DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ-ਕੈਨੇਡਾ ਤਾਲਮੇਲ

ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਉਨ੍ਹਾਂ ਦੀ ਕੈਨੇਡੀਅਨ ਹਮਰੁਤਬਾ ਨੈਟਲੀ ਡ੍ਰੋਇਨ ਵਿਚਕਾਰ ਪਿਛਲੇ ਹਫ਼ਤੇ ਹੋਈ ਗੱਲਬਾਤ ਦਾ ਸਿੱਟਾ ਭਾਰਤ ਤੇ ਕੈਨੇਡਾ ਦੇ ਦੁਵੱਲੇ ਰਿਸ਼ਤਿਆਂ ’ਚ ਨਵੀਂ ਸ਼ੁਰੂਆਤ ਲਈ ਸਹਿਯੋਗੀ ਪਹੁੰਚ ਅਪਣਾਉਣ ਦੇ ਰੂਪ ’ਚ ਨਿਕਲਿਆ ਹੈ। ਗੱਲਬਾਤ...

  • fb
  • twitter
  • whatsapp
  • whatsapp
Advertisement

ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਉਨ੍ਹਾਂ ਦੀ ਕੈਨੇਡੀਅਨ ਹਮਰੁਤਬਾ ਨੈਟਲੀ ਡ੍ਰੋਇਨ ਵਿਚਕਾਰ ਪਿਛਲੇ ਹਫ਼ਤੇ ਹੋਈ ਗੱਲਬਾਤ ਦਾ ਸਿੱਟਾ ਭਾਰਤ ਤੇ ਕੈਨੇਡਾ ਦੇ ਦੁਵੱਲੇ ਰਿਸ਼ਤਿਆਂ ’ਚ ਨਵੀਂ ਸ਼ੁਰੂਆਤ ਲਈ ਸਹਿਯੋਗੀ ਪਹੁੰਚ ਅਪਣਾਉਣ ਦੇ ਰੂਪ ’ਚ ਨਿਕਲਿਆ ਹੈ। ਗੱਲਬਾਤ ਦਾ ਅਹਿਮ ਤੱਤ ਅਤਿਵਾਦ ਅਤੇ ਸਰਹੱਦ ਪਾਰ ਦੇ ਅਪਰਾਧਾਂ ਦਾ ਮੁਕਾਬਲਾ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨਾ ਸੀ। ਕੈਨੇਡਾ ਵਿੱਚ ਖ਼ਾਲਿਸਤਾਨੀ ਅਤਿਵਾਦੀ ਇੰਦਰਜੀਤ ਸਿੰਘ ਗੋਸਲ ਦੀ ਗ੍ਰਿਫ਼ਤਾਰੀ ਤਣਾਅਪੂਰਨ ਸਬੰਧਾਂ ਨੂੰ ਸੁਧਾਰਨ ਅਤੇ ਭਾਰਤ ਦੀਆਂ ਚਿੰਤਾਵਾਂ ਦੂਰ ਕਰਨ ਦੇ ਯਤਨਾਂ ਮੁਤਾਬਿਕ ਜਾਪਦੀ ਹੈ। ਇੰਦਰਜੀਤ ਸਿੰਘ ਗੋਸਲ ਅਮਰੀਕਾ ਰਹਿੰਦੇ ਖ਼ਾਲਿਸਤਾਨ ਪੱਖੀ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਦਾ ਸਹਿਯੋਗੀ ਹੈ। ਇਹ ਦੂਜੀ ਵਾਰ ਹੈ ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿਛਲੇ ਸਾਲ, ਉਸ ਨੂੰ ਮੰਦਰ ’ਚ ਵਾਪਰੀ ਹਿੰਸਕ ਘਟਨਾ ਦੇ ਸਬੰਧ ਵਿੱਚ ਹਿਰਾਸਤ ’ਚ ਲਿਆ ਗਿਆ ਸੀ, ਪਰ ਬਾਅਦ ਵਿੱਚ ਸ਼ਰਤਾਂ ’ਤੇ ਰਿਹਾਅ ਕਰ ਦਿੱਤਾ ਗਿਆ ਸੀ।

ਦੋਵਾਂ ਦੇਸ਼ਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦਰਮਿਆਨ ਇਹ ਵਾਰਤਾ ਭਾਰਤ ਤੇ ਕੈਨੇਡਾ ਵੱਲੋਂ ਰਾਜਦੂਤਾਂ ਦੀ ਨਿਯੁਕਤੀ ਕਰਨ ਤੋਂ ਤਿੰਨ ਹਫ਼ਤਿਆਂ ਬਾਅਦ ਹੋਈ ਹੈ। ਇਸ ਨਾਲ ਅਤੀਤ ’ਚ ਸੁਖਾਵੇਂ ਰਹੇ ਸਬੰਧਾਂ ਵਿੱਚ ਹਾਲ ਹੀ ’ਚ ਆਈ ਗਿਰਾਵਟ ਦਾ ਅੰਤ ਹੋਇਆ ਹੈ। 2023 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਨੂੰ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਇਲਜ਼ਾਮਾਂ ਨਾਲ ਜੋੜਨ ਕਰ ਕੇ ਇਹ ਸਬੰਧ ਕਾਫੀ ਨਿੱਘਰ ਗਏ ਸਨ। ਨਿੱਝਰ ਨੂੰ ਭਾਰਤ ਦੀ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਅਤਿਵਾਦੀ ਐਲਾਨਿਆ ਹੋਇਆ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ‘ਬੇਤੁਕਾ ਅਤੇ ਪ੍ਰੇਰਿਤ’ ਦੱਸਦੇ ਹੋਏ ਖ਼ਾਲਿਸਤਾਨੀ ਵੱਖਵਾਦੀਆਂ ਨੂੰ ਪਨਾਹ ਦੇਣ ਲਈ ਕੈਨੇਡਾ ਦੀ ਸਖ਼ਤ ਆਲੋਚਨਾ ਕੀਤੀ ਸੀ। ਨਿੱਝਰ ਮੁੱਦੇ ’ਤੇ ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਖ਼ਿਲਾਫ਼ ਕੂਟਨੀਤਕ ਕਾਰਵਾਈ ਵੀ ਕੀਤੀ ਸੀ ਤੇ ਡਿਪਲੋਮੈਟਾਂ ਨੂੰ ਵਾਪਸ ਭੇਜ ਦਿੱਤਾ ਸੀ। ਇਸ ਮਾਮਲੇ ਨੇ ਕੌਮਾਂਤਰੀ ਪੱਧਰ ’ਤੇ ਸੁਰਖ਼ੀਆਂ ਬਟੋਰੀਆਂ ਸਨ ਤੇ ਭਾਰਤ-ਕੈਨੇਡਾ ਦੇ ਰਿਸ਼ਤਿਆਂ ਦਾ ਕਾਫ਼ੀ ਨੁਕਸਾਨ ਹੋਇਆ ਸੀ, ਜੋ ਅਕਸਰ ਸੁਖਾਵੇਂ ਰਹੇ ਹਨ। ਟਰੂਡੋ ਦੇ ਅਹੁਦਾ ਛੱਡਣ ਨਾਲ ਕੈਨੇਡੀਅਨ ਸਰਕਾਰ ’ਚ ਖ਼ਾਲਿਸਤਾਨ ਪੱਖੀ ਝੁਕਾਅ ਵਾਲਾ ਮੁੱਖ ਚਿਹਰਾ ਲੋਪ ਹੋ ਗਿਆ ਹੈ। ਅਪਰੈਲ ਦੀਆਂ ਚੋਣਾਂ ਵਿੱਚ ਟਰੂਡੋ ਦੇ ਜਾਨਸ਼ੀਨ ਮਾਰਕ ਕਾਰਨੀ ਦੀ ਜਿੱਤ ਨਾਲ ਸਬੰਧਾਂ ਨੂੰ ਸੁਧਾਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਵਿੱਚ ਮਦਦ ਮਿਲੀ। ਜਿਸ ਤਰ੍ਹਾਂ ਦੋਵੇਂ ਦੇਸ਼ ਸਰਗਰਮੀ ਨਾਲ ਮਤਭੇਦਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਓਟਾਵਾ ਦੀ ਅਜ਼ਮਾਇਸ਼ ਇਸ ਗੱਲੋਂ ਹੋਵੇਗੀ ਕਿ ਪ੍ਰਗਟਾਵੇ ਦੀ ਆਜ਼ਾਦੀ ਬਹਾਨੇ ਅਤਿਵਾਦ ਫੈਲਾਉਣ ਅਤੇ ਭਾਰਤ ਦੇ ਸੁਰੱਖਿਆ ਹਿੱਤਾਂ ਖ਼ਿਲਾਫ਼ ਕੰਮ ਕਰਨ ਵਾਲਿਆਂ ਵਿਰੁੱਧ ਕਾਰਵਾਈ ਲਈ ਇਹ ਕਿੰਨਾ ਕੁ ਦ੍ਰਿੜ੍ਹ ਹੈ।

Advertisement

ਆਰਥਿਕਤਾ ਅਤੇ ਕੈਨੇਡਾ ਵਿੱਚ ਵੱਡੀ ਗਿਣਤੀ ਪਰਵਾਸੀ ਭਾਰਤੀਆਂ ਕਰ ਕੇ ਡੂੰਘੇ ਸੱਭਿਆਚਾਰਕ ਰਿਸ਼ਤਿਆਂ ਤੋਂ ਇਲਾਵਾ, ਦੋਵੇਂ ਦੇਸ਼ ਬਹੁ-ਸੱਭਿਆਚਾਰਵਾਦ ਅਤੇ ਲੋਕਤੰਤਰ ਵਰਗੀਆਂ ਬੁਨਿਆਦੀ ਕਦਰਾਂ-ਕੀਮਤਾਂ ਵੀ ਸਾਂਝੀਆਂ ਕਰਦੇ ਹਨ। ਦੋਵਾਂ ਮੁਲਕਾਂ ਨੂੰ ਸਾਂਝੀ ਜ਼ਮੀਨ ਤਲਾਸ਼ਣ ਅਤੇ ਸਹਿਯੋਗ ਦੇ ਨਵੇਂ ਮੌਕੇ ਪੈਦਾ ਕਰਨ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

Advertisement
×