ਪੰਜਾਬ ’ਚ ਵਧਦਾ ਅਪਰਾਧ
ਪੰਜਾਬ ਇੱਕ ਵਾਰ ਫਿਰ ਤੋਂ ਹਿੰਸਾ ਤੇ ਸਰਹੱਦ ਪਾਰ ਅਤਿਵਾਦ ਦੇ ਨਿਸ਼ਾਨੇ ਉੱਤੇ ਹੈ। ਖਾਲਿਸਤਾਨੀ ਅਤਿਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਸੀਆ ਦੀ ਅਮਰੀਕਾ ਤੋਂ ਜਲਦ ਮਿਲ ਰਹੀ ਸਪੁਰਦਗੀ ਸੂਬੇ ’ਤੇ ਲੰਮਾ ਸਮਾਂ ਰਹੇ ਦਹਿਸ਼ਤੀ ਵਿਚਾਰਧਾਰਾਵਾਂ ਦੇ ਪ੍ਰਭਾਵ ਦਾ ਚੇਤਾ ਕਰਾਉਂਦੀ ਹੈ। ਪੰਜਾਬ ਵਿੱਚ 14 ਗ੍ਰਨੇਡ ਹਮਲੇ ਕਰਨ ਅਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਦੇ ਇਸ਼ਾਰੇ ’ਤੇ ਕੰਮ ਕਰਨ ਦੇ ਕਥਿਤ ਦੋਸ਼ੀ ਹੈਪੀ ਦੀ ਭਾਰਤ ਵਾਪਸੀ ਨਾਲ ਜਾਂਚ ’ਚ ਬਿਨਾਂ ਸ਼ੱਕ ਮਦਦ ਮਿਲੇਗੀ। ਇਹ ਇਸ ਗੱਲ ਨੂੰ ਵੀ ਉਭਾਰਦਾ ਹੈ ਕਿ ਪੰਜਾਬ ਨੂੰ ਬਾਹਰੀ ਤਾਕਤਾਂ ਦੁਆਰਾ ਕਿਵੇਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਨੂੰ ਪਹਿਲਾਂ ਵੀ ਵਿਦੇਸ਼ੀ ਏਜੰਸੀਆਂ ਆਪਣੇ ਮਨਸੂਬਿਆਂ ਲਈ ਵਰਤਦੀਆਂ ਰਹੀਆਂ ਹਨ ਜਿਸ ਕਰ ਕੇ ਪੰਜਾਬ ਨੂੰ ਲੰਮਾ ਸਮਾਂ ਸੰਤਾਪ ਭੋਗਣਾ ਪਿਆ। ਇਹ ਸੰਤਾਪ ਅਤੇ ਦਰਦ ਜੋ ਨਾਸੂਰ ਬਣ ਗਿਆ ਹੈ, ਅੱਜ ਵੀ ਪੰਜਾਬੀਆਂ ਨੂੰ ਤੰਗ ਕਰ ਰਿਹਾ ਹੈ।
ਇਸ ਦੇ ਨਾਲ ਹੀ ਸੂਬੇ ਵਿੱਚ ਗੈਂਗਸਟਰਾਂ ਵੱਲੋਂ ਕੀਤੀ ਜਾ ਰਹੀ ਹਿੰਸਾ ਵਿੱਚ ਵੀ ਚਿੰਤਾਜਨਕ ਵਾਧਾ ਹੋ ਰਿਹਾ ਹੈ। ਅਬੋਹਰ ਦੇ ਕਾਰੋਬਾਰੀ ਸੰਜੇ ਵਰਮਾ ਦੇ ਦਿਨ-ਦਿਹਾੜੇ ਹੋਏ ਕਤਲ ਅਤੇ ਅਭਿਨੇਤਰੀ ਤਾਨੀਆ ਦੇ ਪਿਤਾ ਨੂੰ ਮੋਗਾ ਦੇ ਕਲੀਨਿਕ ਵਿੱਚ ਗੋਲੀ ਮਾਰਨ ਦੀ ਘਟਨਾ ਨੇ ਇੱਕ ਤਰ੍ਹਾਂ ਨਾਲ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕਿ ਕਿਵੇਂ ਸੰਗਠਿਤ ਅਪਰਾਧ ਤੰਤਰ ਸੂਬੇ ਵਿੱਚ ਸੌਖਿਆਂ ਹੀ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਗੋਲੀਬਾਰੀ ਤੋਂ ਪਹਿਲਾਂ ਹਮਲਾਵਰਾਂ ਵੱਲੋਂ ਕਲੀਨਿਕ ਵਰਗੀ ਜਨਤਕ ਸਹੂਲਤ ’ਚ ਮਰੀਜ਼ ਬਣ ਕੇ ਆਉਣਾ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਕਿਸੇ ਚੀਜ਼ ਦਾ ਖੌਫ਼ ਨਹੀਂ ਹੈ, ਜੋ ਵੱਡਾ ਡਰਾਉਣਾ ਤੱਥ ਹੈ। ਇਹ ਡੂੰਘੀ ਅਲਾਮਤ ਵੱਲ ਵੀ ਇਸ਼ਾਰਾ ਕਰਦਾ ਹੈ। ਪੜ੍ਹੇ-ਲਿਖੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ, ਨਸ਼ਿਆਂ ਦੀ ਆਦਤ, ਵਿਗੜਿਆ ਬਚਪਨ, ਗ਼ਰੀਬੀ ਅਤੇ ਤਾਕਤ ਤੇ ਤੇਜ਼ੀ ਨਾਲ ਪੈਸਾ ਕਮਾਉਣ ਦਾ ਲਾਲਚ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਨੂੰ ਅਪਰਾਧ ਵੱਲ ਧੱਕ ਰਿਹਾ ਹੈ। ਸੋਸ਼ਲ ਮੀਡੀਆ ਦਾ ਪ੍ਰਚਾਰ ਅਤੇ ਗੈਂਗਸਟਰਾਂ ਨੂੰ ਵਡਿਆਉਣਾ ਅੱਗ ਵਿੱਚ ਹੋਰ ਤੇਲ ਪਾਉਂਦੇ ਹਨ। ਅਪਰਾਧ ਦਾ ਰਾਹ ਲੁਭਾਉਣਾ ਹੈ- ਪਰ ਇੱਕ ਵਾਰ ਇਸ ਨੂੰ ਫੜਨ ਤੋਂ ਬਾਅਦ ਛੱਡ ਕੇ ਮੁੱਖ ਧਾਰਾ ਵਿੱਚ ਵਾਪਸ ਆਉਣਾ ਲਗਭਗ ਅਸੰਭਵ ਹੈ। ਸੂਬੇ ਨੂੰ ਫੌਰੀ ਤੌਰ ’ਤੇ ਇਸ ਸਮਾਜਿਕ-ਆਰਥਿਕ ਨਿਘਾਰ ਦਾ ਹੱਲ ਤਲਾਸ਼ਣਾ ਚਾਹੀਦਾ ਹੈ, ਜਿੱਥੋਂ ਅਸਲ ਵਿੱਚ ਅਪਰਾਧ ਜਨਮ ਲੈਂਦਾ ਹੈ।
ਹਾਲਾਂਕਿ ਪੰਜਾਬ ਪੁਲੀਸ ਨੇ ਕੁਝ ਗ੍ਰਿਫ਼ਤਾਰੀਆਂ ਤੇ ਮੁਕਾਬਲਿਆਂ ਨਾਲ ਜਵਾਬੀ ਕਾਰਵਾਈ ਕੀਤੀ ਹੈ, ਪਰ ਇਹ ਪ੍ਰਤੀਕਿਰਿਆਤਮਕ ਕਦਮ ਹਨ। ਇਸ ਵੇਲੇ ਲੋੜ ਨਿਰੰਤਰ, ਢਾਂਚਾਗਤ ਰਣਨੀਤੀ ਲਾਗੂ ਕਰਨ ਦੀ ਹੈ। ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਮੁੜ ਵਸੇਬੇ ਤੇ ਸਿੱਖਿਆ ਸਬੰਧੀ ਕੋਸ਼ਿਸ਼ਾਂ ਦਾ ਵਿਸਤਾਰ ਹੋਵੇ। ਨਿਆਂਇਕ ਪ੍ਰਕਿਰਿਆਵਾਂ ਨੂੰ ਤੇਜ਼ ਕੀਤਾ ਜਾਵੇ ਅਤੇ ਐੱਨਆਈਏ ਵਰਗੀਆਂ ਕੇਂਦਰੀ ਏਜੰਸੀਆਂ ਤੇ ਸੂਬਾਈ ਇਕਾਈਆਂ ਵਿਚਕਾਰ ਨਜ਼ਦੀਕੀ ਤਾਲਮੇਲ ਯਕੀਨੀ ਬਣਾਇਆ ਜਾਵੇ। ਪੰਜਾਬ ਵਿੱਚ ਅਪਰਾਧਕ-ਦਹਿਸ਼ਤੀ ਗੱਠਜੋੜ ਹੁਣ ਸਥਾਨਕ ਨਹੀਂ ਰਿਹਾ; ਇਹ ਕੌਮਾਂਤਰੀ, ਤਕਨੀਕੀ ਤੌਰ ’ਤੇ ਸਮਰੱਥ ਅਤੇ ਵਿਚਾਰਧਾਰਕ ਤੌਰ ’ਤੇ ਅਸਥਿਰ ਹੋ ਚੁੱਕਾ ਹੈ। ਜਿੰਨਾ ਚਿਰ ਇਹ ਸੰਕਟ ਬਣਿਆ ਰਹੇਗਾ, ਪੰਜਾਬ ਦੇ ਭਵਿੱਖ ਨੂੰ ਮੁੜ ਪੈਰਾਂ ਸਿਰ ਕਰਨਾ ਓਨਾ ਹੀ ਮੁਸ਼ਕਿਲ ਹੋਵੇਗਾ। ਇਸ ਲਈ ਇਸ ਮਸਲੇ ਬਾਰੇ ਜਿੰਨੀ ਛੇਤੀ ਕਾਰਗਰ ਚਾਰਾਜੋਈ ਕੀਤੀ ਜਾ ਸਕਦੀ ਹੈ, ਕਰਨੀ ਚਾਹੀਦੀ ਹੈ।