DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਰੋਨ ਤੇ ਡੀਲਰ

ਪਾਕਿਸਤਾਨ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਇਲਾਕਿਆਂ ’ਚੋਂ ਹਥਿਆਰਾਂ ਦੀਆਂ ਬਰਾਮਦਗੀਆਂ ਵਿਚ ਪੰੰਜ ਗੁਣਾ ਵਾਧਾ ਹੋਣਾ ਦਰਸਾਉਂਦਾ ਹੈ ਕਿ ਪਾਕਿਸਤਾਨ ਵੱਲੋਂ ਖ਼ਤਰਨਾਕ ਤੇ ਲੁਕਵੇਂ ਤੌਰ-ਤਰੀਕੇ ਮੁੜ ਵਰਤਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਸਾਲ ਹੁਣ ਤੱਕ 362 ਹਥਿਆਰ ਬਰਾਮਦ ਹੋਏ...

  • fb
  • twitter
  • whatsapp
  • whatsapp
Advertisement

ਪਾਕਿਸਤਾਨ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਇਲਾਕਿਆਂ ’ਚੋਂ ਹਥਿਆਰਾਂ ਦੀਆਂ ਬਰਾਮਦਗੀਆਂ ਵਿਚ ਪੰੰਜ ਗੁਣਾ ਵਾਧਾ ਹੋਣਾ ਦਰਸਾਉਂਦਾ ਹੈ ਕਿ ਪਾਕਿਸਤਾਨ ਵੱਲੋਂ ਖ਼ਤਰਨਾਕ ਤੇ ਲੁਕਵੇਂ ਤੌਰ-ਤਰੀਕੇ ਮੁੜ ਵਰਤਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਸਾਲ ਹੁਣ ਤੱਕ 362 ਹਥਿਆਰ ਬਰਾਮਦ ਹੋਏ ਹਨ ਜਦਕਿ ਪਿਛਲੇ ਸਾਲ 81 ਹਥਿਆਰ ਬਰਾਮਦ ਕੀਤੇ ਗਏ ਸਨ ਜਿਸ ਨਾਲ ਪੰਜਾਬ ਇਕ ਵਾਰ ਫਿਰ ਲੁਕਵੇਂ ਯੁੱਧ ਦਾ ਨਿਸ਼ਾਨਾ ਬਣਦਾ ਜਾ ਰਿਹਾ ਹੈ। ਖੁਫ਼ੀਆ ਏਜੰਸੀਆਂ ਇਸ ਉਭਾਰ ਨੂੰ ਅਪਰੇਸ਼ਨ ਸਿੰਧੂਰ ਨਾਲ ਜੋੜ ਰਹੀਆਂ ਹਨ ਜਿਸ ਤਹਿਤ ਪਾਕਿਸਤਾਨ ਵਿਚ ਦਹਿਸ਼ਤਗਰਦੀ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਦੇ ਬਦਲੇ ਵਿਚ ਕਾਰਵਾਈ ਹੋਈ ਪਰ ਇਹ ਖੁੱਲ੍ਹੇਆਮ ਟਕਰਾਅ ਦੇ ਰੂਪ ਵਿਚ ਨਹੀਂ ਸਗੋਂ ਡਰੋਨਾਂ ਅਤੇ ਗਲੌਕਾਂ, ਏਕੇ 47 ਅਤੇ ਗ੍ਰੇਨੇਡਾਂ ਨੂੰ ਪੰਜਾਬ ਦੇ ਸਰਹੱਦੀ ਖੇਤਰਾਂ ਤੱਕ ਪਹੁੰਚਾਉਣ ਦੇ ਰੂਪ ਵਿਚ ਕੀਤੀ ਗਈ।

ਬੀਤੇ ਦੋ ਮਹੀਨਿਆਂ ਦੌਰਾਨ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਦੀ ਸ਼ਹਿ ਨਾਲ ਚੱਲਦੇ ਸਰਹੱਦ ਪਾਰ ਤਾਣੇ-ਬਾਣੇ ਬੇਨਕਾਬ ਹੋਏ ਹਨ। ਹਰੇਕ ਬਰਾਮਦਗੀ ਨਾਲ ਇਹ ਉੱਭਰਦਾ ਹੈ ਕਿ ਅਪਰਾਧਿਕ ਗਰੋਹਾਂ ਅਤੇ ਦਹਿਸ਼ਤਗਰਦੀ ਵਿਚਕਾਰ ਰੇਖਾ ਕਿੰਨੀ ਤੇਜ਼ੀ ਨਾਲ ਮੱਧਮ ਪੈ ਰਹੀ ਹੈ। ਸਰਹੱਦ ਪਾਰੋਂ ਹੈਂਡਲਰ ਹਥਿਆਰਾਂ ਅਤੇ ਨਸ਼ਿਆਂ ਦੀਆਂ ਖੇਪਾਂ ਸਪਲਾਈ ਕਰਨ ਲਈ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੇ ਜਾਲ ਦੀ ਵਰਤੋਂ ਕਰਦੇ ਹਨ। ਕੈਨੇਡਾ ਅਤੇ ਅਮਰੀਕਾ ਵਿਚ ਸੁਰੱਖਿਅਤ ਪਨਾਹਾਂ ਵਿਚ ਬੈਠੇ ਇਨ੍ਹਾਂ ਗਰੋਹਾਂ ਵਲੋਂ ਪੰਜਾਬ ਦੇ ਭੂਗੋਲ ਅਤੇ ਪਰਵਾਸੀ ਸੰਪਰਕਾਂ ਦਾ ਇਸਤੇਮਾਲ ਕਰ ਕੇ ਨਕਦੀ ਅਤੇ ਹਥਿਆਰਾਂ ਦੀ ਸਪਲਾਈ ਨੂੰ ਕਾਇਮ ਰੱਖਿਆ ਜਾਂਦਾ ਹੈ। ਪੰਜਾਬ ਪੁਲੀਸ ਨੇ ਇਨ੍ਹਾਂ ਖੇਪਾਂ ਨੂੰ ਫੜਨ ਲਈ ਕੇਂਦਰੀ ਏਜੰਸੀਆਂ ਨਾਲ ਬਹੁਤ ਵਧੀਆ ਤਾਲਮੇਲ ਕੀਤਾ ਹੈ ਪਰ ਇਨ੍ਹਾਂ ਬਰਾਮਦਗੀਆਂ ਦੇ ਆਕਾਰ ਤੋਂ ਪਤਾ ਲੱਗਦਾ ਹੈ ਕਿ ਜੋ ਕਿ ਕੁਝ ਫੜਿਆ ਜਾ ਰਿਹਾ ਹੈ, ਉਹ ਤਾਂ ਅਸਲ ਖੇਪਾਂ ਦਾ ਛੋਟਾ ਜਿਹਾ ਹਿੱਸਾ ਹੀ ਹੈ।

Advertisement

ਇਹ ਮਹਿਜ਼ ਅਮਨ ਕਾਨੂੰਨ ਦਾ ਮੁੱਦਾ ਨਹੀਂ ਹੈ ਸਗੋਂ ਇਕ ਹਾਈਬ੍ਰਿਡ ਯੁੱਧਕਲਾ ਹੈ ਜਿਸ ਤਹਿਤ ਪ੍ਰੌਕਸੀਆਂ ਅਤੇ ਤਕਨਾਲੋਜੀ ਰਾਹੀਂ ਪੰਜਾਬ ਦੀ ਅੰਦਰੂਨੀ ਸਥਿਰਤਾ ਅਤੇ ਭਾਰਤ ਦੀ ਕੌਮੀ ਸੁਰੱਖਿਆ ਉਪਰ ਹਮਲਾ ਕੀਤਾ ਜਾਂਦਾ ਹੈ। ਡਰੋਨਾਂ ਦੇ ਪਸਾਰ ਅਤੇ ਨਸ਼ਿਆਂ ਅਤੇ ਹਥਿਆਰਾਂ ਦੇ ਗਰੋਹਾਂ ਦੇ ਰਲੇਵੇਂ ਦੇ ਮੱਦੇਨਜ਼ਰ ਸਰਹੱਦੀ ਸਿਧਾਂਤ ਨੂੰ ਅਪਗ੍ਰੇਡ ਕੀਤਾ ਜਾਣਾ ਚਾਹੀਦਾ ਹੈ ਜਿਸ ਵਿਚ ਨਾਲ ਦੀ ਨਾਲ ਨਿਗਰਾਨੀ, ਏਆਈ ਅਧਾਰਤ ਬਚਾਅ ਪ੍ਰਣਾਲੀਆਂ ਅਤੇ ਵਿਆਪਕ ਸੂਹੀਆ ਤੰਤਰ ਸ਼ਾਮਲ ਹੋਵੇ। ਪੰਜਾਬ ਨੂੰ ਪੁਰਾਣੇ ਦੁਸ਼ਮਣ ਦੇ ਨਵੇਂ ਪੈਂਤੜਿਆਂ ਦੀ ਅਜ਼ਮਾਇਸ਼ਗਾਹ ਨਹੀਂ ਬਣਨ ਦਿੱਤਾ ਜਾ ਸਕਦਾ। ਤਕਨਾਲੋਜੀ, ਇੰਟੈਲੀਜੈਂਸ ਅਤੇ ਸਿਆਸੀ ਇੱਛਾ ਸ਼ਕਤੀ ਦੀ ਮਦਦ ਰਾਹੀਂ ਇਕ ਬੱਝਵੇਂ ਕੌਮੀ ਜਵਾਬ ਨਾਲ ਹੀ ਇਸ ਘੁਸਪੈਠ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਨ੍ਹਾਂ ਤਸਕਰੀ ਨੈੱਟਵਰਕਾਂ ਨਾਲ ਸਿੱਝਣ ਦਾ ਸਮਾਂ ਹੈ ਕਿਉਂਕਿ ਕੌਮੀ ਸੁਰੱਖਿਆ ਦੀਆਂ ਵੰਗਾਰਾਂ ਨੂੰ ਕਿਸੇ ਮੁਕਾਮੀ ਅਪਰਾਧ ਦੀ ਤਰ੍ਹਾਂ ਨਹੀਂ ਲਿਆ ਜਾ ਸਕਦਾ।

Advertisement

Advertisement
×