ਭਾਰਤੀ ਪੈਂਤੜੇ ਦੀ ਪੁਸ਼ਟੀ
ਭਾਰਤ ਨੂੰ ਕੂਟਨੀਤਕ ਮੋਰਚੇ ’ਤੇ ਆਖ਼ਿਰ ਸੁੱਖ ਦਾ ਸਾਹ ਮਿਲਿਆ ਹੈ। ਅਮਰੀਕਾ ਨੇ ਲਸ਼ਕਰ-ਏ-ਤਇਬਾ ਦੀ ਲੁਕਵੀਂ ਜਥੇਬੰਦੀ ‘ਦਿ ਰਜਿਸਟੈਂਸ ਫਰੰਟ’ (ਟੀਆਰਐੱਫ) ਨੂੰ ਵਿਸ਼ਵ ਦਹਿਸ਼ਤਗਰਦ ਸੰਗਠਨ ਨਾਮਜ਼ਦ ਕਰ ਦਿੱਤਾ ਹੈ ਜਿਸ ਨਾਲ ਸਰਹੱਦ ਪਾਰ ਦਹਿਸ਼ਤਗਰਦੀ ਬਾਰੇ ਨਵੀਂ ਦਿੱਲੀ ਦੇ ਬਹੁਤ ਜ਼ਿਆਦਾ ਸਖ਼ਤ ਸਟੈਂਡ ਦੀ ਪੁਸ਼ਟੀ ਹੋਈ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਇੱਕ ਬਿਆਨ ਵਿੱਚ ਦਰਜ ਕੀਤਾ ਗਿਆ ਹੈ ਕਿ ਟੀਆਰਐੱਫ ਨੇ ਨਾ ਕੇਵਲ 22 ਅਪਰੈਲ ਦੇ ਪਹਿਲਗਾਮ ਹਮਲੇ ਸਗੋਂ ਹਾਲੀਆ ਸਾਲਾਂ ਦੌਰਾਨ ਭਾਰਤੀ ਸੁਰੱਖਿਆ ਬਲਾਂ ਉੱਪਰ ਕੀਤੇ ਗਏ ਕਈ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। ਰੂਬੀਓ ਨੇ ਇਸ ਮਾਮਲੇ ਵਿੱਚ ਭਾਵੇਂ ਪਾਕਿਸਤਾਨ ਦਾ ਨਾਂ ਲੈਣ ਤੋਂ ਗੁਰੇਜ਼ ਕੀਤਾ ਹੈ ਪਰ ਉਨ੍ਹਾਂ ਦੇ ਬਿਆਨ ’ਚੋਂ ਰਾਸ਼ਟਰਪਤੀ ਟਰੰਪ ਵੱਲੋਂ ਪਹਿਲਗਾਮ ਕੇਸ ਵਿੱਚ ਕੀਤੀ ਨਿਆਂ ਦੀ ਮੰਗ ਦੀ ਝਲਕ ਪੈਂਦੀ ਹੈ।
ਜ਼ਾਹਿਰ ਹੈ ਕਿ ਅਮਰੀਕਾ ਵੱਲੋਂ ਭਾਰਤ ਨੂੰ ਧਰਵਾਸ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੇ ਅਪਰੇਸ਼ਨ ਸਿੰਧੂਰ ਤੋਂ ਬਾਅਦ ਵਾਰ-ਵਾਰ ਆਖਿਆ ਸੀ ਕਿ ਦਹਿਸ਼ਤਗਰਦੀ ਨੂੰ ਅੰਜਾਮ ਦੇਣ ਵਾਲਿਆਂ ਅਤੇ ਪੀੜਤਾਂ ਦੀ ਤੁਲਨਾ ਨਹੀਂ ਕੀਤੀ ਜਾਣੀ ਚਾਹੀਦੀ। ਹਾਲ ਹੀ ਵਿੱਚ ਜਦੋਂ ਰਾਸ਼ਟਰਪਤੀ ਟਰੰਪ ਵੱਲੋਂ ਪਾਕਿਸਤਾਨ ਦੇ ਥਲ ਸੈਨਾ ਤੇ ਹਵਾਈ ਸੈਨਾ ਦੇ ਮੁਖੀਆਂ ਦਾ ਵਾਸ਼ਿੰਗਟਨ ਵਿੱਚ ਸਵਾਗਤ ਕੀਤਾ ਗਿਆ ਸੀ ਤਾਂ ਭਾਰਤ ਖੁਸ਼ ਨਹੀਂ ਹੋਇਆ ਸੀ। ਆਖ਼ਿਰਕਾਰ ਅਮਰੀਕਾ ਨੂੰ ਅਹਿਸਾਸ ਹੋ ਗਿਆ ਹੈ ਕਿ ਦਹਿਸ਼ਤਗਰਦੀ ਦੇ ਸਵਾਲ ’ਤੇ ਇਸ ਤਰ੍ਹਾਂ ਦਾ ਦੋਗ਼ਲਾਪਣ ਖ਼ਤਰਨਾਕ ਰਾਹ ਹੈ? ਭਾਰਤ ਇਸ ਤੋਂ ਤਦ ਹੀ ਕੋਈ ਨਤੀਜਾ ਕੱਢ ਸਕਦਾ ਹੈ ਜੇ ਅਮਰੀਕਾ ਪਾਕਿਸਤਾਨ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਕੋਈ ਫ਼ੈਸਲਾਕੁਨ ਕਦਮ ਚੁੱਕਦਾ ਹੈ।
ਅਮਰੀਕਾ ਨੂੰ ਫਰਵਰੀ ’ਚ ਵਾਸ਼ਿੰਗਟਨ ਡੀਸੀ ਦੇ ਵ੍ਹਾਈਟ ਹਾਊਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਵਿਚਕਾਰ ਹੋਈ ਬੈਠਕ ਤੋਂ ਬਾਅਦ ਜਾਰੀ ਕੀਤਾ ਗਿਆ ਸਾਂਝਾ ਬਿਆਨ ਚੇਤੇ ਕਰਵਾਉਣ ਦੀ ਲੋੜ ਹੈ। ਇਸ ਵਿੱਚ ਜ਼ਿਕਰ ਸੀ ਕਿ ਦੋਵੇਂ ਆਗੂਆਂ ਨੇ ਪਾਕਿਸਤਾਨ (ਬਿਲਕੁਲ, ਪਾਕਿਸਤਾਨ ਦਾ ਨਾਂ ਲਿਆ ਸੀ) ਨੂੰ ਮੁੰਬਈ ਤੇ ਪਠਾਨਕੋਟ ਦਹਿਸ਼ਤੀ ਹਮਲਿਆਂ ਦੇ ਜ਼ਿੰਮੇਵਾਰਾਂ ਨੂੰ ਛੇਤੀ ਤੋਂ ਛੇਤੀ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਕਿਹਾ ਤੇ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਕਿ ਇਸ ਦੇ ਇਲਾਕੇ ਦੀ ਵਰਤੋਂ ਸਰਹੱਦ ਪਾਰ ਅਤਿਵਾਦੀ ਹਮਲਿਆਂ ਲਈ ਨਾ ਹੋਵੇ। ਭਾਰਤ ਤੇ ਅਮਰੀਕਾ ਪਹਿਲਾਂ ਵੀ ਅਤਿਵਾਦ ’ਤੇ ਇਸ ਤਰ੍ਹਾਂ ਦੇ ਸਾਂਝੇ ਬਿਆਨ ਜਾਰੀ ਕਰਦੇ ਰਹੇ ਹਨ ਕਿਉਂਕਿ ਅਮਰੀਕਾ ਖ਼ੁਦ ਵੀ ਦਹਿਸ਼ਤੀ ਹਮਲਿਆਂ ਦਾ ਸ਼ਿਕਾਰ ਬਣ ਚੁੱਕਾ ਹੈ। ਵ੍ਹਾਈਟ ਹਾਊਸ ’ਚ ਕੀਤਾ ਇਹ ਮਜ਼ਬੂਤ ਅਹਿਦ ਹੈਰਾਨੀਜਨਕ ਢੰਗ ਨਾਲ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਜਾਰੀ ਟਰੰਪ ਦੇ ਬਿਆਨਾਂ ਤੇ ਕਾਰਵਾਈਆਂ ’ਚੋਂ ਗੁੰਮ ਰਿਹਾ ਹੈ। ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ ਮੁਤਾਬਿਕ, ਹਮਲਾਵਰ ਪਾਕਿਸਤਾਨੀ ਨਾਗਰਿਕ ਸਨ ਤੇ ਲਸ਼ਕਰ ਨਾਲ ਜੁੜੇ ਹੋਏ ਸਨ। ਟੀਆਰਐੱਫ ਨੂੰ ਅਤਿਵਾਦੀ ਸੰਗਠਨ ਐਲਾਨਣਾ ਚੰਗਾ ਕਦਮ ਹੈ, ਪਰ ਅਮਰੀਕਾ ਦੀ ਅਸਲ ਪਰਖ ਤਾਂ ਇਸ ਤੱਥ ਤੋਂ ਹੋਵੇਗੀ ਕਿ ਇਹ ਅਤਿਵਾਦ ਖ਼ਿਲਾਫ਼ ਭਾਰਤ ਨਾਲ ਸਹਿਯੋਗ ਕਰਦਿਆਂ ਆਪਣੀ ਕਥਨੀ ਤੇ ਕਰਨੀ ’ਤੇ ਖ਼ਰਾ ਉਤਰਦਾ ਹੈ।