ਨਿਤੀਸ਼ ਦਾ ਨਵਾਂ ਕਾਰਜਕਾਲ
ਬਿਹਾਰ ਦੇ ਸਭ ਤੋਂ ਲੰਮਾ ਸਮਾਂ ਮੁੱਖ ਮੰਤਰੀ ਰਹੇ ਅਤੇ ਜੇਡੀ (ਯੂ) ਸੁਪਰੀਮੋ ਨਿਤੀਸ਼ ਕੁਮਾਰ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। ਹਾਲੀਆ ਚੋਣਾਂ ਵਿੱਚ ਭਾਜਪਾ 89 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ...
ਬਿਹਾਰ ਦੇ ਸਭ ਤੋਂ ਲੰਮਾ ਸਮਾਂ ਮੁੱਖ ਮੰਤਰੀ ਰਹੇ ਅਤੇ ਜੇਡੀ (ਯੂ) ਸੁਪਰੀਮੋ ਨਿਤੀਸ਼ ਕੁਮਾਰ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। ਹਾਲੀਆ ਚੋਣਾਂ ਵਿੱਚ ਭਾਜਪਾ 89 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ, ਜੋ ਕਿ ਉਸ ਦੇ ਸਹਿਯੋਗੀ ਜੇਡੀ (ਯੂ) ਨਾਲੋਂ ਚਾਰ ਵੱਧ ਹਨ। ਫਿਰ ਵੀ ਇਸ ਨੇ 74 ਸਾਲਾ ਸਿਆਸਤਦਾਨ ਨੂੰ ਮੁੱਖ ਮੰਤਰੀ ਬਣਾਈ ਰੱਖਣ ਨੂੰ ਤਰਜੀਹ ਦਿੱਤੀ ਹੈ। ਭਾਜਪਾ ਦੇ ਉਨ੍ਹਾਂ ਦੇ ਡਿਪਟੀ- ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿਨਹਾ- ਨੇ ਆਪਣੇ ਅਹੁਦੇ ਬਰਕਰਾਰ ਰੱਖੇ ਹਨ। ਨਿਤੀਸ਼ ਦਾ ਪਿਛਲਾ ਕਾਰਜਕਾਲ ਉਤਰਾਅ-ਚੜ੍ਹਾਅ ਵਾਲਾ ਰਿਹਾ। ਪਹਿਲਾਂ ਉਨ੍ਹਾਂ ਨੇ ਭਾਜਪਾ ਨਾਲ ਸਰਕਾਰ ਬਣਾਈ, ਫਿਰ ਮਹਾਗਠਬੰਧਨ ਨੂੰ ਅਪਣਾਇਆ ਅਤੇ ਬਾਅਦ ਵਿੱਚ ਐੱਨਡੀਏ ਗੱਠਜੋੜ ਵਿੱਚ ਪਰਤ ਆਏ। ਹਾਲਾਂਕਿ, ਉਨ੍ਹਾਂ ਦੀ ਇਸ ਅਸਥਿਰਤਾ ਨੂੰ ਬਿਹਾਰ ਦੇ ਵੋਟਰਾਂ ਨੇ ਮੁਆਫ਼ ਕਰ ਦਿੱਤਾ, ਜਿਨ੍ਹਾਂ ਨੇ ਉਨ੍ਹਾਂ ਦੀ ਅਗਵਾਈ ਅਤੇ ਡਬਲ-ਇੰਜਣ ਸਰਕਾਰ ਦੀ ਹੰਢਣਸਾਰਤਾ ਵਿੱਚ ਵਿਸ਼ਵਾਸ ਪ੍ਰਗਟਾਇਆ। ਸਪੱਸ਼ਟ ਹੈ ਕਿ ਉਹ ਅਜੇ ਵੀ ਉਨ੍ਹਾਂ ਨੂੰ ਆਪਣੇ ਰਾਜ ਲਈ ਸਭ ਤੋਂ ਵਧੀਆ ਬਦਲ ਮੰਨਦੇ ਹਨ।
ਰਿਕਾਰਡ ਦਸਵੀਂ ਵਾਰ ਸਹੁੰ ਚੁੱਕਣ ’ਤੇ ਨਿਤੀਸ਼ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਚੰਗੇ ਸ਼ਾਸਨ ਨਾਲ ਆਪਣੇ ਆਪ ਨੂੰ ਸਾਬਿਤ ਕਰਨ ਵਾਲੇ ਇੱਕ ਤਜਰਬੇਕਾਰ ਪ੍ਰਸ਼ਾਸਕ ਹਨ। ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ: ਭਾਜਪਾ ਕਿੰਨਾ ਚਿਰ ਅਧੀਨਗੀ ਵਾਲੇ ਭਾਈਵਾਲ ਦੀ ਭੂਮਿਕਾ ਵਿੱਚ ਰਹੇਗੀ? ਵਿਰੋਧੀ ਧਿਰ ਨੂੰ ਨਿਤੀਸ਼ ਦਾ ਕਾਰਜਕਾਲ ਪੂਰਾ ਹੋਣ ਉੱਤੇ ਸੰਦੇਹ ਹੈ ਕਿਉਂਕਿ ਭਾਜਪਾ ਕਿਸੇ ਸਮੇਂ ਵੀ ਆਪਣਾ ਖ਼ੁਦ ਦਾ ਮੁੱਖ ਮੰਤਰੀ ਲਾਉਣਾ ਚਾਹ ਸਕਦੀ ਹੈ। ਮਹਾਰਾਸ਼ਟਰ ਦੀ ਉਦਾਹਰਨ ਦਿੱਤੀ ਜਾ ਰਹੀ ਹੈ ਕਿ ਭਾਜਪਾ ਨੇ ਪਹਿਲਾਂ ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਨੂੰ ਮੁੱਖ ਮੰਤਰੀ ਬਣਾਇਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਹਟਾ ਦਿੱਤਾ ਤਾਂ ਜੋ ਦੇਵੇਂਦਰ ਫੜਨਵੀਸ ਕੁਰਸੀ ਸੰਭਾਲ ਸਕਣ।
ਕੇਂਦਰ ਵਿੱਚ ਐੱਨਡੀਏ ਸਰਕਾਰ ਨੂੰ ਕਾਇਮ ਰੱਖਣ ਲਈ ਭਾਜਪਾ ਨੂੰ ਨਿਤੀਸ਼ ਦੇ ਸਮਰਥਨ ਦੀ ਲੋੜ ਹੈ। ਇਹ ਦਰਸਾਉਂਦਾ ਹੈ ਕਿ ਜੇਕਰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਬਿਹਤਰ ਸਥਿਤੀ ਵਿੱਚ ਹੋਣਗੇ। ਉਨ੍ਹਾਂ ਦੀਆਂ ਫੌਰੀ ਤਰਜੀਹਾਂ ਵਿੱਚ ਬੇਰੁਜ਼ਗਾਰੀ ਅਤੇ ਪਰਵਾਸ ਰੋਕਣਾ ਹੋਣਾ ਚਾਹੀਦਾ ਹੈ- ਬਿਹਾਰ ਦੇ ਹਰ ਤਿੰਨ ਵਿੱਚੋਂ ਦੋ ਘਰਾਂ ਦਾ ਇੱਕ ਮੈਂਬਰ ਕਿਸੇ ਹੋਰ ਰਾਜ ਵਿੱਚ ਕੰਮ ਕਰਦਾ ਹੈ- ਅਤੇ ਔਰਤਾਂ ਨੂੰ ਵਿੱਤੀ ਤੌਰ ’ਤੇ ਮਜ਼ਬੂਤ ਕਰਨ ਦੇ ਮੁੱਖ ਚੋਣ ਵਾਅਦੇ ਨੂੰ ਪੂਰਾ ਕਰਨਾ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਜੇਡੀ (ਯੂ) ਮਜ਼ਬੂਤ ਅਤੇ ਅਟੁੱਟ ਰਹੇ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਜਪਾ ਅਤੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਉਨ੍ਹਾਂ ਨੂੰ ਪੱਬਾਂ ਭਾਰ ਹੀ ਰੱਖੇਗੀ।

