ਧਰਤੀ ਹੇਠਲੇ ਪਾਣੀ ਦਾ ਸੰਕਟ
ਕੇਂਦਰੀ ਗਰਾਊਂਡ ਵਾਟਰ ਬੋਰਡ (ਸੀ ਜੀ ਡਬਲਿਊ ਬੀ) ਦੀ ਤਾਜ਼ਾ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਧਰਤੀ ਹੇਠੋਂ ਪਾਣੀ ਕੱਢਣ ਦੇ ਮਾਮਲੇ ’ਚ ਪੰਜਾਬ (156.36 ਪ੍ਰਤੀਸ਼ਤ ਦੇ ਨਾਲ) ਦੇਸ਼ ਭਰ ਵਿੱਚੋਂ ਮੋਹਰੀ ਹੈ। ਇਹ ਰਿਪੋਰਟ ਦਰਸਾਉਂਦੀ ਹੈ ਕਿ ਸੂਬੇ ’ਚ...
ਕੇਂਦਰੀ ਗਰਾਊਂਡ ਵਾਟਰ ਬੋਰਡ (ਸੀ ਜੀ ਡਬਲਿਊ ਬੀ) ਦੀ ਤਾਜ਼ਾ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਧਰਤੀ ਹੇਠੋਂ ਪਾਣੀ ਕੱਢਣ ਦੇ ਮਾਮਲੇ ’ਚ ਪੰਜਾਬ (156.36 ਪ੍ਰਤੀਸ਼ਤ ਦੇ ਨਾਲ) ਦੇਸ਼ ਭਰ ਵਿੱਚੋਂ ਮੋਹਰੀ ਹੈ। ਇਹ ਰਿਪੋਰਟ ਦਰਸਾਉਂਦੀ ਹੈ ਕਿ ਸੂਬੇ ’ਚ ਧਰਤੀ ਹੇਠਲੇ ਜਲ ਭੰਡਾਰਾਂ ਨੂੰ ਕਿੰਨੇ ਖ਼ਤਰਨਾਕ ਤਰੀਕੇ ਨਾਲ ਬਹੁਤ ਜ਼ਿਆਦਾ ਵਰਤਿਆ ਜਾ ਰਿਹਾ ਹੈ। ਤ੍ਰਾਸਦੀ ਦਾ ਇਹ ਸਿਰਫ਼ ਇੱਕ ਪਹਿਲੂ ਹੈ। ਬੋਰਡ ਦੀ ‘ਸਾਲਾਨਾ ਜ਼ਮੀਨਦੋਜ਼ ਪਾਣੀ ਗੁਣਵੱਤਾ ਰਿਪੋਰਟ 2025’ ਦੱਸਦੀ ਹੈ ਕਿ ਪੰਜਾਬ ਵਿੱਚ ਪਰਖੇ ਗਏ ਪਾਣੀ ਦੇ 62.5 ਫ਼ੀਸਦੀ ਨਮੂਨਿਆਂ ਵਿੱਚ ਯੂਰੇਨੀਅਮ ਦੀ ਮਾਤਰਾ ਸੁਰੱਖਿਅਤ ਸੀਮਾ ਨਾਲੋਂ ਵੱਧ ਹੈ। ਜ਼ਿਆਦਾ ਨਿਕਾਸੀ ਅਤੇ ਪ੍ਰਦੂਸ਼ਣ ਆਪਸ ਵਿੱਚ ਜੁੜੇ ਹੋਏ ਹਨ। ਧਰਤੀ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਨਿਕਾਸੀ ਨਾਲ ਪਾਣੀ ਦਾ ਪੱਧਰ ਹੇਠਾਂ ਚਲਾ ਜਾਂਦਾ ਹੈ, ਜਿਸ ਕਾਰਨ ਬੋਰ ਡੂੰਘੇ ਕਰਨੇ ਪੈਂਦੇ ਹਨ। ਇਹ ਡੂੰਘੇ ਬੋਰਵੈੱਲ ਭੂ-ਵਿਗਿਆਨਕ ਤੌਰ ’ਤੇ ਅਸਥਿਰ, ਖਣਿਜਾਂ ਨਾਲ ਭਰਪੂਰ ਪਰਤਾਂ ਵਿੱਚੋਂ ਪਾਣੀ ਕੱਢਦੇ ਹਨ, ਜਿਨ੍ਹਾਂ ਵਿੱਚ ਅਕਸਰ ਯੂਰੇਨੀਅਮ, ਆਰਸੈਨਿਕ, ਨਾਈਟ੍ਰੇਟ ਜਾਂ ਖਾਰਾਪਣ ਹੁੰਦਾ ਹੈ। ਇਸ ਦੇ ਨਾਲ ਹੀ ਦਹਾਕਿਆਂਬੱਧੀ ਜ਼ਿਆਦਾ ਪਾਣੀ ਖਿੱਚਣ ਵਾਲੀਆਂ ਫ਼ਸਲਾਂ ਨੂੰ ਕਾਇਮ ਰੱਖਣ ਲਈ ਕੀਤੀ ਭਾਰੀ ਸਿੰਜਾਈ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਨੇ ਧਰਤੀ ਹੇਠਲੇ ਪਾਣੀ ਅਤੇ ਮਿੱਟੀ ਦੋਵਾਂ ਵਿੱਚ ਦੂਸ਼ਿਤ ਤੱਤਾਂ ਦੇ ਰਿਸਾਅ ਨੂੰ ਤੇਜ਼ ਕੀਤਾ ਹੈ।
ਇਸ ਭਿਆਨਕ ਸਚਾਈ ਨੂੰ ਹਾਲ ਹੀ ਵਿੱਚ ਰਾਜ ਸਭਾ ’ਚ ਇੱਕ ਸਿਆਸੀ ਆਵਾਜ਼ ਮਿਲੀ ਹੈ। ਸੰਸਦ ਮੈਂਬਰ ਰਾਘਵ ਚੱਢਾ ਨੇ ਚਿੰਤਾ ਜ਼ਾਹਿਰ ਕਰਦਿਆਂ ਇਸ ਨੂੰ ਪੰਜਾਬ ਵਿੱਚ ‘ਜ਼ਹਿਰੀਲੇ ਪਾਣੀ ਦਾ ਸੰਕਟ’ ਕਰਾਰ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਇਹ ਪ੍ਰਦੂਸ਼ਣ, ਜਿਸ ਵਿੱਚ ਭਾਰੀਆਂ ਧਾਤਾਂ ਅਤੇ ਰੇਡੀਓਐਕਟਿਵ ਪ੍ਰਦੂਸ਼ਕ ਤੱਤ ਸ਼ਾਮਲ ਹਨ, ਜਨਤਕ ਸਿਹਤ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ। ਅਜਿਹਾ ਕਰਦਿਆਂ ਸੰਸਦ ਮੈਂਬਰ ਨੇ ਉਸੇ ਗੱਲ ਨੂੰ ਉਜਾਗਰ ਕੀਤਾ ਹੈ, ਜਿਸ ਦਾ ਸੰਕੇਤ ਵਾਤਾਵਰਨ ਨਾਲ ਸਬੰਧਿਤ ਅੰਕੜੇ ਲੰਮੇ ਸਮੇਂ ਤੋਂ ਦੇ ਰਹੇ ਹਨ। ਹੁਣ ਇਹ ਵਾਤਾਵਰਨ ਸਬੰਧੀ ਭਵਿੱਖੀ ਚਿੰਤਾ ਨਹੀਂ ਰਹੀ ਸਗੋਂ ਅੱਜ ਦੇ ਸਮੇਂ ’ਚ ਇੱਕ ਭਖਦੀ ਜਨਤਕ ਸਿਹਤ ਐਮਰਜੈਂਸੀ ਬਣ ਚੁੱਕੀ ਹੈ। ਖੂਹਾਂ, ਬੋਰਵੈੱਲਾਂ ਜਾਂ ਨਲਕਿਆਂ ’ਤੇ ਨਿਰਭਰ ਲੱਖਾਂ ਪੰਜਾਬੀਆਂ ਲਈ ਇਸ ਦਾ ਮਤਲਬ ਹੈ ਕਿ ਰੋਜ਼ਾਨਾ ਪੀਤਾ ਜਾਣ ਵਾਲਾ ਪਾਣੀ ਸਿਹਤ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ। ਇਸ ਨਾਲ ਗੁਰਦਿਆਂ ਦਾ ਨੁਕਸਾਨ, ਕੈਂਸਰ ਅਤੇ ਜਣੇਪੇ ਤੇ ਬਾਲ ਵਿਕਾਸ ’ਚ ਅੜਿੱਕਿਆਂ ਜਿਹੀਆਂ ਸਮੱਸਿਆਵਾਂ ਆ ਸਕਦੀਆਂ ਹਨ।
ਇਸ ਬਾਰੇ ਤੁਰੰਤ ਫ਼ੈਸਲਾਕੁਨ ਕਾਰਵਾਈ ਦੀ ਲੋੜ ਹੈ। ਧਰਤੀ ਹੇਠਲੇ ਪਾਣੀ ਦੀ ਨਿਕਾਸੀ ਬਾਰੇ ਸਖ਼ਤ ਨਿਯਮ ਬਣਾਏ ਜਾਣ; ਘੱਟ ਪਾਣੀ ਖਿੱਚਣ ਵਾਲੀਆਂ ਫ਼ਸਲਾਂ ਬੀਜਣ ਦੇ ਰੁਝਾਨ ਨੂੰ ਉਤਸ਼ਾਹਿਤ ਕੀਤਾ ਜਾਵੇ; ਵੱਡੇ ਪੱਧਰ ’ਤੇ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਦੀ ਜਾਂਚ ਹੋਵੇ; ਪੀਣ ਵਾਲੇ ਪਾਣੀ ਦੀ ਪ੍ਰਭਾਵੀ ਢੰਗ ਨਾਲ ਸਫ਼ਾਈ ਅਤੇ ਸਪਲਾਈ ਯਕੀਨੀ ਬਣਾਈ ਜਾਵੇ; ਉਦਯੋਗਿਕ ਅਤੇ ਖੇਤੀਬਾੜੀ ਪ੍ਰਦੂਸ਼ਕਾਂ ਬਾਰੇ ਸਖ਼ਤ ਨਿਯਮ ਬਣਨ। ਪਾਣੀ ਕੋਈ ਅਸੀਮਤ ਸਰੋਤ ਨਹੀਂ ਹੈ; ਇਹ ਇੱਕ ਨਾਜ਼ੁਕ ਜੀਵਨ ਰੇਖਾ ਹੈ। ਜੇਕਰ ਅਸੀਂ ਹੁਣ ਇਸ ਦੀ ਰਾਖੀ ਕਰਨ ਵਿੱਚ ਅਸਫ਼ਲ ਰਹਿੰਦੇ ਹਾਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਰਫ਼ ਪਾਣੀ ਦੀ ਘਾਟ ਹੀ ਨਹੀਂ ਹੋਵੇਗੀ ਸਗੋਂ ਅਸੀਂ ਉਨ੍ਹਾਂ ਨੂੰ ਇੱਕ ਵੱਡਾ ਜਨਤਕ ਸਿਹਤ ਸੰਕਟ ਵੀ ਵਿਰਾਸਤ ਵਿੱਚ ਦੇ ਕੇ ਜਾਵਾਂਗੇ।

