ਗਾਜ਼ਾ ਦਾ ਸੰਤਾਪ
ਪਿਛਲੇ ਦੋ ਦਿਨਾਂ ਦੌਰਾਨ ਗਾਜ਼ਾ ਵਿੱਚ ਭੁੱਖ ਕਾਰਨ ਹੋਰ 33 ਮੌਤਾਂ ਹੋ ਗਈਆਂ ਹਨ ਜਿਸ ਨਾਲ ਮੰਗਲਵਾਰ ਤੱਕ ਮੌਤਾਂ ਦੀ ਗਿਣਤੀ ਵਧ ਕੇ 101 ਹੋ ਗਈ। ਮਰਨ ਵਾਲਿਆਂ ਵਿੱਚ ਛੇ ਹਫ਼ਤਿਆਂ ਦਾ ਬੱਚਾ ਸ਼ਾਮਿਲ ਸੀ ਜੋ ਅਜਿਹੀ ਜੰਗ ਦਾ ਤਰਾਸਦਿਕ ਸੂਚਕ ਬਣ ਗਿਆ ਹੈ ਜੋ ਨਾ ਕੇਵਲ ਬੰਬ ਸੁੱਟ ਕੇ ਸਗੋਂ ਰੋਟੀ ਤੋਂ ਵਿਰਵਾ ਰੱਖ ਕੇ ਵੀ ਮੌਤ ਵੰਡਦੀ ਹੈ। ਗਾਜ਼ਾ ਦੇ ਬਾਸ਼ਿੰਦਿਆਂ ਨੂੰ ਗਿਣ-ਮਿੱਥ ਕੇ ਮਾਰਿਆ ਜਾ ਰਿਹਾ ਹੈ। ਉੱਥੋਂ ਦੀਆਂ ਰਿਪੋਰਟਾਂ ਪੜ੍ਹ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਸੰਯੁਕਤ ਰਾਸ਼ਟਰ ਦਾ ਅਮਲਾ ਭੁੱਖਮਰੀ ਤੇ ਥਕਾਵਟ ਨਾਲ ਬੇਹੋਸ਼ ਹੋ ਰਿਹਾ ਹੈ। ਰਾਹਤ ਕਰਮੀਆਂ ਨੂੰ ਰੋਕਿਆ ਜਾ ਰਿਹਾ ਹੈ। 100 ਤੋਂ ਵੱਧ ਮਾਨਵੀ ਜਥੇਬੰਦੀਆਂ ਇਸ ਭੁੱਖਮਰੀ ਕਾਰਨ ਹੋ ਰਹੀਆਂ ਮੌਤਾਂ ਬਾਰੇ ਚਿਤਾਵਨੀ ਦੇ ਚੁੱਕੀਆਂ ਹਨ। ਵਿਸ਼ਵ ਖ਼ੁਰਾਕ ਪ੍ਰੋਗਰਾਮ ਨੇ ਪੁਸ਼ਟੀ ਕੀਤੀ ਹੈ ਕਿ ਬਹੁਤ ਸਾਰੇ ਪਰਿਵਾਰਾਂ ਨੂੰ ਕਈ-ਕਈ ਦਿਨ ਭੁੱਖਣ ਭਾਣੇ ਰਹਿਣਾ ਪੈ ਰਿਹਾ ਹੈ।
ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਅਕਾਲ ਦਾ ਹੁਣ ਕੋਈ ਜੋਖ਼ਿਮ ਨਹੀਂ ਸਗੋਂ ਅਕਾਲ ਪੈ ਚੁੱਕਿਆ ਹੈ ਅਤੇ ਹਰ ਘੰਟਾ ਬੀਤਣ ਨਾਲ ਸਥਿਤੀ ਬਦ ਤੋਂ ਬਦਤਰ ਹੋ ਰਹੀ ਹੈ। ਫਿਰ ਵੀ ਗਾਜ਼ਾ ਦੀ ਘੇਰਾਬੰਦੀ ਨਹੀਂ ਚੁੱਕੀ ਜਾ ਰਹੀ ਜਿਸ ਨੇ ਕਰੀਬ ਵੀਹ ਲੱਖ ਫ਼ਲਸਤੀਨੀਆਂ ਦਾ ਪਹਿਲਾਂ ਹੀ ਸਾਹ ਘੁੱਟ ਰੱਖਿਆ ਹੈ। ਇਹ ਮਹਿਜ਼ ਮਾਨਵੀ ਬਿਪਤਾ ਨਹੀਂ ਹੈ। ਇਹ ਦੁਨੀਆ ਦੇ ਨੈਤਿਕ ਪਤਨ ਦੀ ਵੀ ਨਿਸ਼ਾਨੀ ਹੈ। ਭੁੱਖਮਰੀ ਨੂੰ ਜੰਗ ਦਾ ਹਥਿਆਰ ਬਣਾਉਣਾ ਕੌਮਾਂਤਰੀ ਕਾਨੂੰਨ ਮੁਤਾਬਿਕ ਘੋਰ ਅਪਰਾਧ ਬਣਦਾ ਹੈ। ਹਾਲਾਂਕਿ ਮਾਨਵੀ ਰਾਹਤ ਦੇ ਰਾਹ ਵਿੱਚ ਜਾਣਬੁੱਝ ਕੇ ਰੋੜੇ ਅਟਕਾਉਣ ਦੇ ਸਪੱਸ਼ਟ ਸਬੂਤ ਨਜ਼ਰ ਆ ਰਹੇ ਹਨ, ਫਿਰ ਵੀ ਕਿਸੇ ਦੀ ਕੋਈ ਜਵਾਬਦੇਹੀ ਤੈਅ ਨਹੀਂ ਕੀਤੀ ਜਾ ਰਹੀ। ਕਸ਼ਟ ਸਪੱਸ਼ਟ ਦਿਸ ਰਿਹਾ ਹੈ: ਪਿੰਜਰ ਬਣ ਚੁੱਕੇ ਬੱਚਿਆਂ ਦੇ ਪੇਟ ਫੁੱਲੇ ਹੋਏ ਹਨ। ਸੰਯੁਕਤ ਰਾਸ਼ਟਰ ਦੇ ਭੋਜਨ ਵੰਡਣ ਵਾਲੇ ਸਥਾਨ ਨਿਸ਼ਾਨਚੀਆਂ ਦੀਆਂ ਬੰਦੂਕਾਂ ਦੇ ਨਿਸ਼ਾਨੇ ਹੇਠ ‘ਮੌਤ ਦਾ ਦੁਖਦਾਈ ਜਾਲ’ ਬਣ ਚੁੱਕੇ ਹਨ। ਰਿਪੋਰਟਾਂ ਦੱਸਦੀਆਂ ਹਨ ਕਿ ਮਈ ਤੋਂ ਬਾਅਦ 1,000 ਤੋਂ ਵੱਧ ਲੋਕ ਭੋਜਨ ਦੀਆਂ ਕਤਾਰਾਂ ’ਚ ਲੱਗੇ ਹੀ ਜਾਨ ਗੁਆ ਚੁੱਕੇ ਹਨ। ਮਨੁੱਖੀ ਅਧਿਕਾਰ ਸੰਗਠਨ ਐਮਨੈਸਟੀ ਤੇ ਸੰਯੁਕਤ ਰਾਸ਼ਟਰ ਦੇ ਤੱਥ ਖੋਜ ਮਿਸ਼ਨ ਹੁਣ ਜ਼ੋਰ ਦੇ ਕੇ ਕਹਿ ਰਹੇ ਹਨ ਕਿ ਇਜ਼ਰਾਈਲ ਦੀਆਂ ਕਾਰਵਾਈਆਂ ਨਸਲਕੁਸ਼ੀ ਦਾ ਆਧਾਰ ਬਣ ਸਕਦੀਆਂ ਹਨ। ਫਿਰ ਵੀ ਗਾਜ਼ਾ ਨੂੰ ਲਗਾਤਾਰ ਘੇਰਾ ਪਾ ਕੇ ਰੱਖਿਆ ਜਾ ਰਿਹਾ ਹੈ।
ਇਜ਼ਰਾਈਲ ਨੂੰ ਸਾਰੇ ਲਾਂਘੇ ਫੌਰੀ ਖੋਲ੍ਹਣੇ ਚਾਹੀਦੇ ਹਨ ਅਤੇ ਮਦਦ ਤੱਕ ਬੇਰੋਕ ਪਹੁੰਚ ਯਕੀਨੀ ਬਣਾਉਣੀ ਚਾਹੀਦੀ ਹੈ। ਸਾਰੀ ਮਾਨਵੀ ਸਹਾਇਤਾ ਭਰੋਸੇਯੋਗ, ਨਿਰਪੱਖ ਏਜੰਸੀਆਂ ਰਾਹੀਂ ਭੇਜੀ ਜਾਣੀ ਚਾਹੀਦੀ ਹੈ- ਨਾ ਕਿ ਸੈਨਾ ਦੀ ਨਿਗਰਾਨੀ ਹੇਠ ਬਣੇ ਵੰਡ ਕੇਂਦਰਾਂ ਰਾਹੀਂ। ਦਾਨੀ ਮੁਲਕਾਂ ਨੂੰ ਸਿਰਫ਼ ਬਿਆਨਬਾਜ਼ੀ ਦੀ ਥਾਂ ਅਮਲੀ ਕਾਰਵਾਈ ਕਰ ਕੇ ਦਿਖਾਉਣੀ ਚਾਹੀਦੀ ਹੈ: ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ, ਕੂਟਨੀਤਕ ਦਬਾਅ ਬਣਾ ਕੇ ਕੌਮਾਂਤਰੀ ਜਵਾਬਦੇਹੀ ਤੈਅ ਕੀਤੀ ਜਾ ਸਕਦੀ ਹੈ। ਗਾਜ਼ਾ ਨੂੰ ਭੁੱਖੇ ਮਰਨ ਲਈ ਛੱਡ ਦੇਣਾ ਸਰਬ ਸਾਂਝੀ ਮਾਨਵਤਾ ਦੇ ਭਲੇ ਵਿਚਾਰ ਨੂੰ ਤਿਆਗਣ ਦੇ ਬਰਾਬਰ ਹੈ। ਤਾਕਤਵਰ ਮੁਲਕਾਂ ਦੀ ਚੁੱਪ ਜਾਂ ਝਿਜਕ ਦਾ ਮਤਲਬ ਹੈ ਕਿ ਉਹ ਮੁੱਢੋਂ ਹੀ ਇਸ ਸਭ ’ਚ ਰਲੇ ਹੋਏ ਹਨ। ਰੋਕਿਆ ਜਾ ਰਿਹਾ ਖੁ਼ਰਾਕ ਦਾ ਹਰ ਕਾਫ਼ਲਾ ਚੋਣ ਦਾ ਮਸਲਾ ਹੈ। ਦੁਨੀਆ ਨੂੰ ਆਲੋਚਨਾ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ ਕਾਰਵਾਈ ਕਰ ਕੇ ਦਿਖਾਉਣੀ ਚਾਹੀਦੀ ਹੈ।