ਮਮਦਾਨੀ ਦੀ ਇਤਿਹਾਸਕ ਜਿੱਤ
ਜ਼ੋਹਰਾਨ ਮਮਦਾਨੀ ਦੀ ਨਿਊਯਾਰਕ ਸ਼ਹਿਰ ਦੇ ਮੇਅਰ ਵਜੋਂ ਚੋਣ ਇਤਿਹਾਸਕ, ਪ੍ਰਤੀਕਾਤਮਕ ਅਤੇ ਜ਼ੋਰਦਾਰ ਢੰਗ ਨਾਲ ਦੇਸੀ ਹੈ। 34 ਸਾਲ ਦੇ ਮਮਦਾਨੀ, ਲੰਘੀ ਇੱਕ ਸਦੀ ਵਿੱਚ ਸ਼ਹਿਰ ਦੇ ਸਭ ਤੋਂ ਘੱਟ ਉਮਰ ਦੇ ਮੇਅਰ, ਨਿਊ ਯਾਰਕ ਦੇ ਪਹਿਲੇ ਮੁਸਲਿਮ ਤੇ ਪਹਿਲੇ...
ਜ਼ੋਹਰਾਨ ਮਮਦਾਨੀ ਦੀ ਨਿਊਯਾਰਕ ਸ਼ਹਿਰ ਦੇ ਮੇਅਰ ਵਜੋਂ ਚੋਣ ਇਤਿਹਾਸਕ, ਪ੍ਰਤੀਕਾਤਮਕ ਅਤੇ ਜ਼ੋਰਦਾਰ ਢੰਗ ਨਾਲ ਦੇਸੀ ਹੈ। 34 ਸਾਲ ਦੇ ਮਮਦਾਨੀ, ਲੰਘੀ ਇੱਕ ਸਦੀ ਵਿੱਚ ਸ਼ਹਿਰ ਦੇ ਸਭ ਤੋਂ ਘੱਟ ਉਮਰ ਦੇ ਮੇਅਰ, ਨਿਊ ਯਾਰਕ ਦੇ ਪਹਿਲੇ ਮੁਸਲਿਮ ਤੇ ਪਹਿਲੇ ਭਾਰਤੀ ਮੂਲ ਦੇ ਮੇਅਰ ਬਣ ਗਏ ਹਨ। ਸ਼ਹਿਰ ਵਿਚ ਕਿਰਾਏ ਦੇ ਨਿਯਮ ਬਣਾਉਣ, ਮੁਫ਼ਤ ਆਵਾਜਾਈ, ਸਾਰਿਆਂ ਲਈ ਬਾਲ ਦੇਖ-ਭਾਲ ਅਤੇ ਅਤਿ ਦੇ ਅਮੀਰਾਂ ’ਤੇ ਵੱਧ ਟੈਕਸ ਲਾਉਣ ਉਤੇ ਉਸਰੀ ਉਨ੍ਹਾਂ ਦੀ ਜਨਤਕ ਮੁਹਿੰਮ ਲੋਕਾਂ ਦੀ ਨਿਰਾਸ਼ਾ ਅਤੇ ਅਮਰੀਕੀ ਸ਼ਹਿਰਾਂ ਵਿੱਚ ਪ੍ਰਗਤੀਸ਼ੀਲ ਰਾਜਨੀਤੀ ਦੇ ਵਿਆਪਕ ਉਭਾਰ ਨੂੰ ਦਰਸਾਉਂਦੀ ਹੈ। ਆਪਣੀ ਜੇਤੂ ਰੈਲੀ ਵਿੱਚ, ਮਮਦਾਨੀ ਨੇ ਜਵਾਹਰ ਲਾਲ ਨਹਿਰੂ ਦੇ ‘ਟਾਇਰੈਸਟ ਵਿਦ ਡੈਸਟਿਨੀ’ ਭਾਸ਼ਣ ਦਾ ਹਵਾਲਾ ਦਿੱਤਾ: “ਇਤਿਹਾਸ ਵਿੱਚ ਬਹੁਤ ਘੱਟ ਅਜਿਹਾ ਪਲ ਆਉਂਦਾ ਹੈ, ਜਦੋਂ ਅਸੀਂ ਪੁਰਾਣੇ ਤੋਂ ਨਵੇਂ ਵੱਲ ਕਦਮ ਰੱਖਦੇ ਹਾਂ... ਅੱਜ ਰਾਤ, ਨਿਊ ਯਾਰਕ ਪੁਰਾਣੇ ਤੋਂ ਨਵੇਂ ਵੱਲ ਕਦਮ ਰੱਖ ਚੁੱਕਿਆ ਹੈ।” ਇਹ ਹਵਾਲਾ ਉਨ੍ਹਾਂ ਦੀਆਂ ਪਰਵਾਸੀ ਜੜ੍ਹਾਂ ਅਤੇ ਪ੍ਰਗਤੀਸ਼ੀਲ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦਾ ਹੈ, ਜੋ ਦੁਨੀਆ ਭਰ ਦੇ ਭਾਰਤੀ ਮੂਲ ਦੇ ਭਾਈਚਾਰਿਆਂ ਨਾਲ ਭਾਵਨਾਤਮਕ ਤੌਰ ’ਤੇ ਜੁੜਦਾ ਹੈ, ਜਦਕਿ ਇਸ ਗੱਲ ’ਤੇ ਵੀ ਜ਼ੋਰ ਦਿੰਦਾ ਹੈ ਕਿ ਮੁਕਾਬਲੇ ਦੇ ਸਿਧਾਂਤ ਮੁਕਾਮੀ ਹੀ ਰਹਿੰਦੇ ਹਨ।
ਮਮਦਾਨੀ ਦੀ ਜਿੱਤ ਅਮਰੀਕੀ ਸ਼ਹਿਰੀ ਰਾਜਨੀਤੀ ਵਿੱਚ ਘੱਟਗਿਣਤੀਆਂ ਅਤੇ ਨੌਜਵਾਨ ਵੋਟਰਾਂ ਦੇ ਵਧਦੇ ਪ੍ਰਭਾਵ ਨੂੰ ਵੀ ਦਰਸਾਉਂਦੀ ਹੈ। ਸਾਬਕਾ ਗਵਰਨਰ ਐਂਡਰਿਊ ਕੁਓਮੋ ਅਤੇ ਰਿਪਬਲਿਕਨ ਕਰਟਿਸ ਸਲਿਵਾ ਦੇ ਖਿਲਾਫ਼ ਜ਼ੋਹਰਾਨ ਦੀ ਸਫ਼ਲਤਾ ਦਰਸਾਉਂਦੀ ਹੈ ਕਿ ਜਨਤਕ ਲਾਮਬੰਦੀ ਤੇ ਵੋਟਰਾਂ ਦੀ ਭਰਵੀਂ ਹਾਜ਼ਰੀ ਨਾਲ ਸ਼ਹਿਰ ਦੀ ਲੀਡਰਸ਼ਿਪ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਦਲਿਆ ਜਾ ਸਕਦਾ ਹੈ। ਫਿਰ ਵੀ, ਉਨ੍ਹਾਂ ਦੇ ਉਤਸ਼ਾਹੀ ਨੀਤੀਗਤ ਏਜੰਡੇ ਨੂੰ ਵਿਹਾਰਕ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇਗਾ: ਨਿਊ ਯਾਰਕ ਸ਼ਹਿਰ ਦਾ ਗੁੰਝਲਦਾਰ ਬਜਟ, ਨੌਕਰਸ਼ਾਹੀ ਦੀਆਂ ਰੁਕਾਵਟਾਂ ਅਤੇ ਕੌਂਸਲ ਦੇ ਸਮਰਥਨ ਦੀ ਜ਼ਰੂਰਤ ਇਸ ਗੱਲ ਦੀ ਪਰਖ ਕਰੇਗੀ ਕਿ ਕੀ ਉਨ੍ਹਾਂ ਦੀ ਜਿੱਤ ਠੋਸ ਸੁਧਾਰਾਂ ਵਿੱਚ ਬਦਲਦੀ ਹੈ ਜਾਂ ਨਹੀਂ।
ਵਿਰਾਸਤ ਅਤੇ ਵਿਚਾਰਧਾਰਾ ਤੋਂ ਇਲਾਵਾ, ਇਹ ਚੋਣ ਮੁਕਾਮੀ ਲੋਕਤੰਤਰ ਦੀ ਪੁਸ਼ਟੀ ਹੈ। ਜਦਕਿ ਮਮਦਾਨੀ ਦਾ ਭਾਰਤ ਨਾਲ ਸਬੰਧ ਅਤੇ ਨਹਿਰੂ ਦਾ ਹਵਾਲਾ ਪ੍ਰਵਾਸੀਆਂ ਦੇ ਮਾਣ ਨੂੰ ਵਧਾਉਂਦਾ ਹੈ, ਉਨ੍ਹਾਂ ਦੀ ਅਗਵਾਈ ਦੀ ਪਰਖ਼ ਇਸ ਗੱਲ ਤੋਂ ਹੋਵੇਗੀ ਕਿ ਉਹ ਨਿਊਯਾਰਕ ਵਾਸੀਆਂ ਦੀ ਰਿਹਾਇਸ਼, ਆਵਾਜਾਈ, ਸਿੱਖਿਆ ਅਤੇ ਨਾ-ਬਰਾਬਰੀ ਦੀ ਸਮੱਸਿਆ ਨੂੰ ਕਿਵੇਂ ਹੱਲ ਕਰਦੇ ਹਨ। ਇਹ ਅਹਿਮ ਮੌਕਾ ਦੁਨੀਆ ਨੂੰ ਯਾਦ ਦਿਵਾਉਂਦਾ ਹੈ ਕਿ ਸ਼ਹਿਰੀ ਚੋਣਾਂ ਵਿਸ਼ਵਵਿਆਪੀ ਸੰਕੇਤ ਭੇਜਦੀਆਂ ਹਨ ਪਰ ਸਥਾਨਕ ਜਵਾਬਦੇਹੀ ਵਿੱਚ ਇਹ ਬੁਨਿਆਦੀ ਹੀ ਰਹਿੰਦੀਆਂ ਹਨ। ਭਾਵੇਂ ਮਮਦਾਨੀ ਦੀ ਪ੍ਰਾਪਤੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਅਤੇ ਇਸ ਦੇ ਇਤਿਹਾਸਕ ਮਹੱਤਵ ਨੂੰ ਦਰਜ ਕੀਤਾ ਜਾ ਰਿਹਾ ਹੈ, ਪਰ ਸੱਤਾ ਸ਼ਹਿਰ ਦੇ ਬਰੁਕਲਿਨ, ਕੁਈਨਜ਼ ਅਤੇ ਮੈਨਹੱਟਨ ਇਲਾਕਿਆਂ ਵਿਚ ਹੀ ਸਿਮਟੀ ਹੋਈ ਹੈ, ਜਿਨ੍ਹਾਂ ਦੇ ਵੋਟਰਾਂ ਨੇ ਆਪਣੇ ਸ਼ਹਿਰ ਦੇ ਭਵਿੱਖ ਨੂੰ ਮਮਦਾਨੀ ਦੇ ਹੱਥਾਂ ਵਿਚ ਸੌਂਪ ਕੇ ਉਸ ਉਤੇ ਭਰੋਸਾ ਜਤਾਇਆ ਹੈ।

