DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਨਾਜ ਸੁਰੱਖਿਆ ਦਾ ਸੰਕਟ

ਰੂਸ ਤੇ ਕ੍ਰਾਇਮੀਆ ਨੂੰ ਜੋੜਦੇ ਕੇਰਚ ਪੁਲ (Kerch Bridge) ਨੂੰ ਨੁਕਸਾਨ ਪਹੁੰਚਾਏ ਜਾਣ ਦੇ ਕੁਝ ਸਮੇਂ ਬਾਅਦ ਹੀ ਰੂਸ ਨੇ ਸੰਯੁਕਤ ਰਾਸ਼ਟਰ ਅਤੇ ਤੁਰਕੀ ਰਾਹੀਂ ਹੋਏ ਉਸ ਸਮਝੌਤੇ ਦੀ ਮਿਆਦ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਤਹਿਤ ਯੂਕਰੇਨ ਤੋਂ...
  • fb
  • twitter
  • whatsapp
  • whatsapp
Advertisement

ਰੂਸ ਤੇ ਕ੍ਰਾਇਮੀਆ ਨੂੰ ਜੋੜਦੇ ਕੇਰਚ ਪੁਲ (Kerch Bridge) ਨੂੰ ਨੁਕਸਾਨ ਪਹੁੰਚਾਏ ਜਾਣ ਦੇ ਕੁਝ ਸਮੇਂ ਬਾਅਦ ਹੀ ਰੂਸ ਨੇ ਸੰਯੁਕਤ ਰਾਸ਼ਟਰ ਅਤੇ ਤੁਰਕੀ ਰਾਹੀਂ ਹੋਏ ਉਸ ਸਮਝੌਤੇ ਦੀ ਮਿਆਦ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਤਹਿਤ ਯੂਕਰੇਨ ਤੋਂ ਅਨਾਜ ਦੀ ਬਰਾਮਦ ਕਰ ਰਹੇ ਜਹਾਜ਼ਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਸੀ। ਸਾਲ ਪਹਿਲਾਂ ਹੋਏ ਇਸ ਸਮਝੌਤੇ ਤਹਿਤ ਯੂਕਰੇਨ ਕਾਲੇ ਸਮੁੰਦਰ (Black Sea) ’ਚ ਸਥਿਤ ਆਪਣੀਆਂ ਬੰਦਰਗਾਹਾਂ ਤੋਂ ਅਨਾਜ ਦੂਸਰੇ ਦੇਸ਼ਾਂ ਨੂੰ ਭੇਜਦਾ ਰਿਹਾ ਹੈ। ਕਾਲਾ ਸਾਗਰ, ਅੰਧ (Atlantic) ਮਹਾਂਸਾਗਰ ਦਾ ਹਿੱਸਾ ਹੈ; ਯੂਕਰੇਨ, ਰੂਸ, ਜਾਰਜੀਆ, ਤੁਰਕੀ, ਬੁਲਗਾਰੀਆ ਅਤੇ ਰੋਮਾਨੀਆ ਇਸ ਦੇ ਤੱਟੀ ਦੇਸ਼ ਹਨ।

ਉਪਰੋਕਤ ਸਮਝੌਤੇ ਦੇ ਇਕ ਸਾਲ ਦੇ ਸਮੇਂ ਵਿਚ ਯੂਕਰੇਨ ਤੋਂ 3.3 ਕਰੋੜ ਟਨ ਅਨਾਜ ਅਤੇ ਹੋਰ ਖਾਧ ਪਦਾਰਥ ਦੂਸਰੇ ਦੇਸ਼ਾਂ ਵਿਚ ਪਹੁੰਚੇ ਹਨ; ਇਨ੍ਹਾਂ ਵਿਚੋਂ ਮੁੱਖ ਮੱਕੀ, ਕਣਕ, ਸੂਰਜਮੁਖੀ ਦਾ ਤੇਲ ਤੇ ਬੀਜ, ਜੌਂ ਆਦਿ ਹਨ। ਦਰਾਮਦ ਕਰਨ ਵਾਲੇ ਦੇਸ਼ਾਂ ਵਿਚੋਂ ਮੁੱਖ ਤੁਰਕੀ, ਚੀਨ, ਸਪੇਨ, ਇਟਲੀ ਤੇ ਹਾਲੈਂਡ ਹਨ; ਇਨ੍ਹਾਂ ਦੇਸ਼ਾਂ ਨੇ ਵੱਡੀ ਪੱਧਰ ’ਤੇ ਦਰਾਮਦ ਕੀਤੀ। ਇਸ ਦਰਾਮਦ ਤੋਂ ਫ਼ਾਇਦਾ ਉਠਾਉਣ ਵਾਲਿਆਂ ਵਿਚ ਇਥੋਪੀਆ, ਯਮਨ ਅਤੇ ਅਫ਼ਗਾਨਿਸਤਾਨ ਵੀ ਸ਼ਾਮਲ ਹਨ ਜਿਨ੍ਹਾਂ ਦੀ ਦਰਾਮਦ ਦੀ ਮਾਤਰਾ ਤਾਂ ਘੱਟ ਹੈ ਪਰ ਇਨ੍ਹਾਂ ਦੇਸ਼ਾਂ ਵਿਚ ਅਨਾਜ ਦੀ ਘਾਟ ਕਾਰਨ ਦਰਾਮਦ ਦਾ ਮਹੱਤਵ ਬਹੁਤ ਜ਼ਿਆਦਾ ਹੈ। ਯੂਕਰੇਨ ਯੂਰੋਪ ਦਾ ਦੂਸਰਾ ਵੱਡਾ ਦੇਸ਼ ਹੈ (ਸਭ ਤੋਂ ਵੱਡਾ ਰੂਸ ਹੈ) ਅਤੇ ਉਹ 40 ਕਰੋੜ ਲੋਕਾਂ ਲਈ ਅਨਾਜ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਇਕ ਅੰਦਾਜ਼ੇ ਅਨੁਸਾਰ ਯੂਕਰੇਨ ਤੋਂ ਪਿਛਲੇ ਇਕ ਸਾਲ ਦੌਰਾਨ ਹੋਈ ਅਨਾਜ ਦੀ ਬਰਾਮਦ ਨੇ ਵਿਸ਼ਵ ਮੰਡੀ ਵਿਚ ਅਨਾਜ ਦੀਆਂ ਕੀਮਤਾਂ 20 ਫ਼ੀਸਦੀ ਘੱਟ ਰੱਖਣ ਵਿਚ ਸਹਾਇਤਾ ਕੀਤੀ। ਇਸ ਦੇ ਅਰਥ ਇਹ ਹਨ ਕਿ ਉਪਰੋਕਤ ਸਮਝੌਤੇ ਦੇ ਰੱਦ ਹੋਣ ਨਾਲ ਅਨਾਜ ਦੀਆਂ ਕੀਮਤਾਂ ਵਧਣਗੀਆਂ ਜਿਸ ਦਾ ਬੋਝ ਗਰੀਬ ਦੇਸ਼ਾਂ ਤੇ ਗਰੀਬ ਲੋਕਾਂ ’ਤੇ ਪਵੇਗਾ।

Advertisement

ਰੂਸ ਦਾ ਭਾਵੇਂ ਕਹਿਣਾ ਹੈ ਕਿ ਉਸ ਨੇ ਸਮਝੌਤਾ ਇਸ ਲਈ ਤੋੜਿਆ ਹੈ ਕਿ ਇਸ ਦੀ ਮਿਆਦ ਪੁੱਗ ਚੁੱਕੀ ਹੈ ਅਤੇ ਇਸ ਕਾਰਨ ਰੂਸ ਤੋਂ ਅਨਾਜ ਦੀ ਬਰਾਮਦ ਕਰਨ ਦੇ ਵਾਅਦੇ ਪੂਰੇ ਨਹੀਂ ਕੀਤੇ ਗਏ ਪਰ ਇਸ ਦਾ ਅਸਲੀ ਕਾਰਨ ਕੇਰਚ ਪੁਲ ’ਤੇ ਹੋਇਆ ਹਮਲਾ ਹੈ। ਰੂਸ ਦਾ ਕਹਿਣਾ ਹੈ ਕਿ ਯੂਕਰੇਨ ਨੇ ਡਰੋਨਾਂ ਨਾਲ ਹਮਲਾ ਕਰ ਕੇ ਇਸ ਪੁਲ ਨੂੰ ਨੁਕਸਾਨ ਪਹੁੰਚਾਇਆ ਹੈ। 19 ਕਿਲੋਮੀਟਰ ਲੰਮਾ ਇਹ ਪੁਲ ਰੂਸ ਅਤੇ ਕ੍ਰਾਇਮੀਆ (ਜਿਸ ’ਤੇ ਰੂਸ ਨੇ 2014 ਵਿਚ ਕਬਜ਼ਾ ਕੀਤਾ ਸੀ) ਵਿਚਕਾਰ ਆਵਾਜਾਈ ਦਾ ਅਹਿਮ ਸਰੋਤ ਹੈ। ਯੂਰੋਪ ਦੇ ਇਸ ਸਭ ਤੋਂ ਲੰਮੇ ਪੁਲ ’ਤੇ 4 ਸੜਕੀ ਲੇਨਾਂ ਅਤੇ ਰੇਲ ਦੇ ਦੋ ਟਰੈਕ ਹਨ। ਇਸ ਦੀ ਉਸਾਰੀ 2018 ਵਿਚ ਮੁਕੰਮਲ ਹੋਈ ਸੀ; ਇਸ ਤੋਂ ਪਹਿਲਾਂ ਰੂਸ ਤੇ ਕ੍ਰਾਇਮੀਆ ਵਿਚਕਾਰ ਆਵਾਜਾਈ ਵੱਡੀਆਂ ਬੇੜੀਆਂ (ferries) ਰਾਹੀਂ ਹੁੰਦੀ ਸੀ। ਯੂਕਰੇਨ ਨੇ ਅਕਤੂਬਰ 2022 ਵਿਚ ਵੀ ਇਸ ਪੁਲ ਨੂੰ ਨੁਕਸਾਨ ਪਹੁੰਚਾਇਆ ਸੀ। ਰੂਸ ਅਨੁਸਾਰ ਉਸ ਨੇ ਕਦੇ ਵੀ ਇਸ ਪੁਲ ਦੀ ਜੰਗੀ ਮੰਤਵਾਂ ਲਈ ਵਰਤੋਂ ਨਹੀਂ ਕੀਤੀ। ਜਿੱਥੇ ਅਮਰੀਕਾ ਤੇ ਯੂਰੋਪ ਦੇ ਦੇਸ਼ਾਂ ਨੇ ਰੂਸ ਦੁਆਰਾ ਕਾਲੇ ਸਾਗਰ ਦੇ ਸਮਝੌਤੇ ਨੂੰ ਰੱਦ ਕਰਨ ਦੀ ਨਿਖੇਧੀ ਕੀਤੀ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਇਸ ਕਾਰਨ ਮਹਿ਼ੰਗਾਈ ਵਧੇਗੀ, ਉੱਥੇ ਕੂਟਨੀਤਕ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਪੱਛਮੀ ਯੂਰੋਪ ਦੇ ਦੇਸ਼ ਯੂਕਰੇਨ ਨੂੰ ਭੜਕਾ ਕੇ ਜੰਗ ਤੇਜ਼ ਕਰਵਾ ਰਹੇ ਹਨ। ਉਨ੍ਹਾਂ ਦੀ ਜੰਗਬੰਦੀ ਕਰਵਾਉਣ ਵਿਚ ਕੋਈ ਦਿਲਚਸਪੀ ਨਹੀਂ। ਰੂਸ ਭਾਵੇਂ ਕੇਰਚ ਪੁਲ ਦੀ ਮੁਰੰਮਤ ਕਰਨ ਅਤੇ ਵੱਡੀਆਂ ਬੇੜੀਆਂ ਨਾਲ ਕ੍ਰਾਇਮੀਆ ਨਾਲ ਆਵਾਜਾਈ ਬਣਾਈ ਰੱਖਣ ਦੀ ਸਮਰੱਥਾ ਰੱਖਦਾ ਹੈ ਪਰ ਇਸ ਪੁਲ ਨੂੰ ਨੁਕਸਾਨ ਪਹੁੰਚਾਏ ਜਾਣ ’ਤੇ ਰੂਸ ਵਿਚਲੇ ਜੰਗ-ਪ੍ਰਸਤ ਤੱਤਾਂ ਨੂੰ ਹੋਰ ਸ਼ਹਿ ਮਿਲੀ ਹੈ। ਦੋਵਾਂ ਦੇਸ਼ਾਂ ਵਿਚ ਅਤਿਵਾਦੀ ਤੱਤਾਂ ਦੀ ਭਰਮਾਰ ਹੈ। ਜਿੱਥੇ ਰੂਸ ਵਿਚ ਵਲਾਦੀਮੀਰ ਪੂਤਿਨ ਤੇ ਉਸ ਦੇ ਹਮਾਇਤੀ ਰੂਸੀ ਅੰਧਰਾਸ਼ਟਰਵਾਦ ਦਾ ਢੰਡੋਰਾ ਪਿੱਟਦੇ ਹਨ, ਉੱਥੇ ਯੂਕਰੇਨ ਵਿਚ ਨਾਜ਼ੀ ਤੱਤ ਉਸ ਦੇਸ਼ ਦੀ ਸਿਆਸਤ ਤੇ ਫ਼ੌਜ ਦਾ ਅਹਿਮ ਹਿੱਸਾ ਹਨ ਭਾਵੇਂ ਮੌਜੂਦਾ ਰਾਸ਼ਟਰਪਤੀ ਜ਼ੇਲੈਂਸਕੀ ਖ਼ੁਦ ਯਹੂਦੀ ਹੈ। ਪਿਛਲੇ ਕੁਝ ਸਾਲਾਂ ਵਿਚ ਨਾਜ਼ੀ ਪਿਛੋਕੜ ਵਾਲੇ ਕੁਝ ਆਗੂਆਂ ਨੂੰ ਕੌਮੀ ਨਾਇਕਾਂ ਵਜੋਂ ਸਤਿਕਾਰ ਮਿਲਿਆ ਹੈ। ਇਸ ਸਭ ਕੁਝ ਦੇ ਬਾਵਜੂਦ ਰੂਸ ਦੇ ਯੂਕਰੇਨ ’ਤੇ ਹਮਲੇ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪਰ ਅਮਰੀਕਾ ਅਤੇ ਯੂਰੋਪ ਦੇ ਦੇਸ਼ਾਂ ਨੇ ਵੀ ਯੂਕਰੇਨ ਨੂੰ ਉਕਸਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਅਨਾਜ ਸੁਰੱਖਿਆ ਦੁਨੀਆ ਦਾ ਸਭ ਤੋਂ ਅਹਿਮ ਮਸਲਾ ਹੈ ਜਿਸ ਨੂੰ ਦੇਖਦੇ ਹੋਏ ਕੌਮਾਂਤਰੀ ਭਾਈਚਾਰੇ ਨੂੰ ਨਾ ਸਿਰਫ਼ ਕਾਲੇ ਸਾਗਰ ਦੀਆਂ ਬੰਦਰਗਾਹਾਂ ਤੋਂ ਅਨਾਜ ਬਰਾਮਦ ਕਰਨ ਦਾ ਬੰਦੋਬਸਤ ਕਰਵਾਉਣਾ ਚਾਹੀਦਾ ਹੈ ਸਗੋਂ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਵੀ ਕਰਵਾਉਣੀ ਚਾਹੀਦੀ ਹੈ।

Advertisement
×