DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਵਾਈ

ਹੰਸ ਰਾਜ ਨੇ ਪਿਛਲੇ ਸਾਲ ਲੈਨਜ਼ ਪਵਾਉਣ ਦੀ ‘ਤਕਲੀਫ’ ਤੋਂ ਬਚਣ ਲਈ ਪੂਰਾ ਦਿਨ ਵਾਰ-ਵਾਰ ਅੱਖ ਵਿੱਚ ਦਵਾਈ ਪਾ ਕੇ ਕਢਵਾ ਲਈ ਸੀ ਅਤੇ ਨਜ਼ਰ ਵਧਾ ਲਈ ਸੀ। ਇਸ ਵਾਰ ਅੱਖਾਂ ਦੇ ਜਾਂਚ ਕੈਂਪ ਵਿੱਚ ਦੂਸਰੀ ਅੱਖ ਦੀ ਨਜ਼ਰ ਇਸੇ...

  • fb
  • twitter
  • whatsapp
  • whatsapp
Advertisement

ਹੰਸ ਰਾਜ ਨੇ ਪਿਛਲੇ ਸਾਲ ਲੈਨਜ਼ ਪਵਾਉਣ ਦੀ ‘ਤਕਲੀਫ’ ਤੋਂ ਬਚਣ ਲਈ ਪੂਰਾ ਦਿਨ ਵਾਰ-ਵਾਰ ਅੱਖ ਵਿੱਚ ਦਵਾਈ ਪਾ ਕੇ ਕਢਵਾ ਲਈ ਸੀ ਅਤੇ ਨਜ਼ਰ ਵਧਾ ਲਈ ਸੀ। ਇਸ ਵਾਰ ਅੱਖਾਂ ਦੇ ਜਾਂਚ ਕੈਂਪ ਵਿੱਚ ਦੂਸਰੀ ਅੱਖ ਦੀ ਨਜ਼ਰ ਇਸੇ ਤਰੀਕੇ ਨਾਲ ਵਧਾਉਣ ਦੀ ਆਸ ਨਾਲ ਰਜਿਸਟਰੇਸ਼ਨ ਵਾਲੀ ਲਾਈਨ ਵਿੱਚ ਸਭ ਤੋਂ ਮੂਹਰੇ ਖੜ੍ਹਾ ਸੀ।

ਪਿਛਲੇ ਸਾਲ ਜਾਂਚ ਕਰਕੇ ਡਾਕਟਰ ਸਾਹਿਬ ਨੇ ਹੰਸ ਰਾਜ ਨੂੰ ਅੱਖ ਵਿੱਚ ਲੈਨਜ਼ ਪਾਉਣ ਲਈ ਕਿਹਾ ਸੀ। ਦੂਸਰੇ ਦਿਨ ਸਵੇਰੇ ਕੈਂਪ ਪ੍ਰਬੰਧਕਾਂ ਨੇ ਲੈਨਜ਼ ਪਵਾਉਣ ਵਾਲਿਆਂ ਨੂੰ ਸ਼ਹਿਰ ਦੇ ਅੱਖਾਂ ਦੇ ਹਸਪਤਾਲ ਲਿਜਾਣ ਲਈ ਬੱਸ ਦਾ ਪ੍ਰਬੰਧ ਕੀਤਾ ਸੀ। ਹਸਪਤਾਲ ਪਹੁੰਚਣ ਤੋਂ ਬਾਅਦ ਸਟਾਫ ਨੇ ਸਾਰੇ ਮਰੀਜ਼ਾਂ ਦੀ ਦੁਬਾਰਾ ਮਸ਼ੀਨਾਂ ਨਾਲ ਜਾਂਚ ਕਰਕੇ ਅੱਖਾਂ ਵਿੱਚ ਅੱਧੇ-ਅੱਧੇ ਘੰਟੇ ਬਾਅਦ ਦਵਾਈ ਪਾਉਣੀ ਸ਼ੁਰੂ ਕਰ ਦਿੱਤੀ ਤਾਂ ਕਿ ਅੱਖਾਂ ਲੈਨਜ਼ ਪਾਉਣ ਲਈ ਤਿਆਰ ਹੋ ਜਾਣ। ਉਸ ਦਿਨ ਲਗਪਗ ਪੰਜਾਹ ਲੈਨਜ਼ ਪਾਏ ਜਾਣੇ ਸਨ। ਅਪਰੇਸ਼ਨ ਥੀਏਟਰ ਦਾ ਸਟਾਫ ਤਿਆਰੀ ਵਿੱਚ ਰੁੱਝਿਆ ਹੋਇਆ ਸੀ।

Advertisement

ਹੰਸ ਰਾਜ ਨੂੰ ਇਹ ਜਾਨਣ ਦੀ ਅੱਚੋਆਈ ਲੱਗੀ ਹੋਈ ਸੀ ਕਿ ਲੈਨਜ਼ ਕਿਵੇਂ ਪਾਉਣਗੇ, ਦਰਦ ਕਿੰਨੀ ਕੁ ਹੋਵੇਗੀ। ਉਹ ਵਾਰ-ਵਾਰ ਆਪਣੀ ਜਗ੍ਹਾ ਤੋਂ ਉੱਠ ਕੇ ਕਦੇ ਕਿਸੇ ਕੋਲ ਕਦੇ ਕਿਸੇ ਦੂਸਰੇ ਕੋਲ ਜਾ ਕੇ ਕੰਨ ਵਿੱਚ ਗੱਲ ਕਰਦਾ ਪਰ ਉਸਦੇ ਸਵਾਲ ਦਾ ਜਵਾਬ ਕਿਸੇ ਕੋਲ ਵੀ ਨਹੀਂ ਸੀ। ਹਰ ਕੋਈ ਸਿਰ ਹਿਲਾ ਦਿੰਦਾ ਕਿ ਉਸ ਨੂੰ ਨਹੀਂ ਪਤਾ ਕਿੰਨੀ ਤਕਲੀਫ ਹੁੰਦੀ ਹੈ।

Advertisement

ਪੂਰੀ ਤਿਆਰੀ ਹੋ ਜਾਣ ਤੋਂ ਬਾਅਦ ਮਰੀਜ਼ਾਂ ਨੂੰ ਅਪਰੇਸ਼ਨ ਥੀਏਟਰ ਵਿੱਚ ਲਿਜਾਣਾ ਸ਼ੁਰੂ ਕਰ ਦਿੱਤਾ। ਹੰਸ ਰਾਜ ਦਾ ਪੰਦਰਵਾਂ ਨੰਬਰ ਸੀ। ਲੈਨਜ਼ ਪਾ ਕੇ ਅੱਖ ਉੱਪਰ ਰੂੰ ਦੇ ਫੰਬੇ ਰੱਖ ਕੇ ਟੇਪ ਲਗਾਈ ਮਰੀਜ਼ ਬਾਹਰ ਆਉਣੇ ਸ਼ੁਰੂ ਹੋ ਗਏ। ਹੰਸ ਰਾਜ ਦੇ ਦਿਲ ਦੀ ਧੜਕਣ ਕਾਬੂ ਵਿੱਚ ਨਹੀਂ ਆ ਰਹੀ ਸੀ। ਉਹ ਅਪਰੇਸ਼ਨ ਥੀਏਟਰ ਮੂਹਰਿਉਂ ਲੰਘ ਕੇ ਮਰੀਜ਼ਾਂ ਦੀਆਂ ਚੀਕਾਂ ਸੁਣਨ ਦੀ ਕੋਸ਼ਿਸ਼ ਕਰਦਾ ਪਰ ਉਸਨੂੰ ਕੁੱਝ ਵੀ ਸੁਣਾਈ ਨਾ ਦਿੱਤਾ। ਉਸ ਦੇ ਦਿਮਾਗ਼ ਨੇ ਤਸੱਵਰ ਕਰ ਲਿਆ ਕਿ ਅਪਰੇਸ਼ਨ ਕਰਨ ਵੇਲੇ ਮਰੀਜ਼ ਦੇ ਮੂੰਹ ਵਿੱਚ ਕੱਪੜਾ ਦੇ ਦਿੰਦੇ ਹੋਣਗੇ ਜਿਸ ਕਰਕੇ ਬਾਹਰ ਅਵਾਜ਼ ਨਹੀਂ ਆਉਂਦੀ। ਜਿਨ੍ਹਾਂ ਮਰੀਜ਼ਾਂ ਦੇ ਲੈਨਜ਼ ਪੈ ਗਏ ਸਨ, ਉਹ ਬੇਚੈਨ ਹੰਸ ਰਾਜ ਦਾ ਚਿਹਰਾ ਪੜ੍ਹ ਰਹੇ ਸਨ। ਇੱਕ ਬਜ਼ੁਰਗ ਨੇ ਅਵਾਜ ਮਾਰੀ “ਜੁਆਨਾਂ ਆ ਬਹਿ ਜਾ, ਪ੍ਰੇਸ਼ਾਨ ਨਾ ਹੋ, ਤੇਰੀ ਵਾਰੀ ਵੀ ਆ ਜਾਣੀ ਆਂ”।ਉਹ ਬਜ਼ੁਰਗ ਕੋਲ ਆ ਕੇ ਬੈਠ ਗਿਆ ਅਤੇ ਕੰਨ ਵਿੱਚ ਪੁੱਛਿਆ “ ਬਾਪੂ, ਕਿੰਨੀ ਕੁ ਦਰਦ ਹੁੰਦੀ ਆ”? ਬਾਪੂ ਮੁਸਕਰਾ ਕੇ ਕਹਿੰਦਾ “ਤੈਨੂੰ ਪਤਾ ਲੱਗ ਹੀ ਜਾਣੈ”।

ਥੋੜ੍ਹੇ ਚਿਰ ਬਾਅਦ ਇੱਕ ਅੱਧਖੜ ਜਿਹਾ ਆਦਮੀ ਬਾਹਰ ਆਇਆ ਤਾਂ ਹੰਸ ਰਾਜ ਉਹਦੇ ਕੋਲ ਜਾ ਬੈਠਾ ਅਤੇ ਉਹਦੇ ਕੰਨ ਵਿੱਚ ਕੁੱਝ ਫੁਸਫਸਾਇਆ। ਉਹ ਆਦਮੀ ਰੋਣਾ ਜਿਹਾ ਮੂੰਹ ਬਣਾ ਕੇ ਕਹਿਣ ਲੱਗਾ “ਚੀਕਾਂ ਨਿਕਲ ਜਾਂਦੀਆਂ ਜਦੋਂ ਅੱਖ ਵਿੱਚ ਇੱਕ ਸੂਆ ਜਿਹਾ ਪਾ ਕੇ ਡੇਲਾ ਬਾਹਰ ਕੱਢ ਲੈਂਦੇ ਆ, ਲੈਨਜ਼ ਪਾ ਕੇ ਡੇਲਾ ਦੁਬਾਰਾ ਫਿੱਟ ਕਰਦੇ ਆ”। ਜਦ ਨੂੰ ਹੰਸ ਰਾਜ ਦਾ ਨਾਂ ਲੈ ਕੇ ਅਵਾਜ਼ ਪੈ ਗਈ। ਹੰਸ ਰਾਜ ਦਾ ਸਿਰ ਚਕਰਾ ਗਿਆ। ਆਪਣੇ ਆਪ ਨੂੰ ਸੰਭਾਲਦੇ ਹੋਏ ਆਵਾਜ਼ ਮਾਰਨ ਵਾਲੇ ਨੂੰ ਬਾਥਰੂਮ ਤੋਂ ਹੋ ਕੇ ਆਉਣ ਦਾ ਕਹਿ ਕੇ ਚਲਾ ਗਿਆ। ਆਵਾਜ਼ਾਂ ਪੈਂਦੀਆਂ ਰਹੀਆਂ ਪਰ ਹੰਸ ਰਾਜ ਨਾ ਮੁੜਿਆ। ਪ੍ਰਬੰਧਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਕਿ ਬੰਦਾ ਗਿਆ ਕਿੱਥੇ। ਭਾਲ ਸ਼ੁਰੂ ਹੋਈ ਕਿਸੇ ਨੇ ਦੱਸਿਆ ਕਿ ਇੱਕ ਅੱਧਖੜ ਜਿਹਾ ਆਦਮੀ ਚੌਂਕ ਵੱਲ ਨੂੰ ਕਾਹਲੀ-ਕਾਹਲੀ ਤੁਰਿਆ ਜਾਂਦਾ ਸੀ। ਪ੍ਰਬੰਧਕ ਚੌਕ ਵੱਲ ਨੂੰ ਭੱਜੇ। ਹੰਸ ਰਾਜ ਰਿਕਸ਼ੇ ਵਾਲੇ ਨੂੰ ਬੱਸ ਅੱਡੇ ਜਾਣ ਲਈ ਕਹਿ ਰਿਹਾ ਸੀ। ਉਸਨੂੰ ਰੋਕ ਕੇ ਅਪਰੇਸ਼ਨ ਨਾ ਕਰਨ ਦਾ ਵਾਅਦਾ ਕਰਕੇ ਵਾਪਸ ਲਿਆਂਦਾ ਗਿਆ।

ਹਸਪਤਾਲ ਦੇ ਕਾਊਂਟਰ ’ਤੇ ਕੰਮ ਕਰਦੀ ਔਰਤ ਨੇ ਇਹ ਸਾਰਾ ਨਾਟਕ ਦੇਖਿਆ। ਉਹ ਉੱਠ ਕੇ ਆਈ ਅਤੇ ਹੰਸ ਰਾਜ ਨੂੰ ਇੱਕ ਪਾਸੇ ਬਿਠਾ ਕੇ ਗੱਲਾਂ ਕਰਨ ਲੱਗੀ। ਕੁੱਝ ਸਮੇਂ ਬਾਦ ਹੰਸ ਰਾਜ ਉਸਦੇ ਨਾਲ ਤੁਰ ਪਿਆ ਅਤੇ ਉਹ ਦੋਵੇਂ ਦਰਵਾਜ਼ਾ ਖੋਲ੍ਹ ਕੇ ਅਪਰੇਸ਼ਨ ਥੀਏਟਰ ਵਿੱਚ ਜਾ ਵੜੇ। ਦਸ ਕੁ ਮਿੰਟਾਂ ਬਾਦ ਦੋਵੇਂ ਬਾਹਰ ਆਏ ਤਾਂ ਹੰਸ ਰਾਜ ਦੀ ਅੱਖ ਉੱਪਰ ਰੂੰ ਦਾ ਫੰਬਾ ਰੱਖ ਕੇ ਟੇਪ ਲੱਗੀ ਹੋਈ ਸੀ। ਉਸ ਦਾ ਚਿਹਰਾ ਡਰ-ਮੁਕਤ ਸੀ। ਉਹ ਵੀ ਪਹਿਲਾਂ ਬੈਠੇ ਪੱਟੀਆਂ ਵਾਲਿਆਂ ਵਿੱਚ ਜਾ ਬੈਠਾ। ਜਿਸ ਆਦਮੀ ਨੇ ਉਸ ਨੂੰ ਡੇਲਾ ਬਾਹਰ ਕੱਢ ਕੇ ਲੈਨਜ਼ ਪਾਉਣ ਦਾ ਦੱਸਿਆ ਸੀ, ਉਹੀ ਪੁੱਛਣ ਲੱਗਾ “ ਵੀਰਾ ਕਿੰਨਾ ਕੁ ਦਰਦ ਹੋਇਆ”? ਹੰਸ ਰਾਜ ਕਹਿੰਦਾ “ਜਾਅ ਕਮਲਿਆ, ਮੈਂ ਏਨਾ ਮੂਰਖ ਨਈਂ ਕਿ ਥੁਆਡੇ ਵਾਂਗੂੰ ਅੱਖ ਪੜਵਾ ਲਵਾਂ”। ਅੱਖ ਉੱਪਰ ਪੱਟੀ ਤਾਂ ਬਾਕੀਆਂ ਵਾਂਗ ਹੀ ਹੰਸ ਰਾਜ ਦੀ ਅੱਖ ਉੱਪਰ ਵੀ ਬੱਝੀ ਸੀ ਪਰ ਉਹ ਕਹਿਣਾ ਕੀ ਚਾਹੁੰਦਾ ਸੀ, ਕਿਸੇ ਦੀ ਸਮਝ ਨਾ ਪਿਆ। ਬਜ਼ੁਰਗ ਕਹਿਣ ਲੱਗਾ “ਕਾਕਾ, ਤੂੰ ਤਾਂ ਡਰਦਾ ਬਹੁਤ ਸੀ, ਉਹ ਲੜਕੀ ਤੈਨੂੰ ਕੀ ਕਹਿ ਕੇ ਅੰਦਰ ਲੈ ਗਈ ਸੀ”? “ਉਹਨੇ ਕਿਹਾ, ਤੂੰ ਕੱਲ੍ਹ ਦਾ ਅੱਖ ਵਿੱਚ ਦਵਾਈ ਪਾਈ ਜਾਨੈ, ਤੇਰੀ ਤਾਂ ਅੱਖ ਗਲ਼ ਜਾਣੀ ਆਂ; ਤੂੰ ਮੇਰੇ ਨਾਲ ਚੱਲ, ਮੈਂ ਡਾਕਟਰ ਸਾਹਬ ਨੂੰ ਕਹਿ ਕੇ ਦਵਾਈ ਕਢਵਾ ਦਿੰਦੀ ਆਂ। ਮੈਂ ਅੱਖ ਥੋੜੀ ਪੜਵਾਈ ਆ, ਮੈਂ ਤਾਂ ਦਵਾਈ ਕਢਵਾਈ ਆ”।

ਸੰਪਰਕ: 98728-30235

Advertisement
×