DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਮਤਿਹਾਨ ਦੀ ਘੜੀ

ਪੰਜਾਬ ਕਾਂਗਰਸ ਦੇ ਆਗੂਆਂ ਦਾ ਭਾਰਤੀ ਜਨਤਾ ਪਾਰਟੀ ਵਿਚ ਜਾਣ ਦਾ ਸਿਲਸਿਲਾ ਜਾਰੀ ਹੈ। ਬਟਾਲੇ ਤੋਂ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਦਾ ਭਾਜਪਾ ਵਿਚ ਸ਼ਾਮਿਲ ਹੋਣਾ ਇਸੇ ਸਿਲਸਿਲੇ ਦੀ ਕੜੀ ਹੈ। ਭਾਜਪਾ ਨੇ ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਬਣਾ ਕੇ ਇਹ...
  • fb
  • twitter
  • whatsapp
  • whatsapp
Advertisement

ਪੰਜਾਬ ਕਾਂਗਰਸ ਦੇ ਆਗੂਆਂ ਦਾ ਭਾਰਤੀ ਜਨਤਾ ਪਾਰਟੀ ਵਿਚ ਜਾਣ ਦਾ ਸਿਲਸਿਲਾ ਜਾਰੀ ਹੈ। ਬਟਾਲੇ ਤੋਂ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਦਾ ਭਾਜਪਾ ਵਿਚ ਸ਼ਾਮਿਲ ਹੋਣਾ ਇਸੇ ਸਿਲਸਿਲੇ ਦੀ ਕੜੀ ਹੈ। ਭਾਜਪਾ ਨੇ ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਬਣਾ ਕੇ ਇਹ ਸੰਕੇਤ ਦਿੱਤੇ ਹਨ ਕਿ ਉਹ ਪਾਰਟੀ ਬਦਲਣ ਵਾਲਿਆਂ ਨੂੰ ਬਣਦੀ ਮਾਨਤਾ ਦੇਵੇਗੀ। ਪਾਰਟੀ ਨੇ ਹੋਰ ਸੂਬਿਆਂ ਵਿਚ ਵੀ ਕਾਂਗਰਸ ਤੋਂ ਆਏ ਆਗੂਆਂ ਨੂੰ ਵੱਡੇ ਅਹੁਦੇ ਬਖ਼ਸ਼ੇ ਹਨ ਜਿਨ੍ਹਾਂ ਵਿਚੋਂ ਸਿਰਮੌਰ ਮਿਸਾਲ ਅਸਾਮ ਹੈ ਜਿੱਥੇ ਸਾਬਕਾ ਕਾਂਗਰਸੀ ਆਗੂ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ। ਪੰਜਾਬ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤਕ ਵੱਡੀ ਗਿਣਤੀ ਕਾਂਗਰਸੀ ਆਗੂ ਭਾਜਪਾ ਵਿਚ ਸ਼ਾਮਿਲ ਹੋ ਚੁੱਕੇ ਹਨ। ਪੰਜਾਬ ਕਾਂਗਰਸ ਲਈ ਇਹ ਇਮਤਿਹਾਨ ਦੀ ਘੜੀ ਹੈ।

ਉੱਘੇ ਸਿਆਸੀ ਮਾਹਿਰ ਰਜਨੀ ਕੋਠਾਰੀ ਨੇ ਕਾਂਗਰਸ ਨੂੰ ਅਜਿਹੀ ਪਾਰਟੀ ਦੱਸਿਆ ਸੀ ਜਿਸ ਵਿਚ ਸੱਜੇ ਪੱਖੀ, ਖੱਬੇ ਪੱਖੀ, ਕੇਂਦਰਵਾਦੀ, ਸਭ ਤਰ੍ਹਾਂ ਦੇ ਆਗੂ ਸ਼ਾਮਿਲ ਹੁੰਦੇ ਸਨ। 1966 ਵਿਚ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਅਤੇ 1967 ਦੀਆਂ ਚੋਣਾਂ ਵਿਚ ਕਾਂਗਰਸ ਦੀ ਕਈ ਸੂਬਿਆਂ ਵਿਚ ਹਾਰ ਤੋਂ ਬਾਅਦ ਪਾਰਟੀ ਵਿਚ ਟੁੱਟ ਭੱਜ ਸ਼ੁਰੂ ਹੋਈ। 1969 ਵਿਚ ਕਾਂਗਰਸ ਦੋਫਾੜ ਹੋ ਗਈ; ਇਕ ਪਾਸੇ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸੀ ਅਤੇ ਦੂਸਰੇ ਪਾਸੇ ਕੇ. ਕਾਮਰਾਜ, ਮੋਰਾਰਜੀ ਡਿਸਾਈ, ਨਿਜਲਿੰਗਪਾ, ਸੰਜੀਵਾ ਰੈਡੀ, ਐੱਸਕੇ ਪਾਟਿਲ ਆਦਿ ਤਾਕਤਵਰ ਕਾਂਗਰਸੀ ਆਗੂਆਂ ਦੀ ਅਗਵਾਈ ਵਾਲੀ ਪਾਰਟੀ। ਇੰਦਰਾ ਗਾਂਧੀ ਦੀ ਅਗਵਾਈ ਵਾਲੀ ਪਾਰਟੀ ਨੂੰ ਕਾਂਗਰਸ (ਰੂਲਿੰਗ) ਕਿਹਾ ਗਿਆ ਅਤੇ ਦੂਸਰੇ ਆਗੂਆਂ ਵਾਲੀ ਨੂੰ ਕਾਂਗਰਸ (ਆਪੋਜੀਸ਼ਨ)। ਇਸ ਲੜਾਈ ਵਿਚੋਂ ਇੰਦਰਾ ਗਾਂਧੀ ਦੀ ਅਗਵਾਈ ਹੇਠ ਪਾਰਟੀ ਮਜ਼ਬੂਤ ਹੋ ਕੇ ਉੱਭਰੀ। 1977 ਵਿਚ ਐਮਰਜੈਂਸੀ ਹਟਾਉਣ ਤੋਂ ਬਾਅਦ ਕਾਂਗਰਸ ਦੇ ਉੱਘੇ ਆਗੂ ਜਗਜੀਵਨ ਰਾਮ, ਹੇਮਵਤੀ ਨੰਦਨ ਬਹੁਗੁਣਾ ਅਤੇ ਹੋਰਨਾਂ ਨੇ ਇੰਦਰਾ ਗਾਂਧੀ ਦਾ ਸਾਥ ਛੱਡ ਕੇ ਕਾਂਗਰਸ ਫਾਰ ਡੈਮੋਕਰੇਸੀ ਬਣਾਈ ਅਤੇ ਜਨਤਾ ਪਾਰਟੀ ਦੀ ਸਰਕਾਰ ਵਿਚ ਸ਼ਾਮਿਲ ਹੋ ਗਏ। 1978 ਵਿਚ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਦੁਫਾੜ ਹੋਈ ਜਿਸ ਵਿਚੋਂ ਕਾਂਗਰਸ (ਇੰਦਰਾ) ਅਤੇ ਦੇਵ ਰਾਜ ਉਰਸ ਦੀ ਅਗਵਾਈ ਵਾਲੀ ਕਾਂਗਰਸ (ਉਰਸ) ਬਣੀਆਂ। 1988 ਵਿਚ ਵੀਪੀ ਸਿੰਘ, ਆਰਿਫ਼ ਮੁਹੰਮਦ ਖਾਨ ਅਤੇ ਅਰੁਣ ਨਹਿਰੂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਪਹਿਲਾਂ ਜਨ ਮੋਰਚਾ ਤੇ ਫਿਰ ਜਨਤਾ ਦਲ ਦੀ ਸਥਾਪਨਾ ਕੀਤੀ। 1994 ਵਿਚ ਐੱਨਡੀ ਤਿਵਾੜੀ ਨੇ ਕਾਂਗਰਸ ਛੱਡ ਕੇ ਨਵੀਂ ਪਾਰਟੀ ਕਾਂਗਰਸ (ਤਿਵਾੜੀ) ਬਣਾਈ। ਮਮਤਾ ਬੈਨਰਜੀ ਨੇ 1997 ਵਿਚ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਤ੍ਰਿਣਮੂਲ ਕਾਂਗਰਸ ਨੂੰ ਹੋਂਦ ਵਿਚ ਲਿਆਂਦਾ। ਸੋਨੀਆ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਸ਼ਰਦ ਪਵਾਰ, ਪੀਏ ਸੰਗਮਾ ਅਤੇ ਤਾਰਿਕ ਅਨਵਰ ਸਮੇਤ ਕਈ ਹੋਰ ਆਗੂਆਂ ਨੇ ਪਾਰਟੀ ਪ੍ਰਧਾਨ ਦੇ ਵਿਦੇਸ਼ੀ ਮੂਲ ਦੇ ਮੁੱਦੇ ਤੋਂ ਕਾਂਗਰਸ ਛੱਡ ਕੇ ਨੈਸ਼ਨਲ ਕਾਂਗਰਸ ਪਾਰਟੀ ਦੀ ਸਥਾਪਨਾ ਕੀਤੀ। ਇਹੋ ਜਿਹੀ ਉਥਲ ਪੁਥਲ ਦੇਖਣ ਦੇ ਬਾਵਜੂਦ ਕਾਂਗਰਸ 2004 ਵਿਚ ਕੇਂਦਰ ਵਿਚ ਮੁੜ ਸੱਤਾ ਵਿਚ ਆਈ ਅਤੇ 2009 ਦੀਆਂ ਲੋਕ ਸਭਾ ਚੋਣਾਂ ਵਿਚ ਉਸ ਦੀ ਸਥਿਤੀ ਹੋਰ ਮਜ਼ਬੂਤ ਹੋਈ। 2011 ਵਿਚ ਆਂਧਰਾ ਪ੍ਰਦੇਸ਼ ਵਿਚ ਵਾਈਐੱਸ ਜਗਨਮੋਹਨ ਰੈਡੀ ਜੋ ਸੂਬੇ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਵਾਈਐੱਸਆਰ ਰਾਜਸ਼ੇਖਰ ਰੈਡੀ ਦਾ ਪੁੱਤਰ ਹੈ, ਨੇ ਵਾਈਐੱਸਆਰ ਕਾਂਗਰਸ ਦੀ ਸਥਾਪਨਾ ਕੀਤੀ। ਇਸ ਤਰ੍ਹਾਂ ਇਸ ਸਮੇਂ ਤ੍ਰਿਣਮੂਲ ਕਾਂਗਰਸ, ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਅਤੇ ਵਾਈਐੱਸਆਰ ਕਾਂਗਰਸ ਅਜਿਹੀਆਂ ਪਾਰਟੀਆਂ ਹਨ ਜਿਹੜੀਆਂ ਕਾਂਗਰਸ ਤੋਂ ਅੱਡ ਹੋ ਕੇ ਆਪਣੀ ਹੋਂਦ ਬਣਾਈ ਰੱਖਣ ਵਿਚ ਕਾਮਯਾਬ ਹੋਈਆਂ ਹਨ।

Advertisement

2014 ਅਤੇ 2019 ਦੀਆਂ ਲੋਕ ਸਭਾ ਅਤੇ ਕਈ ਸੂਬਿਆਂ ਵਿਚ ਵਿਧਾਨ ਸਭਾ ਦੀਆਂ ਚੋਣਾਂ ਵਿਚੋਂ ਹਾਰ ਤੋਂ ਬਾਅਦ ਕਾਂਗਰਸੀ ਆਗੂਆਂ ਦੇ ਪਾਰਟੀ ਛੱਡਣ ਦਾ ਰੁਝਾਨ ਤੇਜ਼ ਹੋਇਆ ਹੈ। ਇਸ ਦੇ ਬਾਵਜੂਦ ਇਸ ਸਾਲ ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਵਿਚ ਮਹੱਤਵਪੂਰਨ ਜਿੱਤਾਂ ਹਾਸਿਲ ਕੀਤੀਆਂ ਹਨ। 1885 ਵਿਚ ਹੋਂਦ ਵਿਚ ਆਈ ਇਸ ਪਾਰਟੀ ਕੋਲ ਆਜ਼ਾਦੀ ਸੰਘਰਸ਼ ਵਿਚ ਹਿੱਸਾ ਲੈਣ ਦਾ ਵਿਰਸਾ ਅਤੇ ਤਜਰਬੇਕਾਰ ਆਗੂ ਹਨ। ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਤਿਲੰਗਾਨਾ, ਬਿਹਾਰ, ਪੱਛਮੀ ਬੰਗਾਲ, ਉੜੀਸਾ ਆਦਿ ਵਿਚ ਕਮਜ਼ੋਰ ਹੋਣ ਦੇ ਬਾਵਜੂਦ ਪਾਰਟੀ ਦਾ ਸਟੈਂਡ ਇਹ ਰਿਹਾ ਹੈ ਕਿ ਜਿਹੜੇ ਆਗੂ ਪਾਰਟੀ ਦੀ ਧਰਮਨਿਰਪੱਖਤਾ ਵਾਲੀ ਵਿਚਾਰਧਾਰਾ ਨਾਲ ਸਹਿਮਤ ਨਹੀਂ, ਉਹ ਪਾਰਟੀ ਛੱਡ ਕੇ ਜਾ ਸਕਦੇ ਹਨ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਲੋਕ-ਪੱਖੀ ਮੁੱਦੇ ਉਠਾ ਕੇ ਪਾਰਟੀ ਨੂੰ ਵਿਚਾਰਧਾਰਕ ਮਜ਼ਬੂਤੀ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸ ਦਾ ਇਤਿਹਾਸ ਦੱਸਦਾ ਹੈ ਕਿ ਪਾਰਟੀ ਮੁੜ ਮੁੜ ਮਜ਼ਬੂਤੀ ਵਾਲੀ ਸਥਿਤੀ ਵਿਚ ਵੀ ਆ ਸਕਦੀ ਹੈ ਅਤੇ ਕਈ ਸੂਬਿਆਂ ਵਿਚ ਬਹੁਤ ਕਮਜ਼ੋਰ ਹੋਣ ਵੱਲ ਵੀ ਜਾ ਸਕਦੀ ਹੈ। ਇਹ ਪੰਜਾਬ ਕਾਂਗਰਸ ਦੇ ਆਗੂਆਂ ’ਤੇ ਨਿਰਭਰ ਕਰਦਾ ਹੈ ਕਿ ਉਹ ਸੂਬੇ ਵਿਚ ਸਕਾਰਾਤਮਕ ਵਿਰੋਧੀ ਧਿਰ ਵਾਲੀ ਭੂਮਿਕਾ ਨਿਭਾ ਕੇ ਪਾਰਟੀ ਅਤੇ ਇਸ ਦੀ ਸਾਖ ਨੂੰ ਬਚਾਉਣ।

Advertisement
×