ਗਾਜ਼ਾ ਦੀ ਜੰਗ
ਅਮਰੀਕੀ ਯਤਨਾਂ ਸਦਕਾ ਮਿਸਰ ਦੇ ਸ਼ਰਮ ਅਲ-ਸ਼ੇਖ ਵਿੱਚ ਸ਼ਾਂਤੀ ਵਾਰਤਾ ਸ਼ੁਰੂ ਹੋਣ ਨਾਲ ਦੋ ਸਾਲਾਂ ਬਾਅਦ ਗਾਜ਼ਾ ਦੀ ਜੰਗ ਆਖ਼ਿਰਕਾਰ ਰੁਕਣ ਦੀ ਆਸ ਪੈਦਾ ਹੋ ਗਈ ਹੈ। ਇਹ ਜੰਗ 7 ਅਕਤੂਬਰ 2023 ਨੂੰ ਹਮਾਸ ਲੜਾਕਿਆਂ ਵੱਲੋਂ ਇਜ਼ਰਾਇਲੀ ਖੇਤਰ ਵਿੱਚ ਕੀਤੇ...
ਅਮਰੀਕੀ ਯਤਨਾਂ ਸਦਕਾ ਮਿਸਰ ਦੇ ਸ਼ਰਮ ਅਲ-ਸ਼ੇਖ ਵਿੱਚ ਸ਼ਾਂਤੀ ਵਾਰਤਾ ਸ਼ੁਰੂ ਹੋਣ ਨਾਲ ਦੋ ਸਾਲਾਂ ਬਾਅਦ ਗਾਜ਼ਾ ਦੀ ਜੰਗ ਆਖ਼ਿਰਕਾਰ ਰੁਕਣ ਦੀ ਆਸ ਪੈਦਾ ਹੋ ਗਈ ਹੈ। ਇਹ ਜੰਗ 7 ਅਕਤੂਬਰ 2023 ਨੂੰ ਹਮਾਸ ਲੜਾਕਿਆਂ ਵੱਲੋਂ ਇਜ਼ਰਾਇਲੀ ਖੇਤਰ ਵਿੱਚ ਕੀਤੇ ਖੌਫ਼ਨਾਕ ਹਮਲੇ ਤੋਂ ਬਾਅਦ ਸ਼ੁਰੂ ਹੋਈ ਸੀ। ਇਸ ਹਮਲੇ ਵਿੱਚ ਕਰੀਬ 1200 ਲੋਕ ਮਾਰੇ ਗਏ ਸਨ ਜਿਨ੍ਹਾਂ ’ਚੋਂ ਬਹੁਤੇ ਆਮ ਨਾਗਰਿਕ ਸਨ ਅਤੇ ਕਰੀਬ 250 ਲੋਕਾਂ ਨੂੰ ਬੰਦੀ ਬਣਾ ਲਿਆ ਗਿਆ ਸੀ। ਉਸ ਘਟਨਾ ਨੂੰ ਯਹੂਦੀਆਂ ਦੇ ਕਤਲੇਆਮ ਤੋਂ ਬਾਅਦ ਦੀ ਸਭ ਤੋਂ ਵੱਡੀ ਘਟਨਾ ਦੇ ਤੌਰ ’ਤੇ ਦੇਖਿਆ ਜਾਂਦਾ ਹੈ। ਇਸ ਤੋਂ ਬਾਅਦ ਇਜ਼ਰਾਈਲ ਵੱਲੋਂ ਕੀਤੀ ਬਦਲੇ ਦੀ ਕਾਰਵਾਈ ਵਿੱਚ ਹੁਣ ਤੱਕ 67000 ਫਲਸਤੀਨੀ ਮਾਰੇ ਜਾ ਚੁੱਕੇ ਹਨ ਜਿਨ੍ਹਾਂ ’ਚੋਂ ਬਹੁਤੇ ਆਮ ਲੋਕ ਸਨ ਅਤੇ ਗਾਜ਼ਾ ਦੀ ਕਰੀਬ 22 ਲੱਖ ਆਬਾਦੀ ਦਾ ਬਹੁਤਾ ਹਿੱਸਾ ਬੇਘਰ ਹੋ ਗਿਆ ਹੈ ਤੇ ਭੁੱਖਮਰੀ ਦੇ ਕੰਢੇ ’ਤੇ ਪਹੁੰਚ ਗਿਆ ਹੈ। ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਂਸਲ ਵੱਲੋਂ ਨਿਯੁਕਤ ਸੀਨੀਅਰ ਅਜ਼ਾਦਾਨਾ ਤਫ਼ਤੀਸ਼ਕਾਰਾਂ ਨੇ ਹਾਲ ਹੀ ਵਿੱਚ ਸਿੱਟਾ ਕੱਢਿਆ ਸੀ ਕਿ ਗਾਜ਼ਾ ਵਿੱਚ ਇਜ਼ਰਾਈਲ ਦੀਆਂ ਕਾਰਵਾਈਆਂ ਫ਼ਲਸਤੀਨੀਆਂ ਦਾ ਕਤਲੇਆਮ ਹੈ।
ਇਜ਼ਰਾਈਲ ਅਤੇ ਹਮਾਸ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪ੍ਰਸਤਾਵਿਤ 20 ਸੂਤਰੀ ਯੋਜਨਾ ਪ੍ਰਤੀ ਵਡੇਰੇ ਰੂਪ ਵਿੱਚ ਸਹਿਮਤੀ ਜਤਾਈ ਹੈ। ਇਸ ਸਦਕਾ ਬੰਦੀਆਂ ਦੀ ਛੇਤੀ ਰਿਹਾਈ ਹੋਣ ਦੀ ਆਸ ਬੱਝ ਗਈ ਹੈ। ਉਂਝ, ਹਮਾਸ ਤੋਂ ਹਥਿਆਰ ਕਿਵੇਂ ਛੁਡਵਾਏ ਜਾਣ ਅਤੇ ਇਸ ਨੂੰ ਗਾਜ਼ਾ ਵਿੱਚ ਸ਼ਾਸਨ ਤੋਂ ਬਾਹਰ ਕਿਵੇਂ ਰੱਖਿਆ ਜਾਵੇ, ਇਹ ਅਜਿਹੇ ਵਿਵਾਦ ਦੇ ਨੁਕਤੇ ਹਨ ਜਿਨ੍ਹਾਂ ਉੱਪਰ ਗੱਲਬਾਤ ਦੀ ਸਫਲਤਾ ਨਿਰਭਰ ਕਰੇਗੀ। ਭਾਰਤ ਨੇ ਝਟਪਟ ਟਰੰਪ ਦੀ ਯੋਜਨਾ ਦਾ ਸਵਾਗਤ ਕਰਦਿਆਂ ਇਸ ਨੂੰ ਫ਼ਲਸਤੀਨੀ ਅਤੇ ਇਜ਼ਰਾਇਲੀਆਂ ਲਈ ਲਮੇਰੇ ਅਤੇ ਹੰਢਣਸਾਰ ਅਮਨ, ਸੁਰੱਖਿਆ ਤੇ ਵਿਕਾਸ ਦਾ ਵਧੀਆ ਰਾਹ ਕਰਾਰ ਦਿੱਤਾ ਹੈ। ਦਿੱਲੀ ਦੀ ਇਹ ਸਰਗਰਮ ਪ੍ਰਤੀਕਿਰਿਆ ਪਿਛਲੇ ਕੁਝ ਸਾਲਾਂ ਦੌਰਾਨ ਗਾਜ਼ਾ ਵਿੱਚ ਜੰਗਬੰਦੀ ਨਾਲ ਮੁਤੱਲਕ ਸੰਯੁਕਤ ਰਾਸ਼ਟਰ ਦੇ ਮਤਿਆਂ ਉੱਪਰ ਹੁੰਦੀ ਵੋਟਿੰਗ ’ਚੋਂ ਵਾਰ-ਵਾਰ ਗ਼ੈਰ-ਹਾਜ਼ਰ ਰਹਿਣ ਦੇ ਰੁਝਾਨ ਤੋਂ ਬਿਲਕੁੱਲ ਉਲਟ ਨਜ਼ਰ ਆਉਂਦੀ ਹੈ। ਅਜੇ ਪਿਛਲੇ ਮਹੀਨੇ ਹੀ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਅਜਿਹੇ ਮਤੇ ਦੇ ਹੱਕ ਵਿੱਚ ਵੋਟ ਪਾਈ ਸੀ ਜਿਸ ਵਿੱਚ ਫ਼ਲਸਤੀਨ ਮੁੱਦੇ ਦੇ ਸ਼ਾਂਤਮਈ ਨਿਬੇੜੇ ਅਤੇ ਦੋ ਮੁਲਕੀ ਫਾਰਮੂਲੇ ਨੂੰ ਲਾਗੂ ਕੀਤੇ ਜਾਣ ਦੀ ਪ੍ਰੋੜਤਾ ਕੀਤੀ ਗਈ ਸੀ। ਅਹਿਮ ਤਬਦੀਲੀ ਉਦੋਂ ਨਜ਼ਰ ਆਈ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਸਤੰਬਰ ਨੂੰ ਕਤਰ ’ਤੇ ਕੀਤੇ ਹਵਾਈ ਹਮਲੇ ਦੀ ਨਿੰਦਾ ਕੀਤੀ ਸੀ, ਹਾਲਾਂਕਿ ਉਨ੍ਹਾਂ ਇਜ਼ਰਾਈਲ ਦਾ ਹਮਲਾਵਰ ਵਜੋਂ ਨਾਂ ਲੈਣ ਤੋਂ ਗੁਰੇਜ਼ ਕੀਤਾ ਸੀ।
ਮੋਦੀ ਵੱਲੋਂ ਟਰੰਪ ਦੀ ਗਾਜ਼ਾ ਯੋਜਨਾ ਦੀ ਹਮਾਇਤ ਜ਼ਾਹਿਰਾ ਤੌਰ ’ਤੇ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਜਾਪਦੀ ਹੈ। ਆਮ ਤੌਰ ’ਤੇ ਦਿੱਲੀ ਇਜ਼ਰਾਈਲ ਪ੍ਰਤੀ ਨਰਮਗੋਸ਼ਾ ਰਹੀ ਹੈ ਕਿਉਂਕਿ ਪਹਿਲਗਾਮ ਹਮਲੇ ਤੋਂ ਬਾਅਦ ਇਸ ਨੇ ਭਾਰਤ ਦੇ ਰੱਖਿਆ ਦੇ ਹੱਕ ਦੀ ਪ੍ਰੋੜਤਾ ਕੀਤੀ ਸੀ। ਭਾਰਤ ਨੂੰ ਆਸ ਹੈ ਕਿ ਪੱਛਮੀ ਏਸ਼ੀਆ ਦੇ ਗੜਬੜ ਵਾਲੇ ਖ਼ਿੱਤੇ ਵਿਚ ਜਦੋਂ ਸ਼ਾਂਤੀ ਬਹਾਲ ਹੋਈ ਤਾਂ ਇਸ ਦੀ ਸਮਤੋਲ ਭਰੀ ਚਾਲ ਦਾ ਫ਼ਾਇਦਾ ਹੋਵੇਗਾ।