ਵਿਦੇਸ਼ ਜਾਣ ਦਾ ਸੁਪਨਾ
ਜਦੋਂ ਵੀ ਪੰਜਾਬ ਜਾਂ ਹਰਿਆਣਾ ਦਾ ਕੋਈ ਨੌਜਵਾਨ ਗੁਆਟੇਮਾਲਾ, ਮੈਕਸੀਕੋ ਜਾਂ ਡੇਰੀਅਨ ਗੈਪ ਦੇ ਸੰਘਣੇ ਜੰਗਲਾਂ ਵਿੱਚ ਮਰਦਾ ਹੈ ਤਾਂ ਭਾਰਤ ਦੀ ਰੂਹ ਬੇਚੈਨ ਹੋ ਜਾਂਦੀ ਹੈ- ਪਰ ਫਿਰ ਸ਼ਾਂਤ ਹੋ ਜਾਂਦੀ ਹੈ। ਇਸ ਤੋਂ ਛੇਤੀ ਬਾਅਦ ‘ਡੌਂਕਰ’ ਮੁੜ ਸਰਗਰਮ...
ਜਦੋਂ ਵੀ ਪੰਜਾਬ ਜਾਂ ਹਰਿਆਣਾ ਦਾ ਕੋਈ ਨੌਜਵਾਨ ਗੁਆਟੇਮਾਲਾ, ਮੈਕਸੀਕੋ ਜਾਂ ਡੇਰੀਅਨ ਗੈਪ ਦੇ ਸੰਘਣੇ ਜੰਗਲਾਂ ਵਿੱਚ ਮਰਦਾ ਹੈ ਤਾਂ ਭਾਰਤ ਦੀ ਰੂਹ ਬੇਚੈਨ ਹੋ ਜਾਂਦੀ ਹੈ- ਪਰ ਫਿਰ ਸ਼ਾਂਤ ਹੋ ਜਾਂਦੀ ਹੈ। ਇਸ ਤੋਂ ਛੇਤੀ ਬਾਅਦ ‘ਡੌਂਕਰ’ ਮੁੜ ਸਰਗਰਮ ਹੋ ਜਾਂਦੇ ਹਨ। ਨਾਜਾਇਜ਼ ਟਰੈਵਲ ਏਜੰਟਾਂ ਦਾ ਗੁਪਤ ਤੰਤਰ ਅਮਰੀਕਾ ਪਹੁੰਚਣ ਦੇ ਸੁਪਨੇ ਵੇਚਦਾ ਹੈ, ਜਿਸ ਦੀ ਕੀਮਤ ਅਕਸਰ ਜਾਨ ਦੇ ਕੇ ਚੁਕਾਉਣੀ ਪੈਂਦੀ ਹੈ। ਲਗਾਤਾਰ ਵਾਪਰਦੇ ਦੁਖਾਂਤਾਂ ਤੇ ਕਦੇ ਨਾ ਪਰਤੇ ਪੁੱਤਾਂ ਦੇ ਨੁਕਸਾਨ ਦੇ ਬਾਵਜੂਦ, ਇਹ ਤਸਕਰ ਬੇਖ਼ੌਫ਼ ਹੋ ਕੇ ਆਪਣਾ ਕਾਰੋਬਾਰ ਵਧਾ ਰਹੇ ਹਨ। ਗੁਆਟੇਮਾਲਾ ਵਿੱਚ ਹਾਲ ਹੀ ਵਿੱਚ ਪੰਜਾਬ ਅਤੇ ਹਰਿਆਣਾ ਦੇ ਦੋ ਨੌਜਵਾਨਾਂ ਦੀ ਮੌਤ ਕੋਈ ਨਿਰਾਲੀ ਘਟਨਾ ਨਹੀਂ, ਸਗੋਂ ਇਸ ਦੁਖਦਾਈ ਰੁਝਾਨ ਦਾ ਹੀ ਹਿੱਸਾ ਹੈ। ਪਿਛਲੇ ਤਿੰਨ ਸਾਲਾਂ ਵਿੱਚ ਦਰਜਨਾਂ ਭਾਰਤੀ ਗ਼ੈਰ-ਕਾਨੂੰਨੀ ‘ਡੰਕੀ’ ਰੂਟ, ਜੋ ਕਿ ਦੱਖਣੀ ਅਤੇ ਮੱਧ ਅਮਰੀਕਾ ਵਿੱਚੋਂ ਲੰਘਦਾ ਇੱਕ ਖ਼ਤਰਨਾਕ ਰਸਤਾ ਹੈ, ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਮਾਰੇ ਗਏ ਹਨ। ਡੇਰੀਅਨ ਗੈਪ ਦੇ ਜੰਗਲਾਂ ਵਿੱਚ ਡੁੱਬਣ ਤੋਂ ਲੈ ਕੇ ਸਰਹੱਦੀ ਬਲਾਂ ਦੀਆਂ ਗੋਲੀਆਂ ਲੱਗਣ ਤੱਕ ਉਨ੍ਹਾਂ ਦੀਆਂ ਕਹਾਣੀਆਂ ਲਾਲਚ, ਬੇਵਸੀ ਅਤੇ ਸਰਕਾਰੀ ਬੇਪਰਵਾਹੀ ਦੇ ਨਾਪਾਕ ਗੱਠਜੋੜ ਨੂੰ ਬੇਨਕਾਬ ਕਰਦੀਆਂ ਹਨ।
ਇਸ ਨੂੰ ਜੋ ਗੱਲ ਹੋਰ ਵੀ ਬਦਤਰ ਬਣਾਉਂਦੀ ਹੈ, ਉਹ ਹੈ ਇਸ ਰੈਕੇਟ ਦਾ ਬੇਸ਼ਰਮੀ ਨਾਲ ਚੱਲਦੇ ਰਹਿਣਾ। ਏਜੰਟ ਛੋਟੇ ਕਸਬਿਆਂ ਵਿੱਚ ‘ਯੂ ਐੱਸ ਏ ਵਾਇਆ ਲੈਟਿਨ ਅਮੈਰਿਕਾ’ ਦੇ ਪੈਕੇਜਾਂ ਦਾ ਖੁੱਲ੍ਹੇਆਮ ਪ੍ਰਚਾਰ ਕਰਦੇ ਹਨ, ਜਿਸ ਵਿੱਚ ਕਿਸ਼ਤਾਂ ’ਚ ਅਦਾਇਗੀ ਦੀਆਂ ਸਕੀਮਾਂ ਅਤੇ ਫਰਜ਼ੀ ਵਰਕ ਵੀਜ਼ੇ ਬਾਰੇ ਦੱਸਿਆ ਜਾਂਦਾ ਹੈ। ਐੱਫ.ਆਈ.ਆਰਜ਼ ਦਰਜ ਹੋ ਜਾਂਦੀਆਂ ਹਨ, ਛਾਪੇ ਮਾਰੇ ਜਾਂਦੇ ਹਨ, ਪਰ ਮੁੱਖ ਸਰਗਨਾ ਅੜਿੱਕੇ ਨਹੀਂ
ਆਉਂਦਾ। ਸਥਾਨਕ ਪੁਲੀਸ ‘ਅਧਿਕਾਰ ਖੇਤਰ ਦੀਆਂ ਸੀਮਾਵਾਂ’ ਦਾ ਹਵਾਲਾ ਦਿੰਦੀ ਹੈ, ਜਦੋਂਕਿ ਵਿਦੇਸ਼ ਮੰਤਰਾਲਾ ਰਸਮੀ ਤੌਰ ’ਤੇ ‘ਚਿੰਤਾਵਾਂ’ ਪ੍ਰਗਟ ਕਰਦਾ ਹੈ। ਇਸ ਦੌਰਾਨ, ਬੇਵੱਸ ਪਰਿਵਾਰ ਇਨ੍ਹਾਂ ਲੁਟੇਰਿਆਂ ਨੂੰ ਭੁਗਤਾਨ ਕਰਦਿਆਂ ਕਰਜ਼ਾਈ ਹੋ ਜਾਂਦੇ ਹਨ ਤੇ ਪੁੱਤਾਂ ਦੀਆਂ ਲਾਸ਼ਾਂ ਸੀਲਬੰਦ ਤਾਬੂਤਾਂ ਵਿੱਚ ਪਰਤਣ ਵਰਗੀ ਸਥਿਤੀ ਦਾ ਖ਼ਤਰਾ ਮੁੱਲ ਲੈਂਦੇ ਹਨ।
ਮਨੁੱਖੀ ਦੁਰਦਸ਼ਾ ਦਾ ਇਹ ਵਪਾਰ ਇਸ ਲਈ ਵੀ ਚੱਲ ਰਿਹਾ ਹੈ ਕਿਉਂਕਿ ਇਸ ਨਾਲ ਸੰਬੰਧਿਤ ਕਾਨੂੰਨ ਕਮਜ਼ੋਰ ਹਨ ਅਤੇ ਸਜ਼ਾ ਘੱਟ ਹੀ ਮਿਲਦੀ ਹੈ। ਸਰਕਾਰਾਂ ਸਖ਼ਤ ਕਾਰਵਾਈ ਅਤੇ ਜਾਗਰੂਕਤਾ ਮੁਹਿੰਮਾਂ ਦਾ ਵਾਅਦਾ ਕਰਦੀਆਂ ਹਨ, ਪਰ ਤਸਕਰੀ ਅਤੇ ਧੋਖਾਧੜੀ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਦੀ ਦਰ ਨਾਂਮਾਤਰ ਰਹਿੰਦੀ ਹੈ। ਜਦੋਂ ਤੱਕ ਭਾਰਤ ਮਨੁੱਖੀ ਤਸਕਰੀ ਨੂੰ ਸੰਗਠਿਤ ਅਪਰਾਧ ਨਹੀਂ ਮੰਨਦਾ, ਇਹ ਰੁਝਾਨ ਜਾਰੀ ਰਹੇਗਾ। ਕਨੂੰਨੀ ਸਖ਼ਤੀ ਤੋਂ ਇਲਾਵਾ ਉਮੀਦ ਨੂੰ ਵੀ ਦੁਬਾਰਾ ਕਾਇਮ ਕਰਨ ਦੀ ਲੋੜ ਹੈ। ਪੰਜਾਬ ਅਤੇ ਹਰਿਆਣਾ ਨੂੰ ਹੁਨਰ ਪ੍ਰੋਗਰਾਮਾਂ, ਪੇਂਡੂ ਨੌਕਰੀਆਂ ਅਤੇ ਭਰੋਸੇਯੋਗ ਵਿਦੇਸ਼ੀ ਰੁਜ਼ਗਾਰ ਮਾਧਿਅਮਾਂ ਦੀ ਜ਼ਰੂਰਤ ਹੈ। ਵਿਦੇਸ਼ ਜਾਣ ਦਾ ਸੁਪਨਾ ਜਵਾਨ ਜ਼ਿੰਦਗੀਆਂ ਤਬਾਹ ਕਰ ਕੇ ਸਾਕਾਰ ਨਹੀਂ ਕੀਤਾ ਜਾ ਸਕਦਾ।

