ਨਾਇਬ ਸੈਣੀ ਦਾ ਮਿਸ਼ਨ ਪੰਜਾਬ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਪਿਛਲੇ ਕੁਝ ਸਮੇਂ ਦੌਰਾਨ ਕੀਤੀਆਂ ਗਈਆਂ ਪੰਜਾਬ ਦੀਆਂ ਫੇਰੀਆਂ ਮੌਕਾ ਮੇਲ ਨਹੀਂ ਸਗੋਂ ਵਡੇਰੀ ਸਿਆਸੀ ਰਣਨੀਤੀ ਦਾ ਹਿੱਸਾ ਹਨ। ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਪੁਆਧ ਖੇਤਰ ਜਿੱਥੇ ਸੈਣੀ ਭਾਈਚਾਰੇ ਦੀ ਕਾਫ਼ੀ ਤਾਦਾਦ ਵਸਦੀ ਹੈ, ਵਿੱਚ ਪੌਦੇ ਲਾਉਣ ਅਤੇ ਲੋਕ ਸੰਪਰਕ ਦੀ ਮੁਹਿੰਮ ਤੋਂ ਪਤਾ ਲੱਗਦਾ ਹੈ ਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਖਿੰਡੇ ਖੱਪਰੇ ਸਿਆਸੀ ਧਰਾਤਲ ਵਿੱਚ ਘੁਸਪੈਠ ਲਈ ਬਹੁਤ ਉਤਸੁਕ ਹੈ। ਸੈਣੀ ਜੋ ਹਰਿਆਣਾ ਵਿੱਚ ਭਾਜਪਾ ਦਾ ਹੋਰਨਾਂ ਪਛੜੇ ਵਰਗਾਂ ਦਾ ਚਿਹਰਾ ਹਨ, ਆਪਣੇ ਆਪ ਨੂੰ ਇਨ੍ਹਾਂ ਦੋ ਸੂਬਿਆਂ ਵਿੱਚਕਾਰ ਪੁਲ ਬਣਨ ਦੀ ਪੁਜ਼ੀਸ਼ਨ ਵਿੱਚ ਰੱਖ ਕੇ ਦੇਖ ਰਹੇ ਹਨ। ਉਨ੍ਹਾਂ ਵੱਲੋਂ ਸਿੱਖਾਂ ਦੇ ਦਬਦਬੇ ਵਾਲੇ ਖੇਤਰਾਂ, ਗੁਰਦੁਆਰਿਆਂ ਦੀਆਂ ਫੇਰੀਆਂ ਅਤੇ ਭਾਈਚਾਰੇ ਦੇ ਵੱਕਾਰ ਵੱਲ ਸੇਧਿਤ ਪ੍ਰਤੀਕਾਂ ਤੱਕ ਪਹੁੰਚ ਇਹ ਸਭ ਕੁਝ ਗਿਣੀ ਮਿੱਥੀ ਖੇਡ ਦਾ ਹਿੱਸਾ ਹਨ ਤਾਂ ਕਿ ਪੰਜਾਬ ਵਰਗੇ ਸੂਬੇ ਵਿੱਚ ਭਾਜਪਾ ਦੇ ਅਕਸ ਨੂੰ ਨਿਖਾਰਿਆ ਜਾ ਸਕੇ ਕਿਉਂਕਿ ਪਿਛਲੇ ਲੰਮੇ ਅਰਸੇ ਤੋਂ ਭਾਜਪਾ ਨੂੰ ਸਿੱਖਾਂ ਅੰਦਰ ਆਪਣੇ ਪੈਰ ਜਮਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਖ਼ਾਸਕਰ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਇਸ ਲਈ ਇਹ ਵੱਡੀ ਚੁਣੌਤੀ ਬਣੀ ਹੋਈ ਹੈ। ਹਰਿਆਣਾ ਸਰਕਾਰ ਵੱਲੋਂ ਆਨੰਦਪੁਰ ਸਾਹਿਬ ਵਿਖੇ ਸਥਿਤ ਵਿਰਾਸਤ-ਏ-ਖ਼ਾਲਸਾ ਦੀ ਤਰਜ ’ਤੇ ਕੁਰੂਕਸ਼ੇਤਰ ਵਿੱਚ ਸਿੱਖ ਅਜਾਇਬਘਰ ਬਣਾਉਣ ਦੀ ਯੋਜਨਾ ਦੀ ਅਹਿਮੀਅਤ ਨੂੰ ਵੀ ਇਸੇ ਰੋਸ਼ਨੀ ਵਿੱਚ ਸਮਝਿਆ ਜਾ ਰਿਹਾ ਹੈ। ਪੰਜਾਬ ਵਿੱਚ ਸੈਣੀ ਦੇ ਵਾਰ-ਵਾਰ ਗੇਡਿ਼ਆਂ ਨਾਲ ਭਾਜਪਾ ਦੇ ਹੇਠਲੇ ਪੱਧਰ ਦੇ ਵਰਕਰਾਂ ਨੂੰ ਹੁਲਾਰਾ ਮਿਲਿਆ ਹੈ।
ਪਾਰਟੀ ਉਸ ’ਚ ‘ਮਿਸ਼ਨ ਪੰਜਾਬ’ ਲਈ ਸੰਭਾਵੀ ਚਿਹਰਾ ਦੇਖਦੀ ਹੈ- ਅਜਿਹਾ ਜਿਹੜਾ ਖੇਤਰ ਦੇ ਲੋਕਾਂ ਨਾਲ ਸੰਪਰਕ ਕਾਇਮ ਕਰ ਸਕਦਾ ਹੈ; ਹਾਲਾਂਕਿ ਸਭ-ਕੁਝ ਠੀਕ-ਠਾਕ ਨਹੀਂ ਹੈ। ਸੈਣੀ ਦੇ ਲੁਧਿਆਣਾ ਦੌਰੇ ਦਾ ਪਹਿਲਾਂ ਵਿਰੋਧ ਹੋਇਆ ਸੀ, ਜੋ ਲੋਕਾਂ ਦੇ ਸਹਿਜ ਨਾ ਹੋਣ ਵੱਲ ਇਸ਼ਾਰਾ ਕਰਦਾ ਹੈ। ਇਸ ਨੂੰ ਚੁਣਾਵੀ ਫ਼ਾਇਦਿਆਂ ਲਈ ਸਿਆਸੀ ਮੌਕਾਪ੍ਰਸਤੀ ਵਜੋਂ ਵੀ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਪਾਣੀ ਦੀ ਵੰਡ ਵਰਗੇ ਭਖਦੇ ਅੰਤਰ-ਰਾਜੀ ਵਿਵਾਦ, ਬੀਬੀਐੱਮਬੀ ’ਤੇ ਕੰਟਰੋਲ ਅਤੇ ਕਿਸਾਨ ਅੰਦੋਲਨ ਵਰਗੇ ਮੁੱਦਿਆਂ ਦੇ ਪਿਛੋਕੜ ਵਿੱਚ ਇਹ ਧਾਰਨਾ ਵਧੀ ਹੈ ਕਿ ਸੈਣੀ ਦੀਆਂ ਪਹਿਲਕਦਮੀਆਂ ਏਕੇ ਲਈ ਘੱਟ ਤੇ ਖੇਤਰੀ ਪਛਾਣਾਂ ਦਾ ਫ਼ਾਇਦਾ ਚੁੱਕਣ ਲਈ ਵੱਧ ਹਨ।
ਇਸ ਤਰ੍ਹਾਂ ਵੱਡਾ ਸਵਾਲ ਇਹ ਹੈ ਕਿ ਕੀ ਇਹ ਰਾਬਤਾ ਸੰਕੇਤਕ ਕਾਰਵਾਈਆਂ ਅਤੇ ਪਛਾਣ ਦੀ ਸਿਆਸਤ ਤੋਂ ਪਰ੍ਹੇ ਅਸਰਦਾਰ ਹੈ? ਕੀ ਇਹ ਭਰੋਸੇ ਤੇ ਵੋਟਾਂ ਵਿੱਚ ਬਦਲੇਗਾ ਜਾਂ ਫਿਰ ਮੌਕਾਪ੍ਰਸਤੀ ਦੇ ਰੂਪ ਵਿੱਚ ਪੁੱਠਾ ਪਵੇਗਾ? ਕੁਝ ਵੀ ਹੋਵੇ, ਸੈਣੀ ਨੇ ਪੰਜਾਬ ਦੇ ਸਿਆਸੀ ਅਖਾੜੇ ਵਿੱਚ ਹਲਚਲ ਜ਼ਰੂਰ ਪੈਦਾ ਕਰ ਦਿੱਤੀ ਹੈ। ਇੱਕ ਸੂਬਾ ਜਿਹੜਾ ਭਰੋਸੇਯੋਗ ਸਿਆਸੀ ਬਦਲ ਤਲਾਸ਼ ਰਿਹਾ ਹੈ, 2027 ਦੀਆਂ ਚੋਣਾਂ ਤੋਂ ਪਹਿਲਾਂ ਇਹ ਉੱਥੋਂ ਦੇ ਰਾਜਨੀਤਕ ਭੂ-ਦ੍ਰਿਸ਼ ਵਿੱਚ ਮੁਕਾਬਲੇ ਨੂੰ ਹੋਰ ਤਿੱਖਾ ਕਰਨ ਦਾ ਸੂਚਕ ਸਾਬਿਤ ਹੋ ਸਕਦਾ ਹੈ।