ਮੋਦੀ-ਟਰੰਪ ਗੱਲਬਾਤ
ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਅਤੇ ਪਾਕਿਸਤਾਨ ਨੂੰ ਜੰਗਬੰਦੀ ਲਈ ਰਾਜ਼ੀ ਕਰਾਉਣ ਬਦਲੇ ਆਪਣੀ ਪਿੱਠ ਥਾਪੜ ਰਹੇ ਹਨ। ਦਰਅਸਲ, ਉਨ੍ਹਾਂ ਨੇ ਹੀ 10 ਮਈ ਨੂੰ ਇਹ ਐਲਾਨ ਕਰ ਕੇ ਦੁਨੀਆ ਨੂੰ ਦੰਗ ਕਰ ਦਿੱਤਾ ਸੀ ਕਿ ਅਮਰੀਕਾ ਦੀ ਸਾਲਸੀ ਨਾਲ ਰਾਤ ਭਰ ਚੱਲੀ ਗੱਲਬਾਤ ਸਦਕਾ ‘ਇੱਕ ਪੂਰੀ ਅਤੇ ਫੌਰੀ ਜੰਗਬੰਦੀ’ ਹੋ ਗਈ ਹੈ; ਹਾਲਾਂਕਿ ਟਰੰਪ ਜੇ ਕੁਝ ਘੰਟੇ ਨਹੀਂ ਤਾਂ ਕੁਝ ਦਿਨਾਂ ਬਾਅਦ ਆਪਣਾ ਸਟੈਂਡ ਬਦਲਣ ਲਈ ਜਾਣੇ ਜਾਂਦੇ ਹਨ ਪਰ ਇਸ ਵਿਵਾਦਪੂਰਨ ਮੁੱਦੇ ’ਤੇ ਉਨ੍ਹਾਂ ਆਪਣੀ ਕਠੋਰ ਸੁਰ ਬਣਾ ਕੇ ਰੱਖੀ ਹੈ। ਉਨ੍ਹਾਂ ਵੱਲੋਂ ਵਾਰ-ਵਾਰ ਇਹ ਦਾਅਵਾ ਕਰਨਾ ਭਾਰਤ ਲਈ ਰੋੜਾ ਬਣਿਆ ਹੈ ਜੋ ਇਤਿਹਾਸਕ ਤੌਰ ’ਤੇ ਦੁਵੱਲੇ ਮੁੱਦਿਆਂ ਵਿੱਚ ਤੀਜੀ ਧਿਰ ਦੀ ਵਿਚੋਲਗੀ ਨੂੰ ਰੱਦ ਕਰਦਾ ਰਿਹਾ ਹੈ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ਵਿੱਚ ਰਿਕਾਰਡ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਸਬੰਧ ਵਿੱਚ ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਨੇ ਇਸਲਾਮਾਬਾਦ ਦੀ ਬੇਨਤੀ ’ਤੇ ਅਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਖ਼ਿਲਾਫ਼ ਹਮਲੇ ਰੋਕ ਦਿੱਤੇ ਸਨ ਨਾ ਕਿ ਅਮਰੀਕਾ ਵੱਲੋਂ ਕੀਤੀ ਕਿਸੇ ਪੇਸ਼ਕਸ਼ ਜਾਂ ਵਪਾਰ ਸੰਧੀ ਕਰ ਕੇ। ਉਨ੍ਹਾਂ ਦੇ ਇਸ ਨਿਸ਼ਚੇ ਨਾਲ ਟਰੰਪ ਵੱਲੋਂ ਮਾਰੀ ਗਈ ਇਸ ਸ਼ੇਖੀ ਉੱਪਰ ਸਵਾਲੀਆ ਚਿੰਨ੍ਹ ਲੱਗ ਗਿਆ ਹੈ ਕਿ ਉਨ੍ਹਾਂ ਵਪਾਰ ਦਾ ਦਾਅ ਵਰਤ ਕੇ ਭਾਰਤ ਅਤੇ ਪਾਕਿਸਤਾਨ ਨੂੰ ਸਮਝਦਾਰੀ ਤੋਂ ਕੰਮ ਲੈਣ ਦਾ ਰਾਹ ਦਿਖਾਇਆ ਸੀ। ਵੱਡਾ ਸਵਾਲ ਇਹ ਹੈ: ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਸਿੱਧੀ ਸਪੱਸ਼ਟ ਗੱਲ ਟਰੰਪ ਨੂੰ ਤਰਕ ਵਿਚਾਰਨ ਅਤੇ ਭਾਰਤ ਪਾਕਿਸਤਾਨ ਮਾਮਲਿਆਂ ’ਚ ਦਖਲ ਦੇਣ ਤੋਂ ਦੂਰ ਰਹਿਣ ਲਈ ਮਜਬੂਰ ਕਰੇਗੀ?
ਅਮਰੀਕੀ ਰਾਸ਼ਟਰਪਤੀ ਦੇ ਹਾਲੀਆ ਭੜਕਾਊ ਕਦਮ ਦੇ ਮੱਦੇਨਜ਼ਰ ਇਹ ਸੰਭਾਵਨਾ ਮੱਧਮ ਲੱਗਦੀ ਹੈ- ਉਹ ਪਾਕਿਸਤਾਨੀ ਸੈਨਾ ਮੁਖੀ ਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਵ੍ਹਾਈਟ ਹਾਊਸ ਵਿੱਚ ਦੁਪਹਿਰ ਦੇ ਭੋਜ ’ਤੇ ਸੱਦ ਰਹੇ ਹਨ। ਇਹ ਮੁਨੀਰ ਹੀ ਸੀ ਜਿਸ ਨੇ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਸਿਰਫ਼ ਇੱਕ ਹਫ਼ਤਾ ਪਹਿਲਾਂ ਕਸ਼ਮੀਰ ਨੂੰ ਪਾਕਿਸਤਾਨ ਦੀ ਜੀਵਨ ਰੇਖਾ ਗਰਦਾਨਿਆ ਸੀ। ਉਸ ਨੂੰ ਪ੍ਰਤੱਖ ਤੌਰ ’ਤੇ ਆਪਣੇ ਮੁਲਕ ਦੀ ਅਮਰੀਕਾ ਨਾਲ ਮਜ਼ਬੂਤ ਕੀਤੀ ਅਤਿਵਾਦ ਵਿਰੋਧੀ ਭਾਈਵਾਲੀ ਦਾ ਇਨਾਮ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਉਸ ਦੀ ਮੁੱਖ ਭੂਮਿਕਾ ਰਹੀ ਹੈ। ਇਹ ਸਾਰਾ ਕੁਝ ਭਾਰਤੀ ਕੂਟਨੀਤੀ ਲਈ ਵੱਡੀ ਚੁਣੌਤੀ ਹੈ, ਜਿਸ ਨੂੰ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਖੁੱਲ੍ਹੀ ਮਦਦ ਲਈ ਅਮਰੀਕਾ ਦਾ ਸਾਹਮਣਾ ਕਰਨਾ ਪਏਗਾ ਅਤੇ ਨਫ਼ੇ-ਨੁਕਸਾਨ ਵਿਚਾਰਨੇ ਪੈਣਗੇ; ਹਾਲਾਂਕਿ, ਦਹਾਕਿਆਂ ਬੱਧੀ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਦਹਿਸ਼ਤਗਰਦੀ ਦਾ ਸ਼ਿਕਾਰ ਹੋਣ ਕਰ ਕੇ ਭਾਰਤ ਇਸ ਸਭ ਨੂੰ ਐਵੇਂ ਦਰਗੁਜ਼ਰ ਨਹੀਂ ਕਰ ਸਕਦਾ। ਕਸ਼ਮੀਰ ਦੇ ਮੁੱਦੇ ਨੂੰ ਕੌਮਾਂਤਰੀ ਰੰਗਤ ਦੇਣ ਤੋਂ ਇਸਲਾਮਾਬਾਦ ਨੂੰ ਰੋਕਣ ਲਈ ਇਸ ਨੂੰ ਹਰ ਸੰਭਵ ਯਤਨ ਕਰਨਾ ਪਏਗਾ। ਜੇਕਰ ਇਹ ਅਮਰੀਕਾ ਨੂੰ ਨਾਰਾਜ਼ ਵੀ ਕਰਦਾ ਹੈ ਤਾਂ ਵੀ ਇਸ ਦੀ ਪਰਵਾਹ ਨਹੀਂ ਕਰਨੀ ਚਾਹੀਦੀ।