ਟੀਵੀ ਮੇਜ਼ਬਾਨ ਤੋਂ ਜਪਾਨ ਦੇ ਪ੍ਰਧਾਨ ਮੰਤਰੀ ਤੱਕ: ਸਾਨੇ ਤਾਕਾਇਚੀ
ਸਾਨੇ ਤਾਕਾਇਚੀ ਨੇ ਟੈਲੀਵਿਜ਼ਨ ਤੇ ਪਰਦੇ ਤੋਂ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਦਾ ਸਫ਼ਰ ਤੈਅ ਕੀਤਾ ਹੈ, ਉਸ ਨੇ 103 ਸਾਲਾ ਪੁਰਾਣੇ ਜਪਾਨ ਦੇ ਰਾਜਨੀਤਕ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਹੈ। ਉਹ ਜਪਾਨ ਦੀ ਪਹਿਲੀ ਮਹਿਲਾ ਪ੍ਰਧਾਨ...
ਸਾਨੇ ਤਾਕਾਇਚੀ ਨੇ ਟੈਲੀਵਿਜ਼ਨ ਤੇ ਪਰਦੇ ਤੋਂ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਦਾ ਸਫ਼ਰ ਤੈਅ ਕੀਤਾ ਹੈ, ਉਸ ਨੇ 103 ਸਾਲਾ ਪੁਰਾਣੇ ਜਪਾਨ ਦੇ ਰਾਜਨੀਤਕ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਹੈ। ਉਹ ਜਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਹੈ।
ਇਹ ਇੱਕ ਇਤਿਹਾਸਕ ਲਹਿਰ ਹੈ ਜੋ ਪੂਰੀ ਦੁਨੀਆ ਨੂੰ ਹਿਲਾ ਰਹੀ ਹੈ। ਜਪਾਨ ਦੀ ਸੰਸਦ ਵਿੱਚ ਇੱਕ ਅਜਿਹੀ ਹਵਾ ਚੱਲੀ, ਜਿਸ ਨੇ ਸਾਰੇ ਵਿਸ਼ਵ ਦਾ ਧਿਆਨ ਆਪਣੇ ਵੱਲ ਖਿੱਚਿਆ। ਸਾਨੇ ਤਾਕਾਇਚੀ, ਲਿਬਰਲ ਡੈਮੋਕਰੈਟਿਕ ਪਾਰਟੀ (ਐੱਲ ਡੀ ਪੀ) ਦੀ ਅਗਵਾਈ ਕਰਦੀ ਨੇਤਾ, ਜਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਹੈ। ਇਹ ਸਿਰਫ਼ ਇੱਕ ਸਿਆਸੀ ਜਿੱਤ ਨਹੀਂ, ਸਗੋਂ ਜਪਾਨ ਵਿੱਚ ਉੱਠਿਆ ਇੱਕ ਸੱਭਿਆਚਾਰਕ ਤੂਫ਼ਾਨ ਵੀ ਹੈ, ਜਿਸ ਨੇ ਜਪਾਨ ਦੀ ਪੁਰਸ਼ ਪ੍ਰਧਾਨ ਰਾਜਨੀਤੀ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ ਹਨ।
ਜਪਾਨ ਦੇ ਸੈਂਕੜੇ ਸਾਲਾਂ ਦੇ ਇਤਿਹਾਸ ਵਿੱਚ, ਜਿੱਥੇ 103 ਪ੍ਰਧਾਨ ਮੰਤਰੀ ਮਰਦ ਹੀ ਸਨ, ਸਾਨੇ ਤਾਕਾਇਚੀ ਨੇ ਇੱਕ ਨਵੀਂ ਰੌਸ਼ਨੀ ਜਗਾਈ ਹੈ। ਇੱਕ ਨਵਾਂ ਸੁਨਹਿਰੀ ਯੁੱਗ ਸਾਨੇ ਤਾਕਾਇਚੀ ਦੀ ਯਾਤਰਾ ਦੇ ਰੂਪ ਵਿਚ—- ਨਾਰਾ ਦੀਆਂ ਸ਼ਾਂਤ ਗਲੀਆਂ ਤੋਂ ਟੋਕੀਓ ਦੀ ਸੰਸਦ ਤੱਕ—- ਪ੍ਰੇਰਨਾਦਾਇਕ ਕਹਾਣੀ ਹੈ। ਉਸ ਦਾ ਹੈਵੀ ਮੈਟਲ ਸੰਗੀਤ ਪ੍ਰਤੀ ਜਨੂੰਨ ਅਤੇ ਮੋਟਰਸਾਈਕਲ ਦਾ ਸ਼ੌਕ, ਐੱਨ ਐੱਚ ਕੇ ਟੈਲੀਵਿਜ਼ਨ ਦੀ ਸਕਰੀਨ ਤੋਂ ਰਾਜਨੀਤੀ ਦੀਆਂ ਉਚਾਈਆਂ ਛੂਹਣ ਤੱਕ ਦਾ ਸਫ਼ਰ, ਅਤੇ ਐਬੇ ਦੀ ਵਿਰਾਸਤ ਨੂੰ ਅੱਗੇ ਵਧਾਉਣ ਦੀ ਹਿੰਮਤ, ਸਭ ਕੁਝ ਤਾਕਾਇਚੀ ਨੂੰ ਇੱਕ ਵਿਲੱਖਣ ਨੇਤਾ ਬਣਾਉਂਦਾ ਹੈ।
ਅੱਜ ਜਪਾਨੀ ਸਮਾਜ ਵਿੱਚ ਔਰਤਾਂ ਦੀ ਭੂਮਿਕਾ ਨੂੰ ਮੁੜ ਪਰਿਭਾਸ਼ਿਤ ਕਰਦੇ ਹੋਏ, ਉਹ ਨਵੀਂ ਪੀੜ੍ਹੀ ਨੂੰ ਸੁਪਨੇ ਵੇਖਣ ਦੀ ਹਿੰਮਤ ਦੇ ਰਹੀ ਹੈ। ਭਾਰਤ-ਜਪਾਨ ਸਬੰਧਾਂ ਵਿੱਚ ਉਸ ਦੀ ਅਗਵਾਈ ਨਵਾਂ ਜੋਸ਼ ਭਰੇਗੀ ਤੇ ਰੱਖਿਆ, ਵਪਾਰ ਅਤੇ ਲੋਕਾਂ ਦੇ ਆਦਾਨ-ਪ੍ਰਦਾਨ ਵਿੱਚ ਨਵੀਆਂ ਸੰਭਾਵਨਾਵਾਂ ਖੁੱਲ੍ਹਣਗੀਆਂ। ਵਿਸ਼ਵ ਮੰਚ ’ਤੇ, ਤਾਕਾਇਚੀ ਦੀਆਂ ਸਖ਼ਤ ਅਤੇ ਸਪੱਸ਼ਟ ਨੀਤੀਆਂ ਜਪਾਨ ਨੂੰ ਇੱਕ ਮਜ਼ਬੂਤ ਸਥਾਨ ਦੇਣਗੀਆਂ।
ਤਾਕਾਇਚੀ ਜਨਮ ਤੋਂ ਜੰਗਜੂ ਬਿਰਤੀ ਵਾਲੀ ਹੈ। ਸਨਾਏ ਤਾਕਾਇਚੀ ਦਾ ਜਨਮ 27 ਅਪਰੈਲ 1961 ਨੂੰ ਨਾਰਾ ਪ੍ਰਾਂਤ ਵਿੱਚ ਹੋਇਆ, ਜੋ ਜਪਾਨ ਦੀ ਪ੍ਰਾਚੀਨ ਸੱਭਿਆਚਾਰਕ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ। ਨਾਰਾ ਦੇ ਸ਼ਾਂਤ ਮੰਦਰਾਂ ਅਤੇ ਬੁੱਧ ਸਤੂਪਾਂ ਦੇ ਵਿਚਕਾਰ ਵੱਡੀ ਹੋਈ ਸਾਨੇ ਨੂੰ ਬਚਪਨ ਤੋਂ ਹੀ ਸੱਭਿਆਚਾਰ ਅਤੇ ਰਾਜਨੀਤੀ ਨਾਲ ਲਗਾਅ ਸੀ। ਸਕੂਲ ਅਧਿਆਪਕ ਰਹੀ ਤਾਕਾਇਚੀ ਦੀ ਮਾਂ ਨੇ ਉਸ ਨੂੰ ਸਿੱਖਿਆ ਅਤੇ ਸਵੈ-ਨਿਰਭਰਤਾ ਦੀ ਤਾਕਤ ਬਾਰੇ ਦੱਸਿਆ ਪਰ ਸਾਨੇ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਸੀ। ਉਸ ਨੂੰ ਸੰਗੀਤ ਅਤੇ ਮੋਟਰਸਾਈਕਲ ਦੀ ਸਵਾਰੀ ਦਾ ਸ਼ੌਕ ਸੀ, ਜੋ ਉਸ ਸਮੇਂ ਦੀਆਂ ਜਪਾਨੀ ਔਰਤਾਂ ਲਈ ਆਮ ਨਹੀਂ ਸੀ। ਇਹ ਬਾਗ਼ੀ ਸੁਭਾਅ ਅਤੇ ਅੰਦਾਜ਼ ਹੀ ਉਸ ਨੂੰ ਰਾਜਨੀਤੀ ਵਿੱਚ ਵੱਖਰੀ ਪਛਾਣ ਦਿਵਾਉਂਦਾ ਹੈ।
ਸਾਨੇ ਨੇ ਟੋਕੀਓ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਆਪਣਾ ਕਰੀਅਰ ਐੱਨ ਐੱਚ ਕੇ ਟੈਲੀਵਿਜ਼ਨ ਵਿੱਚ ਇੱਕ ਟੀਵੀ ਪੇਸ਼ਕਾਰ ਵਜੋਂ ਸ਼ੁਰੂ ਕੀਤਾ। 1980ਵਿਆਂ ਵਿੱਚ ਉਹ ਜਪਾਨ ਦੇ ਘਰ-ਘਰ ਵਿੱਚ ਇੱਕ ਜਾਣਿਆ-ਪਛਾਣਿਆ ਚਿਹਰਾ ਬਣ ਚੁੱਕੀ ਸੀ। ਉਸ ਦੀ ਸੁਰੀਲੀ ਆਵਾਜ਼ ਅਤੇ ਸਪੱਸ਼ਟ ਵਿਚਾਰ ਲੋਕਾਂ ਨੂੰ ਪ੍ਰਭਾਵਿਤ ਕਰਦੇ ਸਨ।
1993 ਵਿੱਚ ਤਾਕਾਇਚੀ ਨੇ ਨਾਰਾ ਤੋਂ ਹੇਠਲੇ ਪ੍ਰਤੀਨਿਧੀ ਸਦਨ ਲਈ ਚੋਣ ਲੜੀ ਅਤੇ ਜਿੱਤੀ। ਇਸ ਤਰ੍ਹਾਂ ਉਸ ਦਾ ਰਾਜਨੀਤਕ ਸਫ਼ਰ ਸ਼ੁਰੂ ਹੋਇਆ, ਜਿੱਥੇ ਉਹ ਐੱਲ ਡੀ ਪੀ ਦੀ ਇੱਕ ਮਜ਼ਬੂਤ ਰਾਸ਼ਟਰਵਾਦੀ ਆਵਾਜ਼ ਬਣੀ। ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਦੀ ਸ਼ਾਗਿਰਦ ਵਜੋਂ ਉਸ ਨੇ ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਮਜ਼ਬੂਤੀ ’ਤੇ ਜ਼ੋਰ ਦਿੱਤਾ। ਐਬੇ ਦੀ 2022 ਵਿੱਚ ਹੱਤਿਆ ਤੋਂ ਬਾਅਦ, ਤਾਕਾਇਚੀ ਨੇ ਉਸ ਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਜ਼ਿੰਮਾ ਲਿਆ। ਉਸ ਨੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ (2006-2007), ਵਿੱਤੀ ਸੁਰੱਖਿਆ ਮੰਤਰੀ (2023-2024) ਅਤੇ ਸੰਚਾਰ ਮੰਤਰੀ (2024) ਵਰਗੇ ਅਹਿਮ ਅਹੁਦਿਆਂ ’ਤੇ ਕੰਮ ਕੀਤਾ।
ਅਕਤੂਬਰ 2025 ਵਿੱਚ, ਤਾਕਾਇਚੀ ਨੇ ਆਪਣੀ ਵਿਚਾਰਧਾਰਾ ਨਾਲ ਪਾਰਟੀ ਦੀ ਕਮਾਨ ਸੰਭਾਲੀ ਅਤੇ ਜਪਾਨ ਇਨੋਵੇਸ਼ਨ ਪਾਰਟੀ (ਜੇਆਈਪੀ) ਨਾਲ ਗੱਠਜੋੜ ਕਰਕੇ ਪ੍ਰਧਾਨ ਮੰਤਰੀ ਦੀ ਕੁਰਸੀ ਹਾਸਲ ਕੀਤੀ। ਇਹ ਜਿੱਤ ਸਿਰਫ਼ ਉਸ ਦੀ ਨਹੀਂ, ਸਗੋਂ ਜਪਾਨ ਦੀ ਹਰ ਔਰਤ ਦੀ ਜਿੱਤ ਹੈ। ਜਪਾਨੀ ਰਾਜਨੀਤੀ ਵਿੱਚ ਔਰਤਾਂ ਦੀ ਹਿੱਸੇਦਾਰੀ ਹਮੇਸ਼ਾ ਸੀਮਤ ਰਹੀ ਹੈ।
ਸੰਸਾਰ ਆਰਥਿਕ ਫੋਰਮ ਦੀ ਲਿੰਗਕ ਪਾੜੇ ਦੀ ਸੂਚੀ ਵਿੱਚ ਜਪਾਨ 125ਵੇਂ ਸਥਾਨ ’ਤੇ ਹੈ, ਜੋ ਔਰਤਾਂ ਦੀ ਸਥਿਤੀ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਐੱਲ ਡੀ ਪੀ ਵਿੱਚ ਸਿਰਫ਼ 9 ਪ੍ਰਤੀਸ਼ਤ ਮੈਂਬਰ ਔਰਤਾਂ ਹਨ ਅਤੇ ਕੈਬਨਿਟ ਵਿੱਚ ਵੀ ਔਰਤਾਂ ਦੀ ਸੰਖਿਆ 10 ਪ੍ਰਤੀਸ਼ਤ ਤੋਂ ਘੱਟ ਰਹੀ ਹੈ।
ਹੁਣ ਸਨਾਏ ਤਕਾਇਚੀ ਦੀ ਚੋਣ ਨੇ ਇਸ ਅੜਿੱਕੇ ਨੂੰ ਤੋੜ ਦਿੱਤਾ ਹੈ। ਉਸ ਨੇ ਵਾਅਦਾ ਕੀਤਾ ਹੈ ਕਿ ਕੈਬਨਿਟ ਵਿੱਚ ਔਰਤਾਂ ਨੂੰ ਵੱਧ ਮੌਕੇ ਮਿਲਣਗੇ। ਹਾਲਾਂਕਿ, ਤਾਕਾਇਚੀ ਦੀ ਵਿਚਾਰਧਾਰਾ ਵਿੱਚ ਇੱਕ ਵਿਰੋਧਾਭਾਸ ਵੀ ਹੈ। ਉਹ ਸਮਲਿੰਗੀ ਵਿਆਹਾਂ ਤੇ ਵੱਖਰੇ ਉਪਨਾਮ ਰੱਖਣ ਦਾ ਵਿਰੋਧ ਕਰਦੀ ਹੈ ਅਤੇ ਪੁਰਸ਼-ਪ੍ਰਧਾਨਤਾ ਦਾ ਸਮਰਥਨ ਵੀ ਉਸ ਦੀ ਵਿਚਾਰਧਾਰਾ ਵਿਚ ਹੈ। ਫਿਰ ਵੀ ਉਸ ਦੀ ਮੌਜੂਦਗੀ ਹੀ ਔਰਤਾਂ ਲਈ ਇੱਕ ਪ੍ਰੇਰਨਾ ਹੈ।
‘ਦਿ ਨਿਊਯਾਰਕ ਟਾਈਮਜ਼’ ਨੇ ਤਾਕਾਇਚੀ ਨੂੰ ‘ਜਪਾਨ ਦੀ ਮਾਰਗ੍ਰੇਟ ਥੈਚਰ’ ਕਿਹਾ ਹੈ— ਅਜਿਹੀ ਨੇਤਾ ਜੋ ਸਮਾਜ ਨੂੰ ਨਵੀਂ ਦਿਸ਼ਾ ਦਿੰਦੀ ਹੈ। ਜਪਾਨ ਵਿੱਚ, ਜਿੱਥੇ ਔਰਤਾਂ ਕਿਰਤ ਬਲ ਵਿੱਚ 50 ਫੀਸਦ ਹਿੱਸਾ ਰੱਖਦੀਆਂ ਹਨ ਪਰ ਲੀਡਰਸ਼ਿਪ ਵਿੱਚ ਪੱਛੜ ਜਾਂਦੀਆਂ ਹਨ, ਤਕਾਇਚੀ ਦੀ ਅਗਵਾਈ ਨਵੀਂ ਉਮੀਦ ਜਗਾਉਂਦੀ ਹੈ। ਉਸ ਦੀਆਂ ਨੀਤੀਆਂ ਜਣੇਪਾ ਛੁੱਟੀ ਅਤੇ ਔਰਤਾਂ ਦੀ ਸਿੱਖਿਆ ’ਤੇ ਜ਼ੋਰ ਦੇਣਗੀਆਂ।
ਭਾਰਤ-ਜਪਾਨ ਸਬੰਧਾਂ ਵਿੱਚ ਵੀ ਇੱਕ ਨਵਾਂ ਸੁਨਹਿਰੀ ਅਧਿਆਏ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤ ਅਤੇ ਜਪਾਨ ਦੇ ਸਬੰਧ ਸ਼ਿੰਜੋ ਐਬੇ ਅਤੇ ਨਰਿੰਦਰ ਮੋਦੀ ਦੀ ਰਣਨੀਤਕ ਸਾਂਝ ਨਾਲ ਮਜ਼ਬੂਤ ਹੋਏ ਸਨ। 2025 ਵਿੱਚ ਸ਼ਿੰਗੇਰੂ ਇਸ਼ੀਬਾ ਨੇ ‘ਜਪਾਨ-ਇੰਡੀਆ ਵਿਜ਼ਨ 2025’ ਪੇਸ਼ ਕੀਤਾ, ਜਿਸ ਵਿੱਚ ਰੱਖਿਆ, ਵਪਾਰ ਤੇ ਤਕਨੀਕੀ ਸਹਿਯੋਗ ਨੂੰ ਹੁਲਾਰਾ ਦਿੱਤਾ ਗਿਆ। ਤਾਕਾਇਚੀ ਦੀ ਮੌਜੂਦਗੀ ਚੀਨ ਦੇ ਵਿਰੁੱਧ ਕੁਆਡ ਗੱਠਜੋੜ (ਭਾਰਤ, ਜਪਾਨ, ਅਮਰੀਕਾ, ਆਸਟਰੇਲੀਆ) ਨੂੰ ਮਜ਼ਬੂਤ ਕਰੇਗੀ। ਭਾਰਤ-ਪ੍ਰਸ਼ਾਂਤ ਆਰਥਿਕ ਢਾਂਚੇ ਅਧੀਨ ਵਪਾਰਕ ਸਹਿਯੋਗ ਵੀ ਵਧੇਗਾ। ਐਕਸਚੇਂਜ ਪ੍ਰੋਗਰਾਮ ਨਾਲ ਭਾਰਤੀ ਨੌਜਵਾਨਾਂ ਨੂੰ ਜਪਾਨ ਵਿੱਚ ਸਿਖਲਾਈ ਅਤੇ ਨੌਕਰੀਆਂ ਦੇ ਮੌਕੇ ਮਿਲਣਗੇ। ਸਾਨੇ ਤਾਕਾਇਚੀ, ਐਬੇ ਦੀ ਵਿਚਾਰਧਾਰਕ ਵਾਰਿਸ ਵਜੋਂ, ਇਸ ਰਿਸ਼ਤੇ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਵੇਗੀ।
*ਲੇਖਕ ਉੱਘੇ ਬ੍ਰਾਡਕਾਸਟਰ ਤੇ ਮੀਡੀਆ ਵਿਸ਼ਲੇਸ਼ਕ ਹਨ।