ਡੱਲੇਵਾਲ ਦੀ ਅਡੋਲਤਾ
ਕਿਸਾਨ ਮੰਗਾਂ ਨੂੰ ਲੈ ਕੇ ਲਗਾਤਾਰ ਭੁੱਖ ਹੜਤਾਲ ’ਤੇ ਬੈਠੇ ਸੀਨੀਅਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਡਿੱਗ ਰਹੀ ਸਿਹਤ ਅਤੇ ਦੂਜੇ ਪਾਸੇ ਕਿਸਾਨਾਂ ਦੀਆਂ ਮੰਗਾਂ ਤੇ ਮਸਲਿਆਂ ਪ੍ਰਤੀ ਸਰਕਾਰੀ ਅਤੇ ਸਿਆਸੀ ਪੱਧਰ ’ਤੇ ਬੇਰੁਖ਼ੀ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ। ਵੀਰਵਾਰ ਨੂੰ ਉਨ੍ਹਾਂ ਦੇ ਮਰਨ ਵਰਤ ਦੇ 17ਵੇਂ ਦਿਨ ਵੀਡੀਓ ਜਾਰੀ ਕਰ ਕੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਮੋਰਚੇ ਵਾਲੀ ਥਾਂ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ ਪਰ ਉਨ੍ਹਾਂ ਦੀ ਸਿਹਤ ਉੱਪਰ ਨਿਗ੍ਹਾ ਰੱਖ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ 12 ਕਿਲੋਗ੍ਰਾਮ ਤੋਂ ਜ਼ਿਆਦਾ ਭਾਰ ਘਟ ਚੁੱਕਿਆ ਹੈ ਅਤੇ ਲਗਾਤਾਰ ਭੁੱਖੇ ਰਹਿਣ ਕਰ ਕੇ ਗੁਰਦੇ ਫੇਲ੍ਹ ਹੋਣ ਦੀ ਸਥਿਤੀ ਪੈਦਾ ਹੋ ਗਈ ਹੈ। ਡੱਲੇਵਾਲ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ (ਗ਼ੈਰ-ਸਿਆਸੀ) ਦੇ ਸੀਨੀਅਰ ਆਗੂ ਹਨ। ਲੰਘੀ 26 ਨਵੰਬਰ ਨੂੰ ਜਦੋਂ ਉਨ੍ਹਾਂ ਹਰਿਆਣਾ ਨਾਲ ਲੱਗਦੇ ਖਨੌਰੀ ਬੈਰੀਅਰ ’ਤੇ ਆਪਣਾ ਮਰਨ ਵਰਤ ਸ਼ੁਰੂ ਕਰਨਾ ਸੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਜਬਰੀ ਚੁੱਕ ਕੇ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਸੀ। ਇੱਕ ਸੀਨੀਅਰ ਪੁਲੀਸ ਅਫਸਰ ਨੇ ਇਹ ਸਫ਼ਾਈ ਦਿੱਤੀ ਸੀ ਕਿ ਪੁਲੀਸ ਨੂੰ ਕਿਸਾਨ ਆਗੂ ਦੀ ਸਿਹਤ ਦਾ ਫ਼ਿਕਰ ਹੋਣ ਕਰ ਕੇ ਇਹ ਕਦਮ ਚੁੱਕਣਾ ਪਿਆ ਹੈ। ਉਂਝ, ਪੁਲੀਸ ਨੇ ਇਹ ਨਹੀਂ ਸੀ ਦੱਸਿਆ ਕਿ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਅਜਿਹਾ ਕਰਨ ਦੀ ਕੀ ਲੋੜ ਪੈ ਗਈ ਸੀ। ਡੱਲੇਵਾਲ ਇਹ ਐਲਾਨ ਕਰ ਕੇ ਹੀ ਮਰਨ ਵਰਤ ’ਤੇ ਬੈਠੇ ਸੀ ਕਿ ਜਾਂ ਤਾਂ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਜਾਂ ਫਿਰ ਉਹ ਆਪਣਾ ਸਰੀਰ ਤਿਆਗ ਦੇਣਗੇ।
ਦੂਜੇ ਪਾਸੇ ਹਰਿਆਣਾ ਦੀ ਹੱਦ ਨਾਲ ਲੱਗਦੇ ਸ਼ੰਭੂ ਬੈਰੀਅਰ ਉੱਪਰ ਕਿਰਤੀ ਕਿਸਾਨ ਮੋਰਚੇ ਵੱਲੋਂ ਕਿਸਾਨਾਂ ਦੇ ਸੌ-ਸੌ ਦੇ ਪੈਦਲ ਜਥੇ ਬਣਾ ਕੇ ਭੇਜਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਨ੍ਹਾਂ ਉੱਪਰ ਹਰਿਆਣਾ ਪੁਲੀਸ ਅਤੇ ਕੇਂਦਰੀ ਬਲਾਂ ਵੱਲੋਂ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਨਾਲ ਤੀਹ ਦੇ ਕਰੀਬ ਕਿਸਾਨ ਜ਼ਖ਼ਮੀ ਹੋ ਚੁੱਕੇ ਹਨ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਾਉਣਾ ਪਿਆ ਸੀ। ਇਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਵੱਲੋਂ 22 ਫ਼ਸਲਾਂ ਉੱਪਰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਪ੍ਰਣਾਲੀ ਬੰਦ ਕਰਨ ਦਾ ਕੋਈ ਸਵਾਲ ਨਹੀਂ ਹੈ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਕੰਮ ਕੀਤਾ ਜਾ ਰਿਹਾ ਹੈ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਿਵਾਦ ਵਾਲੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸਾਲ 2020-21 ਵਿੱਚ ਲੜੇ ਗਏ ਕਿਸਾਨ ਅੰਦੋਲਨ ਵੇਲੇ ਕੇਂਦਰ ਸਰਕਾਰ ਨੇ ਇਹ ਕਾਨੂੰਨ ਵਾਪਸ ਲੈਂਦਿਆਂ ਐੱਮਐੱਸਪੀ ਦਾ ਕਾਨੂੰਨ ਬਣਾਉਣ ਸਮੇਤ ਕੁਝ ਹੋਰ ਮੰਗਾਂ ਬਾਰੇ ਕਿਸਾਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਦਾ ਲਿਖਤੀ ਭਰੋਸਾ ਦਿਵਾਇਆ ਸੀ।
ਅਸਲ ਸਮੱਸਿਆ ਉਦੋਂ ਪੈਦਾ ਹੋ ਗਈ ਜਦੋਂ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵਿੱਚ ਤਰੇੜਾਂ ਪੈ ਗਈਆਂ ਅਤੇ ਕਿਸਾਨਾਂ ਦੀ ਏਕਤਾ ਕਮਜ਼ੋਰ ਪੈ ਗਈ। ਰਿਪੋਰਟਾਂ ਆਈਆਂ ਹਨ ਕਿ ਸੰਯੁਕਤ ਕਿਸਾਨ ਮੋਰਚੇ ਦੇ ਕਈ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਨ ਅਤੇ ਉਨ੍ਹਾਂ ਦੇ ਮੋਰਚੇ ਨਾਲ ਇਕਜੁੱਟਤਾ ਦਰਸਾਉਣ ਲਈ ਸ਼ੁੱਕਰਵਾਰ ਨੂੰ ਖਨੌਰੀ ਪਹੁੰਚ ਰਹੇ ਹਨ। ਚੰਗਾ ਇਹੀ ਹੋਵੇਗਾ ਕਿ ਕਿਸਾਨ ਆਗੂ ਕੰਧ ’ਤੇ ਲਿਖਿਆ ਪੜ੍ਹ ਲੈਣ ਕਿ ਸਰਬ ਸਾਂਝਾ ਮੰਚ ਉਸਾਰਨ ਅਤੇ ਨਾਲ ਹੀ ਮਜ਼ਦੂਰਾਂ ਤੇ ਹੋਰਨਾਂ ਤਬਕਿਆਂ ਨੂੰ ਇਸ ਵਿੱਚ ਸ਼ਾਮਿਲ ਕੀਤੇ ਬਿਨਾਂ ਪੇਸ਼ਕਦਮੀ ਨਹੀਂ ਕੀਤੀ ਜਾ ਸਕਦੀ।