕੁਝ ਵਾਪਰ ਰਿਹਾ ਹੈ, ਮੀਡੀਆ ਦਾ ਇੱਕ ਹਿੱਸਾ ਇਸ ਨੂੰ ਇੱਕ ਯੁੱਧ ਦੇ ਤੌਰ ’ਤੇ ਪੇਸ਼ ਕਰ ਰਿਹਾ ਹੈ ਪਰ ਇਹ ਯੁੱਧ ਹਰਗਿਜ਼ ਨਹੀਂ, ਇਹ ਫਲਸਤੀਨੀਆਂ ਦੀ ਨਸਲਕੁਸ਼ੀ ਹੈ ਜਿਸ ਵਿੱਚ ਹੁਣ ਤੱਕ 70,000 ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਬੱਚੇ ਅਤੇ ਔਰਤਾਂ ਹਨ। ਸਿਤਮਜ਼ਰੀਫੀ ਇਹ ਹੈ ਕਿ ਇਸ ਨਸਲਕੁਸ਼ੀ ਲਈ ਭੁੱਖ ਨੂੰ ਵੀ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਮਨ ਨੂੰ ਪ੍ਰੇਸ਼ਾਨ ਤੇ ਦੁਖੀ ਕਰਨ ਵਾਲੀ ਗੱਲ ਇਹ ਹੈ ਕਿ ਭੁੱਖੇ ਮਰ ਰਹੇ ਫਲਸਤੀਨੀ ਪਰਿਵਾਰਾਂ ਦੇ ਬੱਚੇ ਅਤੇ ਔਰਤਾਂ ਜਦੋਂ ਖੁਰਾਕੀ ਵਸਤਾਂ ਲੈਣ ਲਈ ਸੰਯੁਕਤ ਰਾਸ਼ਟਰ ਅਤੇ ਹੋਰ ਸਵੈ-ਸੇਵੀ ਜਥੇਬੰਦੀਆਂ ਵੱਲੋਂ ਚਲਾਏ ਜਾਂਦੇ ਰਾਹਤ ਵੰਡ ਕੇਂਦਰਾਂ ’ਤੇ ਜਾਂਦੇ ਹਨ ਤਾਂ ਉੱਥੇ ਜੁੜੀਆਂ ਭੀੜਾਂ ’ਤੇ ਇਜ਼ਰਾਇਲੀ ਫ਼ੌਜੀ ਗੋਲੀਆਂ ਵਰ੍ਹਾ ਦਿੰਦੇ ਹਨ। ਇਨ੍ਹਾਂ ਘਟਨਾਵਾਂ ਬਾਰੇ ਜਦੋਂ ਸਵਾਲ ਉੱਠਦੇ ਹਨ ਤਾਂ ਹਰ ਗੋਲੀਬਾਰੀ ਮਗਰੋਂ ਇਜ਼ਰਾਇਲੀ ਫ਼ੌਜੀਆਂ ਦਾ ਤਰਕ ਹੁੰਦਾ ਹੈ ਕਿ ਭੀੜ ਵਿੱਚੋਂ ਅਰਾਜਕ ਤੱਤ ਉਨ੍ਹਾਂ ’ਤੇ ਹਮਲਾ ਕਰਨ ਲਈ ਅੱਗੇ ਵਧ ਰਹੇ ਸਨ ਅਤੇ ਆਪਣੇ ਬਚਾਅ ਖਾਤਰ ਅਜਿਹੇ ਤੱਤਾਂ ਨੂੰ ਕਾਬੂ ਕਰਨ ਅਤੇ ਠੱਲ੍ਹਣ ਲਈ ਮਜਬੂਰਨ ਗੋਲੀਬਾਰੀ ਕਰਨੀ ਪਈ।
ਅੱਜ ਗਾਜ਼ਾ ਵਿੱਚ ਭੁੱਖ ਨਾਲ ਵਿਲਕਦੇ ਬੱਚਿਆਂ ਦੇ ਹਉਕੇ ਸੁਣ ਕੇ ਤੁਹਾਡਾ ਤ੍ਰਾਹ ਨਿਕਲ ਜਾਂਦਾ ਹੈ। ਲੰਮੇ ਸਮੇਂ ਤੋਂ ਭੁੱਖਮਰੀ ਦਾ ਸ਼ਿਕਾਰ ਹੋ ਕੇ ਪਿੰਜਰ ਬਣੇ ਬੱਚਿਆਂ ਦੀਆਂ ਤਸਵੀਰਾਂ ਦੇਖ ਕੇ ਕਾਲਜੇ ’ਚੋਂ ਰੁੱਗ ਭਰਿਆ ਜਾਂਦਾ ਹੈ। ਹੱਡੀਆਂ ਦੀ ਮੁੱਠ ਬਣੇ ਬੱਚਿਆਂ ਨੂੰ ਜਦੋਂ ਮਾਵਾਂ ਗੋਦੀ ਚੁੱਕਦੀਆਂ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਖੁਰਾਕ ਨਾ ਮਿਲਣ ਕਾਰਨ ਬੱਚਿਆਂ ਦਾ ਵਜ਼ਨ ਦਿਨ-ਬ-ਦਿਨ ਘਟਦਾ ਜਾਂਦਾ ਹੈ। ਆਪਣੇ ਢਿੱਡ ਦੀ ਆਂਦਰ ਆਪਣੇ ਹੱਥਾਂ ’ਚੋਂ ਕਿਰ ਜਾਣ ਦਾ ਅਹਿਸਾਸ ਹਰ ਮਾਂ ਦੇ ਦਿਲ ਨੂੰ ਡੋਬੂ ਪਾਉਂਦਾ ਹੈ। ਖ਼ੁਦ ਮਾਪਿਆਂ ਦੀ ਹਾਲਤ ਖ਼ਰਾਬ ਹੈ ਪਰ ਬੱਚਿਆਂ ਲਈ ਇਹ ਸਥਿਤੀ ਬਹੁਤ ਭਿਆਨਕ ਹੈ। ਉਨ੍ਹਾਂ ਦੇ ਹਾਸੇ ਅਤੇ ਉਨ੍ਹਾਂ ਦੀ ਸਾਰੀ ਜ਼ਿੰਦਗੀ ਇਜ਼ਰਾਇਲੀ ਬੰਬਾਂ ਦੇ ਧੂੰਏਂ ਨਾਲ ਧੁਆਂਖੀ ਗਈ ਹੈ। ਉਨ੍ਹਾਂ ਦੀਆਂ ਕਿਲਕਾਰੀਆਂ ਮਿਜ਼ਾਈਲਾਂ ਦੇ ਧਮਾਕਿਆਂ ਨੇ ਖੋਹ ਲਈਆਂ ਹਨ। ਸਿਰ ’ਤੇ ਛੱਤ ਨਹੀਂ ਅਤੇ ਢਿੱਡ ਭੁੱਖੇ ਹਨ। ਫਿਰ ਇਹ ਵੀ ਪਤਾ ਨਹੀਂ ਕਿ ਕਦੋਂ ਉਹ ਕਿਸੇ ਹੋਰ ਹਮਲੇ ਜਾਂ ਗੋਲੀਬਾਰੀ ਦਾ ਸ਼ਿਕਾਰ ਹੋ ਜਾਣ। ਜੇ ਬਚੇ ਵੀ ਰਹਿੰਦੇ ਹਨ ਤਾਂ ਵੀ ਭੁੱਖ ਦੀ ਸ਼ਕਲ ’ਚ ਮੌਤ ਉਨ੍ਹਾਂ ਦੀਆਂ ਬਰੂਹਾਂ ’ਤੇ ਖੜ੍ਹੀ ਨਜ਼ਰ ਆਉਂਦੀ ਹੈ, ਜੋ ਹੌਲੀ ਹੌਲੀ ਉਨ੍ਹਾਂ ਵੱਲ ਵਧ ਰਹੀ ਹੈ। ਮੌਤ ਜਿੰਨੇ ਕਦਮ ਅੱਗੇ ਵਧਦੀ ਹੈ, ਜ਼ਿੰਦਗੀ ਓਨੇ ਹੀ ਕਦਮ ਦੂਰ ਹੁੰਦੀ ਜਾਂਦੀ ਹੈ। ਜਾਪਦਾ ਹੈ ਜਿਵੇਂ ਉਹ ਕੌਮਾਂਤਰੀ ਸਿਆਸਤ ਅਤੇ ਗੁੱਟਬੰਦੀਆਂ ਦੇ ਜਿਊਂਦੇ ਜਾਗਦੇ ਮੋਹਰੇ ਹੋਣ, ਜਿਨ੍ਹਾਂ ਦੀ ਧੜਕਦੀ ਜ਼ਿੰਦਗੀ ਦੀ ਕਿਸੇ ਨੂੰ ਪਰਵਾਹ ਨਹੀਂ। ਕੀ ਕੁੱਲ ਜਹਾਨ ਏਨਾ ਬੇਵੱਸ ਤੇ ਬੋਲ਼ਾ ਹੋ ਗਿਆ ਹੈ ਕਿ ਇਸ ਨੂੰ ਭੁੱਖ ਨਾਲ ਸਹਿਕਦੇ ਬੱਚਿਆਂ ਤੇ ਮਾਵਾਂ ਦੇ ਹਉਕੇ ਵੀ ਸੁਣਾਈ ਨਹੀਂ ਦਿੰਦੇ? ਜਾਂ ਫਿਰ ਉਹ ਹੱਡੀਆਂ ਦੀ ਮੁੱਠ ਬਣੇ ਲੋਕਾਂ ਦੀਆਂ ਤਸਵੀਰਾਂ ਅਤੇ ਮੰਜ਼ਰ ਅੱਖੋਂ ਪਰੋਖੇ ਕਰ ਦੇਣਾ ਚਾਹੁੰਦਾ ਹੈ? ਸਾਡੇ ਸਮਿਆਂ ਦੀ ਇਹ ਤ੍ਰਾਸਦੀ ਹੈ ਕਿ ਫਲਸਤੀਨ ਵਿੱਚ ਇਕੱਲੇ ਮਜ਼ਲੂਮ ਨਹੀਂ ਮਰ ਰਹੇ ਸਗੋਂ ਮਨੁੱਖਤਾ ਵੀ ਦਮ ਤੋੜ ਰਹੀ ਹੈ।
ਗਾਜ਼ਾ ’ਤੇ ਇਜ਼ਰਾਇਲੀ ਹਮਲੇ ਦੇ ਸਿਆਸੀ ਕਾਰਨ ਅਤੇ ਵਿਸ਼ਵ ਸ਼ਕਤੀਆਂ ਦੀਆਂ ਸਿਆਸੀ ਗਿਣਤੀਆਂ-ਮਿਣਤੀਆਂ ਭਾਵੇਂ ਕੁਝ ਵੀ ਰਹੀਆਂ ਹੋਣ ਪਰ ਹੁਣ ਗੱਲ ਕਿਤੇ ਅਗਾਂਹ ਚਲੀ ਗਈ ਹੈ। ‘ਹਮਾਸ’ ਵਾਲੀ ਕਾਰਵਾਈ ਦਾ ਜੋ ਸਖ਼ਤ ਜਵਾਬ ਇਜ਼ਰਾਈਲ ਨੇ ਦੇਣਾ ਚਾਹਿਆ ਸੀ, ਉਹ ਤਾਂ ਕਦੋਂ ਦਾ ਦਿੱਤਾ ਜਾ ਚੁੱਕਾ ਹੈ। ਦਰਅਸਲ, ਇਜ਼ਰਾਈਲ ਨੇ ਕਦੇ ਵੀ ਨਹੀਂ ਚਾਹਿਆ ਕਿ ਮੱਧ ਪੂਰਬ ਵਿੱਚ ਕੋਈ ਵੀ ਉਸ ਅੱਗੇ ਪੈਰਾਂ ਸਿਰ ਖੜੋ ਸਕੇ। ਉਹ ਅਮਰੀਕੀ ਸ਼ਹਿ ’ਤੇ ਇਸ ਖ਼ਿੱਤੇ ਵਿੱਚ ਦਹਾਕਿਆਂ ਤੋਂ ਧੌਂਸ ਜਮਾਉਂਦਾ ਆਇਆ ਹੈ ਤੇ ਇਹੋ ਕੁਝ ਉਹ ਹੁਣ ਕਰ ਰਿਹਾ ਹੈ। ਇਰਾਨ ਨਾਲ ਫ਼ੌਜੀ ਟਕਰਾਅ ਦਾ ਵੀ ਇਹੋ ਕਾਰਨ ਸੀ ਪਰ ਕਿਉਂਕਿ ਇਰਾਨ ਨੇ ਉਸ ਨੂੰ ਸਖ਼ਤ ਮੋੜਵਾਂ ਜਵਾਬ ਦਿੱਤਾ ਤਾਂ ਟਰੰਪ ਨੇ ਝੱਟ ਦਖ਼ਲ ਦੇ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਦੇ ਯਤਨ ਆਰੰਭ ਦਿੱਤੇ। ਹਾਲਾਂਕਿ ਇਰਾਨ ਵੱਲੋਂ ਪਰਮਾਣੂ ਬੰਬ ਬਣਾਉਣ ਵਾਲੇ ਦੋਸ਼ ਉਹ ਸਿੱਧ ਨਹੀਂ ਕਰ ਸਕਿਆ ਪਰ ਗਾਜ਼ਾ ’ਚ ਮਾਮਲਾ ਕੁਝ ਵੱਖਰਾ ਹੈ, ਇਜ਼ਰਾਈਲ ਜਿਵੇਂ ਇਸ ਦੀ ਹੋਂਦ ਮਿਟਾਉਣ ’ਤੇ ਤੁਲਿਆ ਹੋਇਆ ਹੈ। ਪਹਿਲਾਂ ਤਾਂ ਭੁੱਖਮਰੀ ਦੇ ਸ਼ਿਕਾਰ ਲੋਕਾਂ ਤੱਕ ਰਾਹਤ ਸਮੱਗਰੀ ਨਹੀਂ ਪੁੱਜਣ ਦਿੱਤੀ ਗਈ, ਫਿਰ ਜੇ ਕੁਝ ਆਲਮੀ ਤਾਕਤਾਂ ਤੇ ਸੰਯੁਕਤ ਰਾਸ਼ਟਰ ਨੇ ਇਸ ’ਚ ਦਖ਼ਲ ਦਿੱਤਾ ਤਾਂ ਅੜਿੱਕੇ ਪਾਉਣ ਦੇ ਨਵੇਂ-ਨਵੇਂ ਰਾਹ ਲੱਭੇ ਗਏ।
ਫਲਸਤੀਨੀ ਜਦੋਂ ਭੁੱਖ ਨਾਲ ਮਰਨ ਲੱਗੇ ਤਾਂ ਕਈ ਦਿਨ ਬਾਅਦ ਰਾਹਤ ਸਮੱਗਰੀ ਭੇਜੀ ਜਾਂਦੀ। ਬੇਵੱਸ ਹੋਏ ਲੋਕ ਭੋਜਨ ਲੈਣ ਲਈ ਘੰਟਿਆਂਬੱਧੀ ਉਡੀਕ ਕਰਦੇ ਰਹਿੰਦੇ। ਜਦੋਂ ਉਨ੍ਹਾਂ ਦਾ ਸਬਰ ਮੁੱਕਣ ਲੱਗਦਾ ਤਾਂ ਅਚਾਨਕ ਇਜ਼ਰਾਇਲੀ ਫ਼ੌਜੀਆਂ ਵੱਲੋਂ ਗੋਲੀਬਾਰੀ ਕਰ ਕੇ ਬਹੁਤਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਅੰਨ ਦੀ ਬੁਰਕੀ ਲੈਣ ਆਇਆਂ ਦੇ ਖਾਲੀ ਭਾਂਡੇ ਉੱਥੇ ਹੀ ਡਿੱਗ ਜਾਂਦੇ ਅਤੇ ਉਹ ਖ਼ੁਦ ਮੌਤ ਦੀ ਗਰਾਹੀ ਬਣ ਜਾਂਦੇ। ਰੋਟੀ ਲਈ ਭਾਂਡੇ ਚੁੱਕੀ ਖੜ੍ਹੇ ਫਲਸਤੀਨ ਦੇ ਨਿਤਾਣੇ ਲੋਕਾਂ ਨੂੰ ਡਾਢਿਆਂ ਨੇ ਰੋਟੀ ਹਾਸਲ ਕਰਨ ਲਈ ਵੀ ਸਿਰ ਧੜ ਦੀ ਬਾਜ਼ੀ ਲਾਉਣ ਵਾਸਤੇ ਮਜਬੂਰ ਕਰ ਦਿੱਤਾ ਹੈ। ਇਨ੍ਹਾਂ ਹਾਲਾਤ ਵਿੱਚ ਸਰਜ਼ਮੀਨ ਤੇ ਹੋਰ ਹਕੂਕ ਬਾਰੇ ਤਾਂ ਉਹ ਸੋਚ ਵੀ ਨਹੀਂ ਸਕਦੇ।
ਬਸ! ਫਲਸਤੀਨੀਆਂ ਦੇ ਪੱਲੇ ਤਾਂ ਸਿਰਫ਼ ਰੋਟੀ ਲਈ ਸੰਘਰਸ਼ ਰਹਿ ਗਿਆ ਹੈ ਅਤੇ ਬਾਕੀ ਦੁਨੀਆ ਪੱਲੇ ਮਨੁੱਖਤਾ ਦੇ ਹੱਕ ਵਿੱਚ ਡਟਣ ਦੀ ਵੰਗਾਰ।