ਭਾਰਤੀ ਹਾਕੀ ਦੇ ਨਾਇਕ
ਭਾਰਤੀ ਪੁਰਸ਼ ਹਾਕੀ ਟੀਮ ਨੇ ਮੁੜ ਸਾਬਿਤ ਕਰ ਦਿੱਤਾ ਹੈ ਕਿ ਉਹ ਬਿਨਾਂ ਸ਼ੱਕ, ਏਸ਼ੀਆ ਦੀ ਸਰਵੋਤਮ ਟੀਮ ਹੈ। ਬਿਹਾਰ ਦੇ ਰਾਜਗੀਰ ਵਿੱਚ ਏਸ਼ੀਆ ਕੱਪ ਵਿੱਚ ਇਹ ਸ਼ਾਨਦਾਰ ਜਿੱਤ ਇਸ ਲਈ ਵੀ ਖ਼ਾਸ ਹੈ ਕਿਉਂਕਿ ਇਹ ਭਾਰਤ ਵੱਲੋਂ ਵਿਸ਼ਵ ਕੱਪ ਦਾ ਇਕਲੌਤਾ ਖ਼ਿਤਾਬ ਜਿੱਤਣ ਦੀ 50ਵੀਂ ਵਰ੍ਹੇਗੰਢ ਮਨਾਉਣ ਤੋਂ ਕੁਝ ਮਹੀਨਿਆਂ ਬਾਅਦ ਮਿਲੀ ਹੈ। ਪੈਨਲਟੀ ਕਾਰਨਰ ਮਾਹਿਰ ਹਰਮਨਪ੍ਰੀਤ ਸਿੰਘ ਦੀ ਸ਼ਾਨਦਾਰ ਅਗਵਾਈ ਹੇਠ ਟੀਮ ਨੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਥਾਂ ਪੱਕੀ ਕਰ ਲਈ ਹੈ। ਭਾਰਤ ਦੀ ਏਸ਼ੀਆ ਕੱਪ ਵਿੱਚ ਸ਼ੁਰੂਆਤ ਚੰਗੀ ਨਹੀਂ ਸੀ, ਜਿੱਥੇ ਉਸ ਨੇ ਚੀਨ ਅਤੇ ਮੌਜੂਦਾ ਚੈਂਪੀਅਨ ਦੱਖਣੀ ਕੋਰੀਆ ਨੂੰ ਬਹੁਤ ਕਰੀਬੀ ਮੁਕਾਬਲਿਆਂ ਵਿੱਚ ਹਰਾਇਆ। ਇਸ ਤੋਂ ਬਾਅਦ ਸੁਪਰ-4 ਵਿੱਚ ਕੋਰੀਆ ਨਾਲ 2-2 ਦਾ ਮੁਸ਼ਕਿਲ ਡਰਾਅ ਖੇਡਿਆ; ਹਾਲਾਂਕਿ ਟੀਮ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਆਖ਼ਿਰੀ ਪਲਾਂ ਲਈ ਬਚਾਅ ਕੇ ਰੱਖਿਆ। ਚੀਨ ਨੂੰ 7-0 ਨਾਲ ਹਰਾਉਣ ਦੇ ਇੱਕ ਦਿਨ ਬਾਅਦ ਭਾਰਤ ਨੇ ਜੋਸ਼ੀਲੇ ਦਰਸ਼ਕਾਂ ਦੇ ਸਾਹਮਣੇ ਫਾਈਨਲ ਵਿੱਚ ਕੋਰੀਆ ਨੂੰ 4-1 ਨਾਲ ਹਰਾਇਆ। ਫਾਈਨਲ ਵਿਚ ਟੀਮ ਸ਼ੁਰੂ ਤੋਂ ਹੀ ਪੂਰੀ ਲੈਅ ਵਿੱਚ ਦਿਸੀ। ਭਾਰਤੀ ਟੀਮ ਦੀ ਇਸ ਜਿੱਤ ਨੇ ਨਾ ਸਿਰਫ਼ ਏਸ਼ੀਆ ਕੱਪ ਦੀ ਟਰਾਫੀ ਝੋਲੀ ਪਾਈ, ਬਲਕਿ 2026 ਦੇ ਵਿਸ਼ਵ ਕੱਪ ਵਿਚ ਵੀ ਸਿੱਧਾ ਦਾਖ਼ਲਾ ਦਿਵਾਇਆ ਹੈ। ਟੀਮ ਦਾ ਇਹ ਚੌਥਾ ਏਸ਼ੀਆ ਕੱਪ ਖ਼ਿਤਾਬ ਹੈ। ਇਹ ਨਿਰੋਲ ਦਬਦਬਾ ਦੋ ਸਾਲ ਪਹਿਲਾਂ ਭਾਰਤੀ ਟੀਮ ਵੱਲੋਂ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਜਪਾਨ ਨੂੰ 5-1 ਨਾਲ ਹਰਾਉਣ ਦਾ ਚੇਤਾ ਕਰਾ ਗਿਆ।
ਕਮਾਲ ਦੀ ਗੱਲ ਇਹ ਹੈ ਕਿ ਭਾਰਤ ਹੁਣ ਸਿਰਫ਼ ਮਹਾਦੀਪ ’ਚ ਮਹਾਰਥੀ ਨਹੀਂ ਹੈ, ਇਹ ਵਿਸ਼ਵ ਪੱਧਰ ’ਤੇ ਵੀ ਮਜ਼ਬੂਤ ਤਾਕਤ ਬਣ ਗਿਆ ਹੈ। ਸਾਲ 2021 ਅਤੇ 2024 ਵਿੱਚ ਲਗਾਤਾਰ ਓਲੰਪਿਕ ਕਾਂਸੀ ਦੇ ਤਗ਼ਮੇ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਸੁਨਹਿਰੀ ਦਿਨਾਂ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ, ਜਦੋਂ ਭਾਰਤ ਹਾਕੀ ਦਾ ਧੁਰਾ ਸੀ। ਹੈਰਾਨੀ ਦੀ ਗੱਲ ਨਹੀਂ ਕਿ ਕਪਤਾਨ ਹਰਮਨਪ੍ਰੀਤ, ਜੋ ‘ਸਰਪੰਚ ਸਾਬ੍ਹ’ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਮੁੱਖ ਕੋਚ ਕ੍ਰੇਗ ਫੁਲਟਨ ਨੇ 2026 ਦੇ ਵਿਸ਼ਵ ਕੱਪ ’ਤੇ ਆਪਣੀਆਂ ਨਜ਼ਰਾਂ ਟਿਕਾਈਆਂ ਹੋਈਆਂ ਹਨ। ਉਹ ਬੇਸਬਰੀ ਨਾਲ ਚਾਹੁੰਦੇ ਹਨ ਕਿ ਭਾਰਤ ਉਸ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰੇ, ਜਿਸ ਵਿੱਚ 1975 ਨੂੰ ਛੱਡ ਕੇ, ਜਦੋਂ ਅਜੀਤ ਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਚੈਂਪੀਅਨ ਬਣੀ ਸੀ, ਭਾਰਤ ਨੇ ਦਹਾਕਿਆਂ ਤੋਂ ਸੰਘਰਸ਼ ਕੀਤਾ ਹੈ।
ਦਿਲ ਛੂਹ ਲੈਣ ਵਾਲੇ ਭਾਵ ’ਚ ਮਿਡ-ਫੀਲਡਰ ਮਨਪ੍ਰੀਤ ਸਿੰਘ ਨੇ ਏਸ਼ੀਆ ਕੱਪ ਦੀ ਜਿੱਤ ਆਪਣੇ ਗ੍ਰਹਿ ਰਾਜ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਸਮਰਪਿਤ ਕੀਤੀ ਹੈ ਜੋ ਭਾਰਤੀ ਹਾਕੀ ਦਾ ਮੁੱਖ ਗੜ੍ਹ ਬਣਿਆ ਹੋਇਆ ਹੈ। ਪੰਜਾਬ ਦੀ ਕੌਮੀ ਟੀਮ ਵਿਚ ਭਰਵੀਂ ਹਿੱਸੇਦਾਰੀ ਹੈ। ਟੀਮ ਨੂੰ ਉੜੀਸਾ ਸਰਕਾਰ ਦੇ ਅਟੁੱਟ ਸਮਰਥਨ ਤੋਂ ਵੀ ਬਹੁਤ ਫ਼ਾਇਦਾ ਹੋਇਆ ਹੈ ਅਤੇ ਮਹਿਲਾ ਟੀਮ ਨੇ ਵੀ ਹਾਲ ਹੀ ਦੇ ਸਾਲਾਂ ਵਿੱਚ ਬਹੁਤ ਸੁਧਾਰ ਕੀਤਾ ਹੈ। ਇਹ ਪ੍ਰਭਾਵਸ਼ਾਲੀ ਪੁਲਾਂਘਾਂ ਦਰਸਾਉਂਦੀਆਂ ਹਨ ਕਿ ਕ੍ਰਿਕਟ ਦੇ ਦੀਵਾਨੇ ਇਸ ਦੇਸ਼ ਵਿੱਚ ਹਾਕੀ ਅੱਜ ਵੀ ਜਿਊਂਦੀ ਹੈ ਤੇ ਤਰੱਕੀਆਂ ਕਰ ਰਹੀ ਹੈ।