ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਚੀਨ ਦਾ ਨਵਾਂ ਡੈਮ

ਦੁਵੱਲਾ ਤਣਾਅ ਘੱਟ ਕਰਨ ਲਈ ਭਾਰਤ ਦੀਆਂ ਹਾਲੀਆ ਕੋਸ਼ਿਸ਼ਾਂ ਦੇ ਬਾਵਜੂਦ ਚੀਨ ਦੀ ਰਣਨੀਤਕ ਮਾਅਰਕੇਬਾਜ਼ੀ ਵਿੱਚ ਕੋਈ ਕਮੀ ਆਉਂਦੀ ਦਿਖਾਈ ਨਹੀਂ ਦੇ ਰਹੀ। ਪੇਈਚਿੰਗ ਨੇ ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਸਰਹੱਦ ਦੇ ਨੇੜੇ ਤਿੱਬਤ ਵਿੱਚ ਬ੍ਰਹਮਪੁੱਤਰ ਨਦੀ ਜਿਸ ਨੂੰ ਸਥਾਨਕ ਤੌਰ...
Advertisement

ਦੁਵੱਲਾ ਤਣਾਅ ਘੱਟ ਕਰਨ ਲਈ ਭਾਰਤ ਦੀਆਂ ਹਾਲੀਆ ਕੋਸ਼ਿਸ਼ਾਂ ਦੇ ਬਾਵਜੂਦ ਚੀਨ ਦੀ ਰਣਨੀਤਕ ਮਾਅਰਕੇਬਾਜ਼ੀ ਵਿੱਚ ਕੋਈ ਕਮੀ ਆਉਂਦੀ ਦਿਖਾਈ ਨਹੀਂ ਦੇ ਰਹੀ। ਪੇਈਚਿੰਗ ਨੇ ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਸਰਹੱਦ ਦੇ ਨੇੜੇ ਤਿੱਬਤ ਵਿੱਚ ਬ੍ਰਹਮਪੁੱਤਰ ਨਦੀ ਜਿਸ ਨੂੰ ਸਥਾਨਕ ਤੌਰ ’ਤੇ ਯਾਰਲੁੰਗ ਯਾਂਗਬੋ ਆਖਿਆ ਜਾਂਦਾ ਹੈ, ਉੱਤੇ 167.8 ਅਰਬ ਡਾਲਰ ਦੀ ਲਾਗਤ ਨਾਲ ਡੈਮ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਬੁਨਿਆਦੀ ਢਾਂਚਾ ਪ੍ਰਾਜੈਕਟ ਮੰਨਿਆ ਜਾਂਦਾ ਹੈ ਜਿਸ ਤੋਂ 30 ਕਰੋੜ ਤੋਂ ਵੱਧ ਲੋਕਾਂ ਦੀਆਂ ਸਾਲਾਨਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪੰਜ ਪਣ ਬਿਜਲੀਘਰਾਂ ਦੁਆਰਾ ਲੋੜੀਂਦੀ ਬਿਜਲੀ ਪੈਦਾ ਕਰਨ ਦੀ ਉਮੀਦ ਹੈ; ਹਾਲਾਂਕਿ ਇਸ ਦੀ ਉਪਯੋਗਤਾ ਬਿਜਲੀ ਉਤਪਾਦਨ ਤੋਂ ਬਹੁਤ ਪਰ੍ਹੇ ਹੈ। ਚੀਨ, ਭਾਰਤ ਅਤੇ ਬੰਗਲਾਦੇਸ਼ ਜਿਹੇ ਹੇਠਲੇ ਰਿਪੇਰੀਅਨ ਦੇਸ਼ਾਂ ਨੂੰ ਇਹ ਜਤਾ ਰਿਹਾ ਹੈ ਕਿ ਬੌਸ ਕੌਣ ਹੈ। ਇਸ ਗੱਲ ਦਾ ਖਦਸ਼ਾ ਹੈ ਕਿ ਟਕਰਾਅ ਦੀ ਸੂਰਤ ਵਿੱਚ ਚੀਨ ਭਾਰਤ ਦੇ ਉੱਤਰ-ਪੂਰਬੀ ਰਾਜਾਂ, ਖ਼ਾਸ ਕਰ ਕੇ ਅਰੁਣਾਚਲ ਜਿਸ ਨੂੰ ਪੇਈਚਿੰਗ ਆਪਣੇ ‘ਦੱਖਣੀ ਤਿੱਬਤ’ ਦਾ ਹਿੱਸਾ ਕਰਾਰ ਦਿੰਦਾ ਹੈ ਅਤੇ ਜਿੱਥੇ ਇਹ ਹਾਲੀਆ ਸਾਲਾਂ ਵਿੱਚ ਖੇਤਰਾਂ ਦੇ ਨਾਮ ਬਦਲਣ ਦੀ ਮੁਹਿੰਮ ਵਿੱਢੀ ਹੋਈ ਹੈ, ਨੂੰ ਪਾਣੀ ਦੇ ਵਹਾਅ ਵਿੱਚ ਗੜਬੜ ਕਰ ਸਕਦਾ ਹੈ।

ਪਹਿਲਗਾਮ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਭਾਰਤ ਵੱਲੋਂ ਪਾਕਿਸਤਾਨ ਨਾਲ ਸਿੰਧ ਜਲ ਸੰਧੀ ਦਾ ਅਮਲ ਟਾਲੇ ਜਾਣ ਤੋਂ ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ ਮਗਰੋਂ ਬ੍ਰਹਮਪੁੱਤਰ ਨਦੀ ’ਤੇ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਨਵੀਂ ਦਿੱਲੀ ਦੀ ਬੇਫ਼ਿਕਰੀ ਭਰੀ ਜਲ ਕੂਟਨੀਤੀ ਨੇ ਇਸਲਾਮਾਬਾਦ ਨੂੰ ਇਸ ਗੱਲ ਲਈ ਉਕਸਾਇਆ ਹੈ ਕਿ ਜੇ ਚੀਨ ਬ੍ਰਹਮਪੁੱਤਰ ਦਾ ਪਾਣੀ ਭਾਰਤ ਵਿੱਚ ਜਾਣ ਤੋਂ ਰੋਕ ਦੇਵੇ ਤਾਂ ਭਲਾ ਫਿਰ ਕੀ ਹੋਵੇਗਾ। ਹਾਲਾਂਕਿ ਭਾਰਤ ਅਤੇ ਚੀਨ ਕੋਲ ਦਰਿਆਈ ਪਾਣੀਆਂ ’ਤੇ ਕੋਈ ਰਸਮੀ ਢਾਂਚਾ ਨਹੀਂ ਹੈ ਪਰ ਸਰਹੱਦ ਪਾਰ ਦਰਿਆਵਾਂ, ਜਿਵੇਂ ਹੜ੍ਹਾਂ ਦੇ ਸੀਜ਼ਨ ਦੇ ਪਾਣੀ ਵਿਗਿਆਨ ਨਾਲ ਸਬੰਧਿਤ ਅੰਕਡਿ਼ਆਂ ਨੂੰ ਸਾਂਝਾ ਕਰਨ ਨਾਲ ਸਬੰਧਿਤ ਮੁੱਦਿਆਂ ’ਤੇ ਚਰਚਾ ਕਰਨ ਲਈ ਮਾਹਿਰ ਪੱਧਰੀ ਪ੍ਰਬੰਧ ਮੌਜੂਦ ਹੈ। ਜੂਨ 2023 ਤੋਂ ਬਾਅਦ ਕੋਈ ਮਾਹਿਰ ਪੱਧਰੀ ਮੀਟਿੰਗ ਨਹੀਂ ਹੋਈ ਹੈ। ਪਾਰਦਰਸ਼ਤਾ ਕਦੇ ਵੀ ਪੇਈਚਿੰਗ ਦਾ ਮਜ਼ਬੂਤ ਪੱਖ ਨਹੀਂ ਰਿਹਾ ਅਤੇ ਇਹ ਮੈਗਾ ਪ੍ਰਾਜੈਕਟ ਇਸ ਦਾ ਕੋਈ ਅਪਵਾਦ ਨਹੀਂ ਹੈ।

Advertisement

ਚੀਨ ਨਾ ਸਿਰਫ਼ ਨਵੇਂ ਡੈਮ ਬਾਰੇ ਭਾਰਤ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਨਾਕਾਮ ਰਿਹਾ ਹੈ ਸਗੋਂ ਉਸ ਨੇ ਹੇਠਲੇ ਰਿਪੇਰੀਅਨ ਦੇਸ਼ਾਂ ਨਾਲ ਅਗਾਊਂ ਸਲਾਹ-ਮਸ਼ਵਰੇ ਲਈ ਉਨ੍ਹਾਂ ਦੀ ਬੇਨਤੀ ਨੂੰ ਵੀ ਅਸਾਨੀ ਨਾਲ ਨਜ਼ਰਅੰਦਾਜ਼ ਕਰ ਦਿੱਤਾ ਹੈ। ਦਿੱਲੀ ਨੂੰ ਆਪਣੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਹੈ। ਇਸ ਨੂੰ ਬ੍ਰਹਮਪੁੱਤਰ ਦਰਿਆ ਉੱਤੇ ਆਪਣੇ ਡੈਮ ਦਾ ਕੰਮ ਵੀ ਤੇਜ਼ ਕਰਨਾ ਚਾਹੀਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਚੀਨ ਦੇ ਹਾਲੀਆ ਦੌਰਿਆਂ ਮੌਕੇ ਭਾਰਤ ਦੇ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਦੇ ਇਰਾਦੇ ਦਾ ਸੰਕੇਤ ਦਿੱਤਾ ਸੀ। ਇਸ ਤਰ੍ਹਾਂ ਦੇ ਦੂਰਗ਼ਾਮੀ ਪ੍ਰਭਾਵ ਵਾਲੇ ਮਾਮਲਿਆਂ ’ਚ ਭਾਰਤ ਨੂੰ ਭਰੋਸੇ ’ਚ ਲੈਣ ਦੀ ਜ਼ਿੰਮੇਵਾਰੀ ਪੇਈਚਿੰਗ ਦੀ ਬਣਦੀ ਹੈ।

Advertisement