DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਵੀਂ ਇਬਾਰਤ

ਕੱਤਕ ਦਾ ਮਹੀਨਾ। ਤੜਕਸਾਰ ਦਾ ਬੱਸ ਸਫ਼ਰ। ਕਰਮਭੂਮੀ ਵੱਲ ਰਵਾਨਗੀ ਦੀ ਤਾਂਘ। ਬੱਸ ਦੀ ਅੱਧ-ਖੁੱਲ੍ਹੀ ਖਿੜਕੀ ਵਿਚੋਂ ਆਉਂਦੇ ਠੰਢੀ ਹਵਾ ਦੇ ਬੁੱਲ੍ਹੇ। ਆਉਣ ਵਾਲੇ ਸਰਦ ਮੌਸਮ ਦੀ ਦਸਤਕ। ਮੈਂ ਖਿੜਕੀ ਵਿਚੋਂ ਬਾਹਰ ਵੱਲ ਨਜ਼ਰ ਮਾਰੀ। ਚੁਫੇਰਾ ਸ਼ਾਂਤ ਤੇ ਸੁਹਾਵਣਾ। ਮੇਰੀ...

  • fb
  • twitter
  • whatsapp
  • whatsapp
featured-img featured-img
SONY DSC
Advertisement

ਕੱਤਕ ਦਾ ਮਹੀਨਾ। ਤੜਕਸਾਰ ਦਾ ਬੱਸ ਸਫ਼ਰ। ਕਰਮਭੂਮੀ ਵੱਲ ਰਵਾਨਗੀ ਦੀ ਤਾਂਘ। ਬੱਸ ਦੀ ਅੱਧ-ਖੁੱਲ੍ਹੀ ਖਿੜਕੀ ਵਿਚੋਂ ਆਉਂਦੇ ਠੰਢੀ ਹਵਾ ਦੇ ਬੁੱਲ੍ਹੇ। ਆਉਣ ਵਾਲੇ ਸਰਦ ਮੌਸਮ ਦੀ ਦਸਤਕ। ਮੈਂ ਖਿੜਕੀ ਵਿਚੋਂ ਬਾਹਰ ਵੱਲ ਨਜ਼ਰ ਮਾਰੀ। ਚੁਫੇਰਾ ਸ਼ਾਂਤ ਤੇ ਸੁਹਾਵਣਾ। ਮੇਰੀ ਨਜ਼ਰ ਦੂਰ ਖੇਤਾਂ ਤੱਕ ਜਾਂਦੀ। ਝੋਨੇ ਦੀ ਕਟਾਈ ਹੋ ਚੁੱਕੀ ਹੈ। ਬਹੁਤੇ ਖੇਤਾਂ ਵਿਚ ਪਰਾਲੀ ਦੀਆਂ ਗੱਠਾਂ ਪਈਆਂ ਹਨ। ਕਈ ਖੇਤ ਬਿਜਾਈ ਲਈ ਤਿਆਰ ਹਨ। ਪੂਰਬਲੇ ਪਾਸਿਓਂ ਦਰੱਖਤਾਂ ਦੇ ਝੁੰਡਾਂ ਪਿੱਛੇ ਲੁਕਣ-ਮੀਟੀ ਖੇਡਦੀ ਸੂਰਜ ਦੀ ਲਾਲ ਟਿੱਕੀ ਉਤਾਂਹ ਹੋ ਰਹੀ ਹੈ। ਅੱਗੇ ਜਾ ਕੇ ਕਾਰਖਾਨਿਆਂ ਦੀਆਂ ਵਿਰਲੀਆਂ ਇਮਾਰਤਾਂ। ਫਿਰ ਟੁੱਟਵੀਆਂ ਢਾਣੀਆਂ। ਦੂਰ ਸ਼ਾਂਤ ਖੜ੍ਹੀ ਭੱਠੇ ਦੀ ਚਿਮਨੀ। ਸੜਕ ਕਿਨਾਰੇ ਅਜੇ ਬੰਦ ਪਈਆਂ ਦੁਕਾਨਾਂ ਦੀ ਕਤਾਰ। ਵਿਚ ਵਿਚਾਲੇ ਵਿਰਲੇ-ਟਾਵੇਂ ਘਰ। ਇਹ ਸਾਰੇ ਸੜਕ ਕਿਨਾਰੇ ਵਸੇ ਕਿਸੇ ਕਸਬੇ ਦੀ ਆਮਦ ਦੇ ਸੂਚਕ ਹਨ।

ਬੱਸ ਅਗਲੇਰੇ ਪੜ੍ਹਾਅ ਉਤੇ ਰੁਕਦੀ ਹੈ। ਕੁਝ ਸਵਾਰੀਆਂ ਕਾਹਲੀ ਨਾਲ ਉਤਰਦੀਆਂ-ਚੜ੍ਹਦੀਆਂ ਹਨ। ਅਚਾਨਕ ਬੱਸ ਦੇ ਕੈਬਿਨ ਦਾ ਦਰਵਾਜ਼ਾ ਖੁੱਲ੍ਹਦਾ ਹੈ। ਦੋ-ਤਿੰਨ ਆਦਮੀ ਥੱਲੇ ਉੱਤਰਦੇ ਹਨ। ਮੇਰੀ ਸਰਸਰੀ ਨਜ਼ਰ ਬੱਸ ਦੇ ਡੈਸ਼ ਬੋਰਡ ਉਤੇ ਪੈਂਦੀ ਹੈ। ਨਜ਼ਰ ਕੰਡਕਟਰ ਸੀਟ ਦੇ ਐਨ ਸਾਹਮਣੇ ਡੈਸ਼ ਬੋਰਡ ਉਤੇ ਮੂਧੀ ਪਈ ਕਿਤਾਬ ਉਤੇ ਜਾ ਟਿਕਦੀ ਹੈ।

Advertisement

ਕਿਤਾਬ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਨਾਲ ਸਬੰਧਤ ਹੈ। ਬੱਸ ਵਿੱਚ ਕਿਤਾਬ ਦੀ ਆਮਦ ਮੇਰੇ ਲਈ ਅਚੰਭੇ ਦੀ ਗੱਲ ਹੈ। ਬਹੁਤ ਲੰਮੇ ਅਰਸੇ ਬਾਅਦ ਬੱਸ ਵਿੱਚ ਇਤਿਹਾਸਕ ਸਾਹਿਤ ਨਾਲ ਸਬੰਧਤ ਕੋਈ ਕਿਤਾਬ ਦੇਖੀ। ਸਿਲੇਬਸ ਦੀਆਂ ਕਿਤਾਬਾਂ ਤਾਂ ਮੈਂ ਸਫ਼ਰ ਕਰਦੇ ਵਿਦਿਆਰਥੀਆਂ ਦੇ ਹੱਥਾਂ ਵਿਚ ਅਕਸਰ ਦੇਖਦਾ ਹਾਂ। ਕੰਡਕਟਰ ਤਾਂ ਸਾਰੇ ਰਾਹ ਟਿਕਟਾਂ ਕੱਟਦਾ ਆਇਐ। ਫਿਰ ਇਹ ਕਿਤਾਬ ਕੌਣ ਪੜ੍ਹਦਾ ਆਇਆ? ਸਵਾਲ ਦਾ ਜਵਾਬ ਜਾਨਣ ਦੀ ਉਤਸੁਕਤਾ ਸੀ। ਸੀਟੀ ਵੱਜਦਿਆਂ ਬੱਸ ਫੇਰ ਤੁਰ ਪਈ। ਬੱਸ ਦੇ ਤੁਰਦਿਆਂ-ਤੁਰਦਿਆਂ ਰਤਾ ਕੁ ਭਾਰੀ ਜੁੱਸੇ ਵਾਲਾ ਵਿਅਕਤੀ ਬੱਸ ਵਿਚ ਸਵਾਰ ਹੁੰਦਿਆਂ ਸਾਰ ਕੈਬਿਨ ‘ਚ ਜਾ ਵੜਿਆ। ਕੰਡਕਟਰ ਵਾਲੀ ਸੀਟ ਉਤੇ ਜਾ ਬੈਠਾ। ਉਸ ਨੇ ਜੀਨ-ਸ਼ਰਟ ਪਹਿਨੀ ਹੋਈ ਸੀ। ਸਿਰ ਉਤੇ ਫਿੱਕੇ ਨੀਲੇ ਰੰਗ ਦੀ ਦਸਤਾਰ। ਉਸ ਨੇ ਕਾਹਲੀ ਨਾਲ ਐਨਕ ਲਗਾਈ। ਫਿਰ ਡੈਸ਼ ਬੋਰਡ ਉਤੇ ਪਈ ਕਿਤਾਬ ਨੂੰ ਚੁੱਕ ਕੇ ਪੜ੍ਹਨ ਵਿਚ ਮਗਨ ਹੋ ਗਿਆ। ਦਿੱਖ ਤੋਂ ਉਹ ਚੰਗਾ ਪੜ੍ਹਿਆ-ਲਿਖਿਆ ਕਿਸੇ ਚੰਗੇ ਅਹੁਦੇ ਉਤੇ ਕੰਮ ਕਰਨ ਵਾਲਾ ਵਿਅਕਤੀ ਲੱਗ ਰਿਹਾ ਸੀ। ਮੈਂ ਟਿਕਟਿਕੀ ਲਾ ਕਦੇ ਕਿਤਾਬ ਵੱਲ ਤੇ ਕਦੇ ਉਸ ਵਿਅਕਤੀ ਦੇ ਚਿਹਰੇ ਵੱਲ ਤੱਕਦਾ ਰਿਹਾ। ਅਗਲੇ ਅੱਡੇ ਕਾਫੀ ਸਵਾਰੀਆਂ ਮੇਰੇ ਅਤੇ ਉਸ ਪੁਸਤਕ ਪ੍ਰੇਮੀ ਵਿਚਕਾਰ ਆ ਖਲੋਈਆਂ। ਹੁਣ ਉਹ ਮੇਰੀਆਂ ਨਜ਼ਰਾਂ ਤੋਂ ਓਹਲੇ ਸੀ। ਮੇਰੇ ਅੰਦਰ ਉਸ ਪਾਠਕ ਨੂੰ ਜਾਨਣ ਦੀ ਇੱਛਾ ਹੋਰ ਪ੍ਰਬਲ ਹੋ ਗਈ। ਟਿਕਟਾਂ ਕੱਟਦਾ ਕੰਡਕਟਰ ਮੇਰੇ ਕੋਲ ਆ ਪਹੁੰਚਿਆ। ‘ਵੀਰ ! ਕੰਡਕਟਰ ਵਾਲੀ ਸੀਟ ’ਤੇ ਬੈਠ ਕੇ ਕਿਤਾਬ ਪੜ੍ਹ ਰਿਹਾ ਵਿਅਕਤੀ ਕੌਣ ਹੈ?’ ਮੈਂ ਆਪਣੀ ਸ਼ੰਕਾ ਕੰਡਕਟਰ ਨਾਲ ਸਾਂਝੀ ਕੀਤੀ। ‘ਇਹ ਸਾਡਾ ਫੋਰਮੈਨ ਆ...। ਵਰਕਸ਼ਾਪ ਵਿਚ ਬੱਸਾਂ ਦੀ ਮੁਰੰਮਤ ਕਰਦੈ...।’ ਉਸ ਦਾ ਜਵਾਬ ਸੀ। ‘ਅਸ਼ਕੇ! ਮੈਂ ਸੋਚਿਆ ਸ਼ਾਇਦ ਕਿਤਾਬ ਤੁਹਾਡੀ ਹੈ... ਬੜੇ ਸਮੇਂ ਬਾਅਦ ਵੇਖੀ ਹੈ, ਬੱਸ ਵਿਚ ਕਿਸੇ ਸਵਾਰੀ ਹੱਥ ਕਿਤਾਬ...।’ ਮੈਂ ਸਪੱਸ਼ਟ ਕੀਤਾ। ‘ਹਾਂ, ਦਿਲ ਤਾਂ ਮੇਰਾ ਵੀ ਕਰਦੈ ਕਿਤਾਬਾਂ ਪੜ੍ਹਨ ਨੂੰ ਸਾਹਬ...ਪਰ ਸਾਡਾ ਕਿੱਤਾ ਈ ਇਹੋ ਜਿਹੈ... ਸਿਰ ਖੁਰਕਣ ਦੀ ਵਿਹਲ ਨਈਂ...।’

Advertisement

ਅਗਲੇ ਅੱਡੇ ਕਾਫੀ ਸਵਾਰੀਆਂ ਉੱਤਰ ਗਈਆਂ। ਉਹ ਹਾਲੇ ਵੀ ਕਿਤਾਬ ਪੜ੍ਹ ਰਿਹਾ ਸੀ। ਮੈਥੋਂ ਰਿਹਾ ਨਾ ਗਿਆ। ਮੈਂ ਉੱਠ ਕੇ ਉਸ ਕੋਲ ਜਾ ਬੈਠਾ। ਉਸ ਨੇ ਕਿਤਾਬ ਆਪਣੀ ਬੁੱਕਲ ਵਿਚ ਮੂਧੀ ਮਾਰ ਲਈ। ਆਪਣੇ ਚਿਹਰੇ ਦੀ ਮੁਸਕੁਰਾਹਟ ਮੇਰੇ ਤੱਕ ਫੈਲਾ ਦਿੱਤੀ। ‘ਵੀਰ ਜੀ ! ਮੈਂ ਵੀ ਕਿਤਾਬਾਂ ਦਾ ਕਦਰਦਾਨ ਹਾਂ... ਪਿਛਲੇ ਕਰੀਬ ਇੱਕ ਘੰਟੇ ਤੋਂ ਤੁਹਾਨੂੰ ਕਿਤਾਬ ਪੜ੍ਹਦੇ ਨੂੰ ਦੇਖਦਾ ਆ ਰਿਹਾ ਹਾਂ।’ ਕਹਿੰਦਿਆਂ ਮੈਂ ਆਪਣੀ ਜਾਣ-ਪਛਾਣ ਕਰਵਾਈ। ਉਸ ਨੇ ਖੁਸ਼ੀ ਮਹਿਸੂਸ ਕਰਦਿਆਂ ਮੇਰਾ ਸ਼ੁਕਰੀਆ ਅਦਾ ਕੀਤਾ। ‘ਤੁਸੀਂ ਕਿੰਨੀ ਪੜ੍ਹਾਈ ਕੀਤੀ ਹੈ ਤੇ ਤੁਹਾਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਕਿਵੇਂ ਪਿਆ?’ ਮੇਰਾ ਉਸ ਨੂੰ ਦੋਹਰਾ ਸਵਾਲ ਸੀ। ਲੰਬਾ ਸਾਹ ਭਰਦਿਆਂ ਉਹ ਬੋਲਿਆ, ‘ਪਿਆਰੇ ਵੀਰ! ਮੈਂ ਗ੍ਰੈਜੂਏਟ ਹਾਂ... ਕਾਲਜ ਦੇ ਸਮੇਂ ਵਿਦਿਆਰਥੀ ਯੂਨੀਅਨ ਵਿਚ ਸਰਗਰਮ ਮੈਂਬਰ ਰਿਹਾ ਹਾਂ...। ਫੋਰਮੈਨ ਦੀ ਨੌਕਰੀ ਮਿਲਣ ਉਪਰੰਤ ਪੀ.ਆਰ.ਟੀ.ਸੀ. ਅਤੇ ਟਰੇਡ ਯੂਨੀਅਨਾਂ ਵਿਚ ਸਰਗਰਮੀ ਨਾਲ ਕੰਮ ਕਰ ਰਿਹਾ ਹਾਂ... ਆਪਣੇ ਹੱਕਾਂ ਦੀ ਪ੍ਰਾਪਤੀ ਦਾ ਸੁਵੱਲੜਾ ਰਾਹ ਮੈਨੂੰ ਇਨ੍ਹਾਂ ਕਿਤਾਬਾਂ ਵਿਚੋਂ ਸਪੱਸ਼ਟ ਨਜ਼ਰ ਆਉਂਦੈ...। ‘ਉਸ ਨੇ ਆਪਣਾ ਬੈਗ ਖੋਲ੍ਹ ਕੇ ਸਭਿਆਚਾਰਕ ਇਤਿਹਾਸ ਨਾਲ ਸਬੰਧਤ ਤਿੰਨ-ਚਾਰ ਹੋਰ ਕਿਤਾਬਾਂ ਦਿਖਾਉਂਦਿਆਂ ਕਿਹਾ, ‘ਦੁੱਲੇ, ਭਗਤ, ਸਰਾਭੇ ਵਰਗੇ ਇਨਕਲਾਬੀ ਯੋਧਿਆਂ ਦੇ ਵਿਰਸੇ ਦੀਆਂ ਪੈੜਾਂ ਸਾਨੂੰ ਇਨ੍ਹਾਂ ਕਿਤਾਬਾਂ ਵਿਚੋਂ ਲੱਭਦੀਆਂ ਨੇ ਵੀਰ ਜੀ...।

ਮੈਂ ਆਪਣੀ ਮੰਜ਼ਿਲ ਉਤੇ ਪਹੁੰਚ ਚੁੱਕਾ ਸੀ। ਬੱਸ ਰੁਕੀ। ਉਸ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਫਿਰ ਮਿਲਣ ਦੇ ਵਾਅਦੇ ਨਾਲ ਬੱਸ ਵਿਚੋਂ ਥੱਲੇ ਉੱਤਰ ਗਿਆ। ਕੁੱਝ ਸਮਾਂ ਪਹਿਲਾਂ ਦਰੱਖਤਾਂ ਓਹਲੇ ਲੁਕਣ-ਮੀਟੀ ਖੇਡਣ ਵਾਲੀ ਸੂਹੇ ਰੰਗ ਦੇ ਸੂਰਜ ਦੀ ਟਿੱਕੀ ਆਕਾਸ਼ ਵਿਚ ਰੌਸ਼ਨੀ ਦੀ ਨਵੀਂ ਇਬਾਰਤ ਲਿਖ ਰਹੀ ਸੀ।

ਸੰਪਰਕ: 98762-24461

Advertisement
×