ਅਸੁਰੱਖਿਅਤ ਧੀਆਂ
ਅਜੇ ਸਿਰਫ਼ ਮਹੀਨਾ ਹੀ ਹੋਇਆ ਹੈ ਜਦੋਂ ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਰਾਜ ਪੱਧਰੀ ਨਾਰੀ ਸ਼ਕਤੀ ਸਮਾਗਮ ’ਚ ਆਪਣੀ ਸਾਲ ਪੁਰਾਣੀ ਭਾਜਪਾ ਸਰਕਾਰ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਸਨ। ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਉੜੀਸਾ ਨੂੰ ਮਹਿਲਾਵਾਂ ਦੀ ਮਜ਼ਬੂਤੀ ਦੇ ਪੱਖ ਤੋਂ ਆਦਰਸ਼ ਰਾਜ ਬਣਾਉਣਾ ਚਾਹੁੰਦੇ ਹਨ। ਜਾਪਦਾ ਹੈ ਕਿ ਸੱਤਾਧਾਰੀ ਪਾਰਟੀ ਨੇ ਔਰਤਾਂ ਦੀ ਸੁਰੱਖਿਆ ਨੂੰ ਮੂਲੋਂ ਹੀ ਵਿਸਾਰ ਦਿੱਤਾ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ ਰਾਜ ’ਚ ਜਬਰ-ਜਨਾਹ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿੱਚ ਗੰਜਮ ਜ਼ਿਲ੍ਹੇ ਦੇ ਗੋਪਾਲਪੁਰ ਬੀਚ ’ਤੇ 10 ਵਿਅਕਤੀਆਂ ਵੱਲੋਂ ਕੀਤਾ ਗਿਆ ਸਮੂਹਿਕ ਜਬਰ-ਜਨਾਹ ਵੀ ਸ਼ਾਮਿਲ ਹੈ ਅਤੇ ਹੁਣ 20 ਸਾਲਾ ਕਾਲਜ ਵਿਦਿਆਰਥਣ, ਜਿਸ ਨੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਾ ਹੋਣ ਤੋਂ ਬਾਅਦ ਆਤਮ-ਦਾਹ ਦੀ ਕੋਸ਼ਿਸ਼ ਕੀਤੀ ਸੀ, ਦੀ ਮੌਤ ਹੋ ਗਈ ਹੈ।
ਲੜਕੀ ਨੇ ਲਾਚਾਰ ਹੋ ਕੇ ਪ੍ਰਿੰਸੀਪਲ ਤੋਂ ਮਦਦ ਮੰਗੀ ਸੀ। ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲਾ ਸਹਾਇਕ ਪ੍ਰੋਫੈਸਰ ਹੀ ਸੀ, ਜੋ ਕਥਿਤ ਤੌਰ ’ਤੇ ਉਸ ਨੂੰ ਜਿਨਸੀ ਸਬੰਧ ਬਣਾਉਣ ਲਈ ਕਹਿ ਰਿਹਾ ਸੀ ਤੇ ਅਜਿਹਾ ਨਾ ਕਰਨ ਉੱਤੇ ਅਕਾਦਮਿਕ ਕਰੀਅਰ ਨੂੰ ਬਰਬਾਦ ਕਰਨ ਦੀ ਧਮਕੀ ਦਿੱਤੀ ਸੀ। ਸੰਸਥਾ ਦੀ ਅੰਦਰੂਨੀ ਸ਼ਿਕਾਇਤ ਕਮੇਟੀ ਨੇ ਲੜਕੀ ਦੀ ਸੁਣਵਾਈ ਕੀਤੀ ਤੇ ਕਾਰਵਾਈ ਦਾ ਭਰੋਸਾ ਦਿੱਤਾ, ਪਰ ਦੋਸ਼ੀ ਵਿਰੁੱਧ ਕਾਰਵਾਈ ਆਰੰਭਣ ’ਚ ਇਹ ਅਸਫਲ ਰਹੀ। ਵਿਦਿਆਰਥਣ ਨੇ ਸਥਾਨਕ ਸੰਸਦ ਮੈਂਬਰ, ਉੱਚ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਦਫ਼ਤਰ ਤੱਕ ਵੀ ਪਹੁੰਚ ਕੀਤੀ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਢਾਂਚਾਗਤ ਲਾਪਰਵਾਹੀ ਕਾਰਨ ਹਾਸ਼ੀਏ ’ਤੇ ਧੱਕੀ ਗਈ, ਵਿਦਿਆਰਥਣ ਨੇ ਮਨੁੱਖ ਵੱਲੋਂ ਸਿਰਜੇ ਨਰਕ ’ਚ ਹੋਰ ਦੁੱਖ ਝੱਲਣ ਦੀ ਬਜਾਏ ਆਪਣੇ ਆਪ ਨੂੰ ਖ਼ਤਮ ਕਰਨਾ ਚੁਣਿਆ।
ਕਾਲਜ ਨੇ ਤੁਰੰਤ ਉਸ ’ਤੇ ਵਿਸ਼ਵਾਸ ਕਿਉਂ ਨਹੀਂ ਕੀਤਾ? ਪਹਿਲਾਂ ਹੀ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਚੁੱਕੀ ਵਿਦਿਆਰਥਣ ’ਤੇ ਸਗੋਂ ਵਿਸ਼ੇਸ਼ ਧਿਆਨ ਦੇਣਾ ਬਣਦਾ ਸੀ, ਉਸ ਨੂੰ ਸੰਭਾਲਣਾ ਜ਼ਰੂਰੀ ਸੀ। ਇਸ ਤੋਂ ਇਲਾਵਾ ਇੱਕ ਵਿਅਕਤੀ ਨੂੰ ਉਸ ਦਾ ਸ਼ੋਸ਼ਣ ਕਰਨ ਦੀ ਖੁੱਲ੍ਹ ਕਿਵੇਂ ਮਿਲਦੀ ਰਹੀ? ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ, ਜਿਨ੍ਹਾਂ ਉੜੀਸਾ ਨੂੰ ਦੇਸ਼ ਦੇ ਸਭ ਤੋਂ ਵਧੀਆ ਸ਼ਾਸਿਤ ਰਾਜਾਂ ਵਿੱਚ ਸ਼ਾਮਿਲ ਕਰ ਦਿੱਤਾ ਸੀ, ਨੇ ਘਟਨਾਵਾਂ ਦੇ ਕ੍ਰਮ ਨੂੰ ਸੰਸਥਾਈ ਧੋਖਾਧੜੀ ਤੇ ਯੋਜਨਾਬੱਧ ਬੇਇਨਸਾਫ਼ੀ ਕਰਾਰ ਦਿੱਤਾ ਹੈ। ਅਰਾਮਦੇਹੀ ’ਚੋਂ ਨਿਕਲ, ‘ਡਬਲ ਇੰਜਣ’ ਸਰਕਾਰ ਨੂੰ ਔਰਤਾਂ ਖ਼ਿਲਾਫ਼ ਅਪਰਾਧਾਂ ਨੂੰ ਰੋਕਣ ਲਈ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ। ਇਹ ਗੱਲ ਵਿਰੋਧੀ ਧਿਰਾਂ ਵੱਲੋਂ ਸ਼ਾਸਿਤ ਬਾਕੀ ਰਾਜਾਂ ਉੱਤੇ ਵੀ ਲਾਗੂ ਹੁੰਦੀ ਹੈ, ਜਿਵੇਂ ਪੱਛਮੀ ਬੰਗਾਲ। ‘ਬੇਟੀ ਬਚਾਓ, ਬੇਟੀ ਪੜ੍ਹਾਓ’ ਵਰਗੇ ਵੱਡੇ ਨਾਅਰੇ ਉਦੋਂ ਖੋਖ਼ਲੇ ਲੱਗਦੇ ਹਨ ਜਦੋਂ ਭਾਰਤ ਦੀਆਂ ਧੀਆਂ ਅਸੁਰੱਖਿਅਤ ਅਤੇ ਕਮਜ਼ੋਰ ਮਹਿਸੂਸ ਕਰਦੀਆਂ ਹਨ।