ਜਾਅਲੀ ਅੰਬੈਸੀ
ਇਹ ਹਾਲਾਂਕਿ ਮਜ਼ਾਕ ਦਾ ਵਿਸ਼ਾ ਬਣ ਗਿਆ ਹੈ ਪਰ ਜੇ ਇਸ ਨੂੰ ਗੰਭੀਰਤਾ ਨਾਲ ਦੇਖਿਆ ਜਾਵੇ ਤਾਂ ਅਜਿਹਾ ਬਿਲਕੁਲ ਵੀ ਨਹੀਂ ਹੈ। ਕੌਮੀ ਰਾਜਧਾਨੀ ਦਿੱਲੀ ਦੇ ਨੇੜੇ ਪੈਂਦੇ ਗਾਜ਼ੀਆਬਾਦ ਵਿੱਚ ਫਰਜ਼ੀ ਅੰਬੈਸੀ ਚਲਾਉਣ ਦੇ ਦੋਸ਼ ਵਿੱਚ ਇੱਕ ਸ਼ਖ਼ਸ ਦੀ ਗ੍ਰਿਫ਼ਤਾਰੀ ਸ਼ਰਮਿੰਦਗੀ ਤੋਂ ਵੀ ਪਰ੍ਹੇ ਦੀ ਗੱਲ ਹੈ। ਹਰ ਤਰ੍ਹਾਂ ਦੀਆਂ ਨਕਲੀ ਚੀਜ਼ਾਂ ਪ੍ਰਤੀ ਭਾਰਤੀਆਂ ਦੇ ਰਵਾਇਤੀ ਪਹੁੰਚ ਨੂੰ ਹਰਸ਼ ਵਰਧਨ ਜੈਨ ਨਾਂ ਦੇ ਸ਼ਖ਼ਸ ਵੱਲੋਂ ਅਜਿਹੇ ਪੱਧਰ ’ਤੇ ਲਿਜਾਇਆ ਗਿਆ ਹੈ ਜੋ ਬਿਨਾਂ ਸ਼ੱਕ ਰਸਾਤਲ ਹੀ ਮੰਨਿਆ ਜਾਣਾ ਚਾਹੀਦਾ ਹੈ ਪਰ ਕਈ ਲੋਕਾਂ ਨੂੰ ਇਹ ਕੋਈ ਨਵੀਂ ਉਚਾਈ ਲੱਗ ਰਹੀ ਹੋਵੇਗੀ। ਉਸ ਨੂੰ ਅਖੌਤੀ ਤੌਰ ’ਤੇ ਆਪਣੇ ਆਪ ਨੂੰ ਰਾਜਦੂਤ ਦੇ ਰੂਪ ਵਿੱਚ ਪੇਸ਼ ਕਰਨ ਅਤੇ ਵਿਦੇਸ਼ੀ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀਆਂ ਮਾਰਨ, ‘ਸਬੋਰਗਾ’ ਅਤੇ ‘ਵੈਸਟ ਆਰਕਟਿਕਾ’ ਜਿਹੀਆਂ ਅਣਜਾਣੀਆਂ ਸੰਸਥਾਵਾਂ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਆਪਣੇ ਆਪ ਨੂੰ ਛੁਪਾਉਣ ਲਈ ਜਾਅਲਸਾਜ਼ੀ ਦਾ ਪੂਰਾ ਢਾਂਚਾ ਉਸਾਰਿਆ ਹੋਇਆ ਸੀ ਜਿਸ ਤਹਿਤ ਹੋਰ ਤਾਂ ਹੋਰ, ਸਗੋਂ ਫਰਜ਼ੀ ਕੂਟਨੀਤਕ ਨੰਬਰ ਪਲੇਟਾਂ ਵਾਲੀਆਂ ਕਾਰਾਂ ਅਤੇ ਕੌਮਾਂਤਰੀ ਝੰਡਿਆਂ ਨਾਲ ਸਜੇ ਹੋਏ ਕਮਰੇ ਵੀ ਸ਼ਾਮਿਲ ਸਨ। ਜੈਨ ਕੋਲੋਂ ਨਕਲੀ ਮੋਹਰਾਂ ਅਤੇ ਦੁਨੀਆ ਦੇ ਵੱਖ-ਵੱਖ ਆਗੂਆਂ ਨਾਲ ਖਿੱਚੀਆਂ ਗਈਆਂ ਨਕਲੀ ਤਸਵੀਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਫਰਜ਼ੀਵਾੜਾ ਪਿਛਲੇ ਅੱਠ ਸਾਲਾਂ ਤੋਂ ਚੱਲ ਰਿਹਾ ਸੀ ਅਤੇ ਹੁਣ ਤੱਕ ਇਸ ’ਤੇ ਕਿਸੇ ਦੀ ਵੀ ਨਜ਼ਰ ਨਹੀਂ ਗਈ। ਹੁਣ ਵੱਡਾ ਸਵਾਲ ਇਹੀ ਹੈ ਕਿ ਇਸ ਦੌਰਾਨ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਤੇ ਪੁਣਛਾਣ ਤੋਂ ਕਿਵੇਂ ਬਚਿਆ ਰਿਹਾ?
ਫ਼ਰਜ਼ੀ ਨੌਕਰੀ ਘਪਲਾ ਕਰਨ ਤੋਂ ਇਲਾਵਾ ਜੈਨ ਉੱਤੇ ਹਵਾਲਾ ਅਤੇ ਜਾਅਲੀ ਕੂਟਨੀਤਕ ਦਸਤਾਵੇਜ਼ਾਂ ਰਾਹੀਂ ਮਨੀ ਲਾਂਡਰਿੰਗ ਵਿੱਚ ਸ਼ਾਮਿਲ ਹੋਣ ਦੇ ਦੋਸ਼ ਵੀ ਲੱਗੇ ਹਨ। ਦਾਨ-ਪੁੰਨ ਦੇ ਸਮਾਗਮਾਂ ਵਿੱਚ ਸਮਾਜਿਕ ਦਾਅਵਤਾਂ ਸ਼ਾਮਿਲ ਹਨ ਜੋ ਜ਼ਾਹਿਰਾ ਤੌਰ ’ਤੇ ਲੋਕਾਂ ਨੂੰ ਫਸਾਉਣ, ਉਨ੍ਹਾਂ ਨੂੰ ਆਪਣੇ ਨਾਲ ਜੋੜਨ ਦੇ ਤਰੀਕੇ ਵਜੋਂ ਦਿੱਤੀਆਂ ਗਈਆਂ। ਉਸ ਦਾ ਸ਼ੱਕੀ ਰਿਕਾਰਡ ਉਸ ’ਤੇ ਧਿਆਨ ਕੇਂਦਰਿਤ ਕਰਵਾਉਣ ਲਈ ਕਾਫ਼ੀ ਸੀ। ਇਸ ਦੀ ਬਜਾਏ ਹਰਸ਼ ਵਰਧਨ ਜੈਨ ਬਿਨਾਂ ਕਿਸੇ ਜਾਂਚ-ਪੜਤਾਲ ਤੋਂ ਆਪਣਾ ਕੰਮ ਕਰਦਾ ਰਿਹਾ ਜਿਸ ਤੋਂ ਐਨ ਸਪੱਸ਼ਟ ਜਾਪਦਾ ਹੈ ਕਿ ਸਰਕਾਰੀ ਤੰਤਰ ਨੇ ਕਈ ਪੱਧਰਾਂ ’ਤੇ ਡਿਊਟੀ ਵਿੱਚ ਅਣਗਹਿਲੀ ਵਰਤੀ ਹੈ। ਇਹ ਅਜਿਹੀ ਨਾਕਾਮੀ ਹੈ ਜਿਸ ਦੀ ਜਾਂਚ ਕਰਨੀ ਬਣਦੀ ਹੈ ਤੇ ਨਿਗਰਾਨੀ ਦੇ ਦਿਸ਼ਾ-ਨਿਰਦੇਸ਼ਾਂ ਦੀ ਵੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਦੇਸ਼ ਦੇ ਪ੍ਰਮੁੱਖ ਸ਼ਹਿਰ ਵਿੱਚ ਸਰਕਾਰੀ ਮਸ਼ੀਨਰੀ ਦੇ ਨੱਕ ਹੇਠ ਇਸ ਤਰ੍ਹਾਂ ਦੀ ਜਾਅਲਸਾਜ਼ੀ ਕਈ ਸਵਾਲ ਖੜ੍ਹੇ ਕਰਦੀ ਹੈ, ਜਿਨ੍ਹਾਂ ਦਾ ਜਵਾਬ ਹਰ ਹਾਲ ਮਿਲਣਾ ਚਾਹੀਦਾ ਹੈ।
ਜੇਕਰ ਜੈਨ ਘਟਨਾਕ੍ਰਮ ਸਰਕਾਰੀ ਤੌਰ-ਤਰੀਕਿਆਂ ਬਾਰੇ ਕਾਫ਼ੀ ਕੁਝ ਕਹਿੰਦਾ ਹੈ ਤਾਂ ਇਹ ਲੋਕਾਂ ਵਜੋਂ ਸਾਡੇ ’ਤੇ ਵੀ ਚਿੰਤਨ ਲਈ ਜ਼ੋਰ ਪਾਉਂਦਾ ਹੈ- ਅਸੀਂ ਚਾਹੇ ਜਿੰਨੀ ਮਰਜ਼ੀ ਅਸਹਿਮਤੀ ਰੱਖੀਏ, ਪਰ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਉਣ ਅਤੇ ਅਜਿਹਾ ਕਰਨ ਦੇ ਚਤੁਰ ਢੰਗ-ਤਰੀਕੇ ਲੱਭਣ ਦੀ ਚਾਹ ਬਹੁਤ ਗਹਿਰੀ ਸਮੋਈ ਹੋਈ ਹੈ। ਸਿਰਫ਼ ਜੀਡੀਪੀ ਹੀ ਤਰੱਕੀ ਨੂੰ ਪਰਿਭਾਸ਼ਤ ਨਹੀਂ ਕਰਦੀ; ਇਸ ਲਈ ਭ੍ਰਿਸ਼ਟਾਚਾਰ, ਬੇਈਮਾਨੀ ਤੇ ਸਿਫ਼ਰ ਜਵਾਬਦੇਹੀ ਦੀ ਤਹਿਜ਼ੀਬ ਨੂੰ ਵੀ ਤਿਆਗਣਾ ਪਏਗਾ। ਅਜਿਹੇ ਪ੍ਰਸੰਗਾਂ ਵਿਚ ਜਵਾਬਦੇਹੀ ਸਭ ਤੋਂ ਅਹਿਮ ਹੈ ਅਤੇ ਇਸ ਮਾਮਲੇ ਵਿੱਚ ਕੋਈ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ।