ਉਸਾਰੂ ਬਹਿਸ ਲੋੜੀਂਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਮੌਕੇ ਲੋਕ ਸਭਾ ਵਿੱਚ ਇਸ ਰਾਸ਼ਟਰੀ ਗੀਤ ਬਾਰੇ ਬਹਿਸ ਦਾ ਆਗਾਜ਼ ਕੀਤਾ। ਫਿਰ ਵੀ ਉਹ ਸਿਆਸੀ ਪ੍ਰਸੰਗ, ਜਿਸ ਵਿੱਚ ਸਰਕਾਰ ਨੇ ਇਸ ਨੂੰ ਉਭਾਰਨ ਦੀ ਚੋਣ ਕੀਤੀ ਹੈ, ਨੂੰ ਨਜ਼ਰਅੰਦਾਜ਼...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਮੌਕੇ ਲੋਕ ਸਭਾ ਵਿੱਚ ਇਸ ਰਾਸ਼ਟਰੀ ਗੀਤ ਬਾਰੇ ਬਹਿਸ ਦਾ ਆਗਾਜ਼ ਕੀਤਾ। ਫਿਰ ਵੀ ਉਹ ਸਿਆਸੀ ਪ੍ਰਸੰਗ, ਜਿਸ ਵਿੱਚ ਸਰਕਾਰ ਨੇ ਇਸ ਨੂੰ ਉਭਾਰਨ ਦੀ ਚੋਣ ਕੀਤੀ ਹੈ, ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ; ਖ਼ਾਸ ਤੌਰ ’ਤੇ ਉਦੋਂ ਜਦੋਂ ਪੱਛਮੀ ਬੰਗਾਲ ਵਿੱਚ ਫੈਸਲਾਕੁਨ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਬੰਕਿਮ ਚੰਦਰ ਚੈਟਰਜੀ ਦੀ ਇਹ ਰਚਨਾ ਬੰਗਾਲ ਦੇ ਇਨਕਲਾਬੀਆਂ ਨੂੰ ਪ੍ਰੇਰਿਤ ਕਰਨ ਅਤੇ ਆਜ਼ਾਦੀ ਸੰਗਰਾਮ ਨੂੰ ਹੁਲਾਰਾ ਦੇਣ ਵਿੱਚ ਇਤਿਹਾਸਕ ਭੂਮਿਕਾ ਨਿਭਾਅ ਚੁੱਕੀ ਹੈ। ਮੋਦੀ ਦੇ ਭਾਸ਼ਣ ਨੇ ‘ਵੰਦੇ ਮਾਤਰਮ’ ਨੂੰ ਇਕਜੁੱਟ ਕਰਨ ਵਾਲਾ ਗੀਤ ਦੱਸਿਆ, ਪਰ ਇਸ ਵਿੱਚ ਉਹੀ ਜਾਣੀਆਂ-ਪਛਾਣੀਆਂ ਸਿਆਸੀ ਧੁਨਾਂ ਵੀ ਸਨ। ਪ੍ਰਧਾਨ ਮੰਤਰੀ ਵੱਲੋਂ ਵਾਰ-ਵਾਰ ਕਾਂਗਰਸ ਦੇ ਪੁਰਾਣੇ ਫੈਸਲਿਆਂ ਨੂੰ ਯਾਦ ਕਰਨ ਤੇ ਇਤਿਹਾਸਕ ਵਿਵਾਦਾਂ ਨੂੰ ਮੁੜ ਛੇੜਨ ਤੋਂ ਅਜਿਹਾ ਲੱਗਾ ਕਿ ਉਨ੍ਹਾਂ ਦਾ ਇਰਾਦਾ ਸਿਰਫ਼ ਇੱਕ ਕੌਮੀ ਗੀਤ ਦਾ ਸਨਮਾਨ ਕਰਨਾ ਹੀ ਨਹੀਂ ਸੀ, ਸਗੋਂ ਵਿਚਾਰਧਾਰਕ ਵੰਡੀਆਂ ਨੂੰ ਹੋਰ ਤਿੱਖਾ ਕਰਨਾ ਵੀ ਸੀ। ਪੱਛਮੀ ਬੰਗਾਲ, ਜਿੱਥੇ ਇਸ ਗੀਤ ਦਾ ਜਨਮ ਹੋਇਆ ਸੀ, ਉੱਥੇ ਸੱਭਿਆਚਾਰਕ ਪਛਾਣ ਸਿਆਸਤ ਵਿਚ ਘੁਲੀ-ਮਿਲੀ ਹੋਈ ਹੈ। ‘ਵੰਦੇ ਮਾਤਰਮ’ ਇੱਕ ਭਾਵੁਕ ਪ੍ਰਤੀਕ ਹੈ ਅਤੇ ਇਸ ਲਈ ਇੱਕ ਰਣਨੀਤਕ ਚਿੰਨ੍ਹ ਵੀ ਹੈ।
ਸੱਭਿਆਚਾਰਕ ਪ੍ਰਤੀਕਾਂ ਨੂੰ ਸਿਆਸੀ ਲੜਾਈ ਦਾ ਮੈਦਾਨ ਬਣਾਉਣ ਦੀ ਮੋਦੀ ਸਰਕਾਰ ਦੀ ਪ੍ਰਵਿਰਤੀ ਚਿੰਤਾਜਨਕ ਹੈ। ਇਕ ਸੰਸਦੀ ਬਹਿਸ, ਜਿਸ ਦਾ ਮਤਲਬ ਸਾਂਝੀ ਵਿਰਾਸਤ ਉਤੇ ਚਰਚਾ ਕਰਨਾ ਹੈ, ਉਸ ਦੀ ਦੁਰਵਰਤੋਂ ਰਾਜਨੀਤਕ ਲਾਹੇ ਲਈ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਕਰਨਾ ਸਹੀ ਨਹੀਂ ਹੈ। ਇਸ ਦਾ ਸਮਾਂ ਸੋਚ-ਸਮਝ ਕੇ ਚੁਣਿਆ ਗਿਆ ਹੈ ਕਿਉਂਕਿ ਪੱਛਮੀ ਬੰਗਾਲ ਵਿੱਚ ਕੁਝ ਮਹੀਨਿਆਂ ਵਿੱਚ ਚੋਣਾਂ ਹੋਣ ਵਾਲੀਆਂ ਹਨ। ਭਾਵੇਂ ਤ੍ਰਿਣਮੂਲ ਕਾਂਗਰਸ ਸੂਬੇ ਵਿੱਚ ਆਪਣੀ ਜੜ੍ਹ ਮਜ਼ਬੂਤ ਕਰ ਚੁੱਕੀ ਹੈ, ਪਰ ਉਸ ਨੂੰ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਸਦ ਵਿੱਚ ਰਾਸ਼ਟਰੀ ਗੀਤ ’ਤੇ ਚਰਚਾ ਨੂੰ ਮਮਤਾ ਬੈਨਰਜੀ ਵੱਲੋਂ ਦਿੱਤਾ ਸਮਰਥਨ ਦਰਸਾਉਂਦਾ ਹੈ ਕਿ ਉਹ ਮੈਦਾਨ ਛੱਡ ਕੇ ਨਹੀਂ ਜਾਣਾ ਚਾਹੁੰਦੀ। ਬਦਕਿਸਮਤੀ ਨਾਲ, ਇਸ ਸਿਆਸੀ ਮੁਕਾਬਲੇਬਾਜ਼ੀ ਵਿੱਚ ਸਹਿਜਤਾ ਨਾਲ ਚਰਚਾ ਦੀ ਜ਼ਰੂਰਤ ਕਿਤੇ ਗੁਆਚ ਗਈ ਹੈ: ਅੱਜ ਬੰਗਾਲ ਬੇਰੁਜ਼ਗਾਰੀ, ਪ੍ਰਵਾਸ ਅਤੇ ਸਿਆਸੀ ਹਿੰਸਾ ਨਾਲ ਜੂਝ ਰਿਹਾ ਹੈ। ਸੱਭਿਆਚਾਰਕ ਅਣਖ, ਭਾਵੇਂ ਜ਼ਰੂਰੀ ਹੈ, ਪਰ ਚੰਗੇ ਸ਼ਾਸਨ ਦੀ ਥਾਂ ਨਹੀਂ ਲੈ ਸਕਦੀ।
ਕੌਮੀ ਗੀਤ ਦੇ 150 ਸਾਲਾਂ ’ਤੇ, ਚਾਹੀਦਾ ਤਾਂ ਇਹ ਸੀ ਕਿ ‘ਵੰਦੇ ਮਾਤਰਮ’ ਏਕੇ ਨੂੰ ਮਜ਼ਬੂਤ ਕਰਨ ਤੇ ਰਾਸ਼ਟਰਵਾਦ ਵਿੱਚ ਅਨੇਕਤਾ ਨੂੰ ਸਵੀਕਾਰ ਕਰਨ ਦਾ ਇਕ ਮੌਕਾ ਬਣਦਾ। ਇਸ ਦੀ ਬਜਾਏ, ਸੰਭਾਵਨਾ ਇਹ ਬਣ ਰਹੀ ਹੈ ਕਿ ਧਰੁਵੀਕਰਨ ਵਾਲੇ ਮਾਹੌਲ ਵਿੱਚ ਇਹ ਬਹਿਸ ਦਾ ਬਸ ਇੱਕ ਹੋਰ ਭਖਦਾ ਮੁੱਦਾ ਬਣ ਜਾਵੇਗਾ। ਦੇਸ਼ ਅਜਿਹੀਆਂ ਵਰ੍ਹੇਗੰਢਾਂ ਜਾ ਦਿਹਾੜੇ ਮਨਾਉਣ ਦਾ ਹੱਕਦਾਰ ਹੈ ਜੋ ਸਿਆਸੀ ਮਜਬੂਰੀਆਂ ਤੋਂ ਪਰ੍ਹੇ ਹੋਣ। ਦੇਸ਼ ਦੀ ਅਗਵਾਈ ਕਰਨ ਵਾਲਿਆਂ ਨੂੰ ਇਤਿਹਾਸ ਦੀ ਵਰਤੋਂ ਵੰਡਣ ਲਈ ਨਹੀਂ, ਸਗੋਂ ਜੋੜਨ ਲਈ ਕਰਨੀ ਚਾਹੀਦੀ ਹੈ।

