ਬੇਮਿਸਾਲ ਕ੍ਰਿਕਟ
ਇਵੇਂ ਜਾਪਦਾ ਹੈ ਕਿ ਇਸ ਦੀ ਪਟਕਥਾ ਸਵਰਗ ਵਿੱਚ ਲਿਖੀ ਗਈ ਸੀ। ਟੈਸਟ ਕ੍ਰਿਕਟ ਦੇ 148 ਸਾਲ ਪੁਰਾਣੇ ਇਤਿਹਾਸ ਵਿੱਚ ਖੇਡੀ ਗਈ ਇਹ ਬਹੁਤ ਹੀ ਰੁਮਾਂਚਿਕ ਲੜੀ ਸਾਬਿਤ ਹੋਈ ਹੈ ਜਿਸ ਨੇ 2-2 ਦੀ ਬਰਾਬਰੀ ਦਾ ਕਮਾਲ ਦੇ ਡਰਾਅ ਦਾ ਨਤੀਜਾ ਪੈਦਾ ਕੀਤਾ ਹੈ। ਭਾਰਤ ਅਤੇ ਇੰਗਲੈਂਡ ਵਿੱਚੋਂ ਕਿਸੇ ਨੂੰ ਇੱਕੀ ਨਹੀਂ ਚੁਣਿਆ ਜਾ ਸਕਦਾ ਕਿਉਂਕਿ ਦੋਵਾਂ ਨੇ ਪੰਜ ਮੈਚਾਂ ਦੀ ਇਸ ਲੜੀ ਵਿੱਚ ਜਾਨ ਹੂਲਵੇਂ ਮੁਕਾਬਲੇ ਦਾ ਪ੍ਰਦਰਸ਼ਨ ਕੀਤਾ ਹੈ ਜਿਸ ਵਿੱਚ ਕਿਸੇ ਨੇ ਵੀ ਦੂਜੀ ਧਿਰ ਨੂੰ ਡੇਗਣ ਤੋਂ ਕੋਈ ਕਸਰ ਬਾਕੀ ਨਹੀਂ ਛੱਡੀ। ਨਵੇਂ ਕਪਤਾਨ ਸ਼ੁਭਮਨ ਸਿੰਘ ਗਿੱਲ ਦੀ ਅਗਵਾਈ ਹੇਠ ਨੌਜਵਾਨ ਭਾਰਤੀ ਟੀਮ ਨੇ ਮਾਨਚੈਸਟਰ ਵਿੱਚ ਚੌਥਾ ਟੈਸਟ ਮੈਚ ਡਰਾਅ ਹੋਣ ਤੋਂ ਬਾਅਦ ਓਵਲ ਵਿੱਚ ਖੇਡੇ ਗਏ ਪੰਜਵੇਂ ਤੇ ਅੰਤਮ ਮੈਚ ਜਿੱਤ ਕੇ ਸ਼ਾਨਦਾਰ ਢੰਗ ਨਾਲ ਵਾਪਸੀ ਕੀਤੀ। ਓਵਲ ਦੇ ਮੈਦਾਨ ’ਤੇ ਅਖ਼ੀਰਲੇ ਦਿਨ ਖਿਡਾਰੀਆਂ ਦੇ ਸਨਮਾਨ ’ਚੋਂ ਭਾਰਤ ਦੀ ਖੁਸ਼ੀ ਦੀ ਝਲਕ ਪੈ ਰਹੀ ਸੀ ਜਿਸ ਤੋਂ ਜਾਪ ਰਿਹਾ ਸੀ ਕਿ ਉਨ੍ਹਾਂ ਮੈਚ ਹੀ ਨਹੀਂ ਸਗੋਂ ਲੜੀ ਵੀ ਜਿੱਤ ਲਈ ਹੈ। ਇੰਗਲੈਂਡ ਦੀ ਟੀਸ ਨੂੰ ਹਰਫਨ ਮੌਲਾ ਕ੍ਰਿਸ ਵੋਕਸ ਦੀ ਵਿਥਿਆ ’ਚੋਂ ਸਮਝਿਆ ਜਾ ਸਕਦਾ ਸੀ ਜੋ ਆਪਣੇ ਮੋਢੇ ਦੀ ਸੱਟ ਤੋਂ ਸਲਿੰਗ ਪਹਿਨ ਕੇ ਬੱਲੇਬਾਜ਼ੀ ਕਰਨ ਲਈ ਆਖ਼ਿਰੀ ਜੋੜੀ ਦੇ ਰੂਪ ਵਿੱਚ ਮੈਦਾਨ ’ਤੇ ਉਦੋਂ ਉੱਤਰਿਆ ਸੀ ਜਦੋਂ ਇੰਗਲੈਂਡ ਨੂੰ ਮੈਚ ਜਿੱਤਣ ਲਈ 17 ਦੌੜਾਂ ਦਰਕਾਰ ਸਨ। ਆਖ਼ਿਰਕਾਰ ਇੰਗਲੈਂਡ ਛੇ ਦੌੜਾਂ ਬਣਾਉਣ ਤੋਂ ਖੁੰਝ ਗਿਆ ਤੇ ਅੰਤ ਤੱਕ ਜੂਝਦੇ ਰਹਿਣ ਵਾਲੇ ਤੇ ਕਦੇ ਹਾਰ ਨਾ ਮੰਨਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਇੱਕ ਕਿਸਮ ਦਾ ਤਖ਼ਤਾ ਪਲਟ ਕਰ ਕੇ ਰੱਖ ਦਿੱਤਾ।
ਸਿਰਾਜ ਬੇਸ਼ੱਕ ‘ਓਵਲ’ ਦੇ ਫਾਈਨਲ ਟੈਸਟ ਦਾ ‘ਸਿਤਾਰਾ’ ਹੈ ਪਰ ਨਿਚੋੜ ਕੇ ਰੱਖ ਦੇਣ ਵਾਲੇ ਇਸ ਦੌਰੇ ਦੌਰਾਨ ਭਾਰਤ ਨੂੰ ਹੋਰ ਵੀ ਕਈ ਨਾਇਕ ਮਿਲੇ ਹਨ- ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਕੇਐੱਲ ਰਾਹੁਲ, ਰਿਸ਼ਭ ਪੰਤ, ਜਸਪ੍ਰੀਤ ਬੁਮਰਾ, ਆਕਾਸ਼ਦੀਪ ਤੇ ਪੁਰਾਣਾ ਖਿਡਾਰੀ ਰਵਿੰਦਰ ਜਡੇਜਾ। ਕਪਤਾਨ ਗਿੱਲ ਤਾਂ ਕਿਸੇ ਟੈਸਟ ਲੜੀ ਵਿੱਚ ਕਿਸੇ ਭਾਰਤੀ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਸੁਨੀਲ ਗਾਵਸਕਰ ਦਾ 54 ਸਾਲ ਪੁਰਾਣਾ ਰਿਕਾਰਡ ਤੋੜਨ ਦੇ ਨੇੜੇ ਪਹੁੰਚ ਗਿਆ ਸੀ ਤੇ ‘ਲਿਟਲ ਮਾਸਟਰ’ ਕਹਾਉਂਦੇ ਗਾਵਸਕਰ ਨੇ ਆਪਣੇ ਜਾਣੇ-ਪਛਾਣੇ ਨਿਮਰ ਅੰਦਾਜ਼ ਵਿੱਚ ਕਿਹਾ ਕਿ ਗਿੱਲ ਦੀ ਪ੍ਰਾਪਤੀ ਉਸ ਤੋਂ ਕਿਤੇ ਵੱਡੀ ਹੈ ਕਿਉਂਕਿ ਉਸ ’ਤੇ ਕਪਤਾਨੀ ਦੀ ਵੀ ਜ਼ਿੰਮੇਵਾਰੀ ਸੀ। ਕੋਈ ਸ਼ੱਕ ਨਹੀਂ ਕਿ ਗਿੱਲ ਹੁਣ ਲੰਮਾ ਸਮਾਂ ਟਿਕੇਗਾ ਤੇ ਪ੍ਰਤਿਭਾ ਨਾਲ ਭਰਪੂਰ ਉਸ ਦੀ ਟੀਮ ਉੱਤੇ ਵੀ ਇਹੀ ਲਾਗੂ ਹੁੰਦਾ ਹੈ।
ਪੰਜ ਮੈਚਾਂ ਦੀ ਜ਼ੋਰਦਾਰ ਟੱਕਰ, ਜਿਸ ਨੇ ਕਈ ਸ਼ਾਨਦਾਰ ਸਿਖਰਾਂ ਛੂਹੀਆਂ ਅਤੇ ਟਕਰਾਅ ਦੇ ਪਲ ਵੀ ਆਏ, ਨੇ ਦਿਖਾਇਆ ਕਿ ਟੈਸਟ ਕ੍ਰਿਕਟ ਦਾ ਜਲਵਾ ਅਜੇ ਬਰਕਰਾਰ ਹੈ, ਟੀ-20 ਦੇ ਚਮਕ-ਦਮਕ ਵਾਲੇ ਦੌਰ ’ਚ ਵੀ ਇਹ ਪੂਰਾ ਕਾਇਮ ਹੈ। ਕ੍ਰਿਕਟ ਦੀ ਇਹ ਸਭ ਤੋਂ ਚੁਣੌਤੀਪੂਰਨ ਤੇ ਲੰਮੀ ਵੰਨਗੀ ਜੋਅ ਰੂਟ ਤੇ ਬੈੱਨ ਸਟੋਕਸ ਵਰਗੇ ਮਹਾਨ ਖਿਡਾਰੀਆਂ ਦੀ ਸੋਭਾ ਕਰ ਕੇ, ਸਿਹਤਮੰਦ ਹੈ ਤੇ ਜਿਊਂਦੀ ਹੈ।