ਡੋਨਲਡ ਟਰੰਪ ਦਾ ਹੱਲਾ
ਲੰਘੇ ਬੁੱਧਵਾਰ ਅਮਰੀਕੀ ਸਦਰ ਡੋਨਲਡ ਟਰੰਪ ਨੇ ਭਾਰਤ ਉੱਪਰ ਇਕੱਠੀਆਂ ਕਈ ‘ਮਿਜ਼ਾਇਲਾਂ’ ਦਾਗ਼ੀਆਂ ਹਨ। ਸਭ ਤੋਂ ਵੱਡਾ ਹਮਲਾ ਇਹ ਹੈ ਕਿ ਭਾਰਤ ਤੋਂ ਅਮਰੀਕਾ ਭੇਜੀਆਂ ਜਾਣ ਵਾਲੀਆਂ ਵਸਤਾਂ ਉੱਪਰ ਜੁਰਮਾਨੇ ਤੋਂ ਇਲਾਵਾ 25 ਫ਼ੀਸਦੀ ਟੈਰਿਫ ਲਾਗੂ ਕਰ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਭਾਰਤ ਰੂਸ ਤੋਂ ਤੇਲ ਅਤੇ ਫ਼ੌਜੀ ਹਥਿਆਰ ਤੇ ਸਾਜ਼ੋ-ਸਾਮਾਨ ਖਰੀਦਣ ਤੋਂ ਨਹੀਂ ਟਲ ਰਿਹਾ ਜਿਸ ਕਰ ਕੇ ਟਰੰਪ ਨੇ ਭਾਰਤ ਨੂੰ ਦੰਡ ਲਾ ਦਿੱਤਾ ਹੈ। ਨਵੀਂ ਦਿੱਲੀ ਅਤੇ ਮਾਸਕੋ ਵਿਚਕਾਰ ਲੰਮੇ ਸਮੇਂ ਤੋਂ ਚਲੇ ਆ ਰਹੇ ਸਬੰਧ ਟਰੰਪ ਨੂੰ ਸੁਖਾ ਨਹੀਂ ਰਹੇ ਜਿਸ ਕਰ ਕੇ ਟਰੰਪ ਨੇ ਇਹੋ ਜਿਹੀ ਤਿਰਸਕਾਰ ਭਰੀ ਟਿੱਪਣੀ ਕੀਤੀ ਹੈ, “ਮੈਨੂੰ ਰੱਤੀ ਪ੍ਰਵਾਹ ਨਹੀਂ ਹੈ ਕਿ ਭਾਰਤ ਰੂਸ ਨਾਲ ਕੀ ਕਰਦਾ ਹੈ। ਉਹ ਚਾਹੇ ਆਪਣੇ ਡੁੱਬਦੇ ਅਰਥਚਾਰਿਆਂ ਨੂੰ ਇਕੱਠੇ ਲੈ ਡੁੱਬਣ, ਮੈਨੂੰ ਕੀ। ਸਾਡਾ ਭਾਰਤ ਨਾਲ ਬਹੁਤ ਥੋੜ੍ਹਾ ਵਪਾਰ ਹੈ, ਉਨ੍ਹਾਂ ਦੇ ਟੈਰਿਫ ਦੁਨੀਆ ਭਰ ’ਚ ਸਭ ਤੋਂ ਵੱਧ ਹਨ। ਇੰਝ ਹੀ, ਰੂਸ ਅਤੇ ਅਮਰੀਕਾ ਵਿਚਕਾਰ ਵੀ ਲਗਭਗ ਕੋਈ ਵਪਾਰ ਨਹੀਂ ਹੁੰਦਾ। ਇਸ ਨੂੰ ਇਵੇਂ ਹੀ ਰੱਖਿਆ ਜਾਵੇ...।”
ਗ਼ੌਰਤਲਬ ਹੈ ਕਿ ਭਾਰਤ ਨਾ ਕੇਵਲ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਅਰਥਚਾਰਾ ਹੈ ਸਗੋਂ ਵੱਡੇ ਅਰਥਚਾਰਿਆਂ ’ਚੋਂ ਸਭ ਤੋਂ ਤੇਜ਼ੀ ਨਾਲ ਉਭਰ ਰਿਹਾ ਅਰਥਚਾਰਾ ਵੀ ਹੈ। ਜਦੋਂ ਇੱਕ ਪਾਸੇ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸੰਧੀ ਲਈ ਵਾਰਤਾਵਾਂ ਦਾ ਦੌਰ ਚੱਲ ਰਿਹਾ ਹੈ ਤਾਂ ਅਜਿਹੇ ਸਮੇਂ ਟਰੰਪ ਵੱਲੋਂ ਭਾਰਤੀ ਅਰਥਚਾਰੇ ਨੂੰ ‘ਮਰਿਆ ਹੋਇਆ’ ਦੱਸਣਾ, ਆਪਣੇ ਆਪ ਵਿੱਚ ਹੀ ਚਿੰਤਾ ਦੀ ਗੱਲ ਹੈ ਤੇ ਨਾਲ ਹੀ ਉਨ੍ਹਾਂ ਦੀ ਭਾਰਤ ਪ੍ਰਤੀ ਮਾਨਸਿਕਤਾ ਨੂੰ ਵੀ ਬਿਆਨ ਕਰਦੀ ਹੈ। ਟਰੰਪ ਭਾਰਤ ਦੇ ਸਬਰ ਦੀ ਪ੍ਰੀਖਿਆ ਲੈ ਰਹੇ ਹਨ ਅਤੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਭਾਰਤ ਖ਼ਿਲਾਫ਼ ਅੱਗ ਉਗਲ ਰਹੇ ਹਨ। ਅਸਲ ਵਿੱਚ ਉਹ ਨਵੀਂ ਦਿੱਲੀ ਨੂੰ ਚੁੱਪ-ਚਾਪ ਅਮਰੀਕਾ ਦੀ ਹਰ ਮੰਗ ਪ੍ਰਵਾਨ ਕਰਨ ਲਈ ਦਬਕਾ ਰਹੇ ਹਨ, ਖ਼ਾਸਕਰ ਖੇਤੀ ਜਿਣਸਾਂ ਅਤੇ ਡੇਅਰੀ ਉਤਪਾਦਾਂ ਦੀ ਬਰਾਮਦ ਲਈ ਵੱਧ ਤੋਂ ਵੱਧ ਛੋਟਾਂ ਲੈਣ ਜਿਹੀਆਂ ਮੰਗਾਂ ਬਾਰੇ।
ਇਹੀ ਨਹੀਂ, ਟਰੰਪ ਨੇ ਇਹ ਵੀ ਆਖ ਦਿੱਤਾ ਹੈ ਕਿ ਉਨ੍ਹਾਂ ਪਾਕਿਸਤਾਨ ਨਾਲ ਵਪਾਰ ਸੰਧੀ ਤੈਅ ਕਰ ਲਈ ਹੈ। ਉਨ੍ਹਾਂ ਆਖਿਆ ਹੈ ਕਿ ਵਾਸ਼ਿੰਗਟਨ ਉਸ ਮੁਲਕ (ਪਾਕਿਸਤਾਨ) ਦੇ ਤੇਲ ਭੰਡਾਰਾਂ ਨੂੰ ਵਿਕਸਤ ਕਰਨ ਲਈ ਇਸਲਾਮਾਬਾਦ ਨਾਲ ਮਿਲ ਕੇ ਕੰਮ ਕਰੇਗਾ ਤੇ ਇੱਕ ਦਿਨ ਪਾਕਿਸਤਾਨ ਭਾਰਤ ਨੂੰ ਤੇਲ ਵੇਚੇਗਾ। ਜ਼ਾਹਿਰ ਹੈ ਕਿ ਭਾਰਤ ਲਈ ਇਹ ਸਭ ਕੁਝ ਜਰਨਾ ਬਹੁਤ ਔਖਾ ਹੋ ਰਿਹਾ ਹੋਵੇਗਾ ਪਰ ਚੁਣੌਤੀ ਇਹ ਹੈ ਕਿ ਟਰੰਪ ਨੂੰ ਮੋੜਵਾਂ ਜਵਾਬ ਦੇਣ ਦੀ ਖਾਹਿਸ਼ ਨੂੰ ਕਿਵੇਂ ਰੋਕਿਆ ਜਾਵੇ। ਦਿੱਲੀ ਨੂੰ ਇਹ ਆਸ ਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਜਿੱਥੇ ਐਨਾ ਕੁਝ ਸਹਿ ਲਿਆ ਹੈ ਤਾਂ ਦੇਰ ਸਵੇਰ ਇਹ ਵੀ ਲੰਘ ਜਾਵੇਗਾ। ਜੇ ਦਿੱਲੀ ਆਪਣੀ ਧੀਰਜ ਬਣਾ ਕੇ ਰੱਖਦੀ ਹੈ ਤਾਂ ਟਰੰਪ ਦੀ ਹਾਰ ਨਿਸ਼ਚਤ ਹੈ। ਵਣਜ ਮੰਤਰੀ ਪਿਊਸ਼ ਗੋਇਲ ਨੇ ਵੀਰਵਾਰ ਨੂੰ ਪਾਰਲੀਮੈਂਟ ਵਿੱਚ ਦੱਸਿਆ ਕਿ ਸਰਕਾਰ ਸਾਡੇ ਰਾਸ਼ਟਰੀ ਹਿੱਤਾਂ ਨੂੰ ਸੁਰੱਖਿਅਤ ਬਣਾਉਣ ਤੇ ਅੱਗੇ ਵਧਾਉਣ ਲਈ ਸਾਰੇ ਜ਼ਰੂਰੀ ਕਦਮ ਉਠਾਵੇਗੀ। ਭਾਰਤ ਲਈ ਇਹ ਰੱਸੀ ’ਤੇ ਤੁਰਨ ਵਰਗੀ ਸਥਿਤੀ ਹੈ; ਭਾਵ, ਇੱਕ ਪਾਸੇ ਅਮਰੀਕਾ ਨਾਲ ਚੱਲ ਰਹੀ ਵਪਾਰ ਵਾਰਤਾ ਨੂੰ ਸਹੀ ਦਿਸ਼ਾ ਵਿੱਚ ਅਗਾਂਹ ਵਧਾਉਣਾ ਅਤੇ ਨਾਲ ਵੀ ਰੂਸ ਤੋਂ ਦਰਾਮਦਾਂ ਜਾਰੀ ਰੱਖਣੀਆਂ। ਦਿੱਲੀ ਆਪਣੇ ਸਾਰੇ ਆਂਡੇ ਇੱਕੋ ਟੋਕਰੀ ਵਿੱਚ ਨਹੀਂ ਰੱਖ ਰਹੀ ਜੋ ਠੀਕ ਵੀ ਹੈ। ਬਰਾਮਦਾਂ ਅਤੇ ਨਾਲ ਹੀ ਦਰਾਮਦਾਂ ਦੇ ਕਈ ਰਾਹ ਖੁੱਲ੍ਹੇ ਰੱਖ ਕੇ ਹੀ ਭਾਰਤ ਇਸ ਦੌਰ ’ਚੋਂ ਪਾਰ ਲੰਘ ਸਕਦਾ ਹੈ।