ਸਿਲਕਿਆਰਾ ਹਾਦਸੇ ਦੀ ਜਾਂਚ
ਉੱਤਰਾਖੰਡ ਵਿਚ ਉਸਾਰੀ ਅਧੀਨ ਸਿਲਕਿਆਰਾ ਸੁਰੰਗ ਦਾ ਇਕ ਹਿੱਸਾ ਢਹਿ ਜਾਣ ਦੇ ਹਾਦਸੇ ਤੋਂ ਦੋ ਮਹੀਨਿਆਂ ਬਾਅਦ ਸੁਰੰਗ ਦੀ ਉਸਾਰੀ ਦਾ ਕੰਮ ਦੁਬਾਰਾ ਸ਼ੁਰੂ ਹੋ ਗਿਆ ਹੈ। ਉੱਤਰਾਖੰਡ ਰਾਜ ਆਫ਼ਤ ਪ੍ਰਬੰਧਨ ਅਥਾਰਿਟੀ (ਯੂਐੱਸਡੀਐੱਮਏ) ਵੱਲੋਂ ਹਾਦਸੇ ਦੀ ਕੀਤੀ ਗਈ ਜਾਂਚ ਵਿਚ ਇਸ ਦੀ ਡਿਜ਼ਾਈਨ ਪ੍ਰਾਜੈਕਟ ਰਿਪੋਰਟ ’ਚ ਕਈ ਖ਼ਾਮੀਆਂ ਸਾਹਮਣੇ ਆਉਣ ਦੀ ਗੱਲ ਕਹੀ ਗਈ ਹੈ, ਜਿਵੇਂ ਵਿਸਤਰਿਤ ਭੂ-ਤਕਨੀਕੀ ਅਤੇ ਭੂ-ਭੌਤਿਕ ਜਾਂਚ ਦਾ ਨਾ ਕੀਤਾ ਜਾਣਾ। ਨਾਲ ਹੀ ਅਥਾਰਿਟੀ ਨੇ ਵਾਤਾਵਰਨ ਪੱਖੋਂ ਬਹੁਤ ਹੀ ਨਾਜ਼ੁਕ ਹਿਮਾਲਿਆਈ ਖਿੱਤੇ ਵਿਚ ਸੁਰੰਗ ਦੀ ਉਸਾਰੀ ਅਤੇ ਐਮਰਜੈਂਸੀ ਰਿਸਪੌਂਸ ਪਲੈਨਜ਼ ਵਿਚ ਵੀ ਕਈ ਕਮੀਆਂ ਉਭਾਰੀਆਂ ਹਨ। ਜਾਂਚ ਰਿਪੋਰਟ ਵਿਚ ਸਿਫ਼ਾਰਸ਼ ਕੀਤੀ ਗਈ ਹੈ ਕਿ ਭਵਿੱਖੀ ਪ੍ਰਾਜੈਕਟਾਂ ’ਚ ਪ੍ਰਾਜੈਕਟ ਵਾਲੀ ਥਾਂ ਦੇ ਵਿਆਪਕ ਅਧਿਐਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ‘ਅਣਕਿਆਸੀਆਂ ਭੂ-ਵਿਗਿਆਨਕ ਚੁਣੌਤੀਆਂ’ ਨੂੰ ਘਟਾਇਆ ਜਾ ਸਕੇ ਅਤੇ ਨਾਲ ਹੀ ਕਾਮਿਆਂ ਦੇ ਜੋਖ਼ਮ ਘਟਾਉਣ ਲਈ ਵੱਡੀ ਗਿਣਤੀ ਵਿਚ ਖੋਜ ਪੂਰਨ ਬੋਰਹੋਲ ਬਣਾਏ ਜਾਣ।
ਸੁਰੰਗ ਬੀਤੀ 12 ਨਵੰਬਰ ਨੂੰ ਉਦੋਂ ਸੁਰਖ਼ੀਆਂ ਵਿਚ ਆ ਗਈ ਸੀ ਜਦੋਂ ਇਸ ਦਾ ਇਕ ਹਿੱਸਾ ਢਹਿ ਗਿਆ ਸੀ ਅਤੇ ਇਸ ਕਾਰਨ 41 ਮਜ਼ਦੂਰ ਅੰਦਰ ਫਸ ਗਏ ਸਨ। ਉਨ੍ਹਾਂ ਨੂੰ ਦੋ ਹਫ਼ਤਿਆਂ ਤੋਂ ਵੀ ਵੱਧ ਸਮੇਂ ਬਾਅਦ ਬਹੁਤ ਹੀ ਚੁਣੌਤੀਪੂਰਨ ਬਚਾਅ ਅਪਰੇਸ਼ਨ ਰਾਹੀਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਵੱਖ ਵੱਖ ਏਜੰਸੀਆਂ ਦੇ ਚਲਾਏ ਗਏ ਬਚਾਅ ਅਪਰੇਸ਼ਨ ਦੌਰਾਨ ਬਹੁਤ ਸਾਰੀਆਂ ਮੁਸ਼ਕਿਲਾਂ ਤੇ ਰੁਕਾਵਟਾਂ ਪੇਸ਼ ਆਈਆਂ ਸਨ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਅਜਿਹੇ ਕਿਸੇ ਹਾਦਸੇ ਦੇ ਦੁਹਰਾਅ ਨੂੰ ਰੋਕਣ ਲਈ ਸਿੱਕੇਬੰਦ ਸੁਰੱਖਿਆ ਪ੍ਰਬੰਧ ਕਰ ਲਏ ਗਏ ਹੋਣਗੇ। ਇਸ ਦੌਰਾਨ ਸਵਾਗਤਯੋਗ ਫ਼ੈਸਲਾ ਕੀਤਾ ਗਿਆ ਹੈ ਕਿ ਅਰੁਣਾਚਲ ਪ੍ਰਦੇਸ਼ ਵਿਚ ਤਵਾਂਗ ਨਾਲ ਸੰਭਵ ਤੌਰ ’ਤੇ ਹਰ ਮੌਸਮ ਵਿਚ ਸੰਪਰਕ ਮੁਹੱਈਆ ਕਰਾਉਣ ਵਾਲੀ ਤੇ ਰਣਨੀਤਕ ਪੱਖੋਂ ਅਹਿਮ ਸੇਲਾ ਸੁਰੰਗ ਦਾ ਉਦਘਾਟਨ ਉਸ ਦਾ ਤੀਜੀ ਧਿਰ ਵੱਲੋਂ ਸੁਰੱਖਿਆ ਆਡਿਟ ਕਰ ਲਏ ਜਾਣ ਤੋਂ ਬਾਅਦ ਹੀ ਕੀਤਾ ਜਾਵੇਗਾ। ਕਮੀਆਂ ਅਤੇ ਖ਼ਾਮੀਆਂ ਦਾ ਵੇਲੇ ਸਿਰ ਪਤਾ ਲਾਉਣ ਅਤੇ ਫਿਰ ਉਨ੍ਹਾਂ ਦੀ ਲੋੜੀਂਦੀ ਦਰੁਸਤੀ ਕਰਨ ਲਈ ਅਜਿਹੇ ਆਡਿਟ ਬਹੁਤ ਜ਼ਰੂਰੀ ਹਨ ਬਸ਼ਰਤੇ ਇਨ੍ਹਾਂ ਨੂੰ ਪੂਰੀ ਮਿਹਨਤ ਤੇ ਚੌਕਸੀ ਨਾਲ ਕੀਤਾ ਜਾਵੇ।
ਅਜਿਹਾ ਇਕ ਹੋਰ ਅਹਿਮ ਪ੍ਰਾਜੈਕਟ ਜੰਮੂ-ਪੁਣਛ ਹਾਈਵੇਅ ਉਤੇ ਨੌਸ਼ਹਿਰਾ ਸੁਰੰਗ ਦਾ ਹੈ। ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਵੱਲੋਂ ਬੀਤੇ ਹਫ਼ਤੇ ਇਸ ਦਾ ਮੁੱਢਲਾ ਉਦਘਾਟਨੀ ਸਮਾਗਮ (breakthrough ceremony) ਕਰਵਾਇਆ ਗਿਆ। ਬੁਨਿਆਦੀ ਢਾਂਚੇ ਨਾਲ ਸਬੰਧਿਤ ਅਜਿਹੇ ਉੱਦਮ ਦੇਸ਼ ਦੇ ਰਣਨੀਤਕ ਹਿੱਤਾਂ ਦੀ ਪੂਰਤੀ ਕਰਦੇ ਹਨ। ਇਸ ਮਾਮਲੇ ਵਿਚ ਸਭ ਤੋਂ ਵੱਡੀ ਚੁਣੌਤੀ ਇਹ ਯਕੀਨੀ ਬਣਾਉਣਾ ਹੈ ਕਿ ਇਸ ਸਬੰਧੀ ਸੁਰੱਖਿਆ ਸੇਧਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ ਅਤੇ ਨਾਲ ਹੀ ਅਜਿਹੇ ਪ੍ਰਾਜੈਕਟਾਂ ਦੇ ਵਾਤਾਵਰਨ ਉਤੇ ਪੈਣ ਵਾਲੇ ਪ੍ਰਭਾਵ ਦਾ ਵਿਗਿਆਨਕ ਚੌਕਸੀ ਤੇ ਕਰੜਾਈ ਨਾਲ ਮੁਲੰਕਣ ਕੀਤਾ ਜਾਵੇ। ਸੜਕੀ ਸੰਪਰਕ ਵਿਚ ਇਜ਼ਾਫ਼ਾ ਕਰਨਾ ਸਮੁੱਚੇ ਵਿਕਾਸ ਲਈ ਬਹੁਤ ਜ਼ਰੂਰੀ ਹੈ ਪਰ ਨਾਲ ਹੀ ਇਹ ਵੀ ਓਨਾ ਹੀ ਜ਼ਰੂਰੀ ਹੈ ਕਿ ਕਮੀਆਂ ਤੇ ਖ਼ਾਮੀਆਂ ਨੂੰ ਦੂਰ ਕਰਨ ਵਿਚ ਕੋਈ ਢਿੱਲ ਨਾ ਵਰਤੀ ਜਾਵੇ।