ਹਵਾਈ ਸੈਨਾ ਸਾਹਮਣੇ ਚੁਣੌਤੀ
ਭਾਰਤ ਨੇ ਅਪਰੇਸ਼ਨ ਸਿੰਧੂਰ ਦੌਰਾਨ ਆਪਣੀ ਹਵਾਈ ਸ਼ਕਤੀ ਦਾ ਬਾਖ਼ੂਬੀ ਮੁਜ਼ਾਹਰਾ ਕੀਤਾ ਸੀ। ਹਮਲਾਵਰ ਅਤੇ ਰੱਖਿਆਤਮਕ, ਦੋਵੇਂ ਕਾਬਲੀਅਤਾਂ ਪੱਖੋਂ ਆਸਮਾਨ ’ਤੇ ਭਾਰਤ ਹਵਾਈ ਸੈਨਾ ਦੀ ਬੜ੍ਹਤ ਰਹੀ ਸੀ ਤੇ ਪਾਕਿਸਤਾਨ ਇਸ ਦੇ ਸਾਹਮਣੇ ਛਿੱਥਾ ਪੈ ਗਿਆ ਸੀ। ਇਹ ਗੱਲ ਵੱਖਰੀ ਹੈ ਕਿ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਇਹ ਅਹਿਮ ਫ਼ੌਜੀ ਖਰੀਦ ਵਿੱਚ ਹੋ ਰਹੀ ਦੇਰੀ ਨੂੰ ਮੰਜ਼ਰ ’ਤੇ ਲੈ ਆਂਦਾ ਸੀ। ਉਨ੍ਹਾਂ ਨੇ ਤਾਂ ਇਹ ਵੀ ਆਖ ਦਿੱਤਾ ਸੀ ਕਿ ਇੱਕ ਵੀ ਪ੍ਰਾਜੈਕਟ ਅਜਿਹਾ ਨਹੀਂ ਹੈ ਜੋ ਸਮੇਂ ਸਿਰ ਪੂਰ ਚੜ੍ਹ ਗਿਆ ਹੋਵੇ। ਇਸ ਤਰ੍ਹਾਂ ਦੀ ਸੁਸਤੀ ਅਤੇ ਨਾਅਹਿਲੀਅਤ ਭਾਰਤ ਵੱਲੋਂ ਪੰਜਵੀਂ ਪੀੜ੍ਹੀ ਦਾ ਲੜਾਕੂ ਜਹਾਜ਼ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ (ਏਐੱਮਸੀਏ) ਦੇਸ਼ ਦੇ ਅੰਦਰ ਹੀ ਵਿਕਸਤ ਅਤੇ ਤਿਆਰ ਕਰਨ ਦਾ ਵੱਡ ਆਕਾਰੀ ਟੀਚਾ ਹਾਸਿਲ ਕਰਨ ਲਈ ਸਹਾਈ ਨਹੀਂ ਹੋਵੇਗੀ। ਇਸ ਹਵਾਈ ਜਹਾਜ਼ ਨੂੰ ਉਡਣ ਦੀਆਂ ਹਾਲਤਾਂ ਅਤੇ ਵਡੇਰੇ ਉਤਪਾਦਨ ਦੀਆਂ ਹਾਲਤਾਂ ਵਿੱਚ ਦੇਖਣ ਲਈ ਅੱਠ ਸਾਲਾਂ ਦੀ ਸਮਾਂ ਸੀਮਾ ਤੈਅ ਕੀਤੀ ਗਈ ਸੀ। ਹਕੀਕਤਪਸੰਦ ਅਨੁਮਾਨਾਂ ਮੁਤਾਬਿਕ, ਏਐੱਮਸੀਏ ਨੂੰ ਤਿਆਰ ਕਰਨ ਵਿੱਚ ਇੱਕ ਦਹਾਕਾ ਲੱਗ ਸਕਦਾ ਹੈ। ਇਹ ਕਾਫ਼ੀ ਲੰਮਾ ਸਮਾਂ ਹੈ ਅਤੇ ਇਸ ਦੌਰਾਨ ਇਹ ਗੱਲ ਅਹਿਮ ਹੈ ਕਿ ਥੋੜ੍ਹਚਿਰੇ ਟੀਚਿਆਂ ਤੋਂ ਧਿਆਨ ਹਟ ਜਾਵੇ।
ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐੱਚਏਐੱਲ) ਤੋਂ ਮਿਲਣ ਵਾਲੇ 83 ਹਲਕੇ ਲੜਾਕੂ ਜਹਾਜ਼ਾਂ ਤੇਜਸ ਐੱਮਕੇ1ਏ ਦੀ ਡਿਲਿਵਰੀ ਵਿੱਚ ਹੋਈ ਦੇਰੀ, ਜਿਨ੍ਹਾਂ ਦੇ ਕੰਟਰੈਕਟ ’ਤੇ ਸਹੀ 2021 ਵਿੱਚ ਪਾਈ ਗਈ ਸੀ, ਚਿੰਤਾਜਨਕ ਹੈ। ਚੰਗੀ ਗੱਲ ਇਹ ਹੈ ਕਿ ਜਨਰਲ ਇਲੈਕਟ੍ਰਿਕ ਏਅਰੋਸਪੇਸ ਨੇ ਐੱਫ404 ਇੰਜਣਾਂ ਦੀ ਸਪਲਾਈ ਵਧਾ ਦਿੱਤੀ ਹੈ, ਜਿਸ ਕਾਰਨ ਉਮੀਦ ਹੈ ਕਿ ਐੱਚਏਐੱਲ ਆਉਣ ਵਾਲੇ ਵਿੱਤੀ ਸਾਲ ’ਚ 12 ਤੇਜਸ ਐੱਮਕੇ1ਏ ਏਅਰ ਫੋਰਸ ਨੂੰ ਸੌਂਪ ਦੇਵੇਗਾ।
ਹੁਣ ਚੁਣੌਤੀ ਇਹ ਹੈ ਕਿ ਕਿਵੇਂ ਕੋਈ ਸਮਝੌਤਾ ਕੀਤੇ ਬਿਨਾਂ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਵੇ। ਗੁਆਉਣ ਲਈ ਬਿਲਕੁਲ ਸਮਾਂ ਨਹੀਂ ਹੈ ਕਿਉਂਕਿ ਚੀਨ ਕਈ ਨਵੇਂ ਹਥਿਆਰਾਂ ਨਾਲ ਪਾਕਿਸਤਾਨ ਨੂੰ ਲੈਸ ਕਰਨ ’ਤੇ ਉਤਾਰੂ ਹੈ ਤਾਂ ਕਿ ਉਹ ਭਵਿੱਖ ’ਚ ਭਾਰਤ ਵਿਰੁੱਧ ਜੰਗਾਂ ਛੇੜ ਸਕੇ। ਇਸਲਾਮਾਬਾਦ ਦਾ 6 ਜੂਨ ਦਾ ਟਵੀਟ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੇਈਚਿੰਗ ਨੇ ਪਾਕਿਸਤਾਨ ਨੂੰ ਪੰਜਵੀ ਪੀੜ੍ਹੀ ਦੇ 40 ਜੇ-35 ਲੜਾਕੂ ਜਹਾਜ਼, ਕੇਜੇ-500 ਹਵਾਈ ਚਿਤਾਵਨੀ ਏਅਰਕਰਾਫਟ ਤੇ ਐੱਚਕਿਊ-19 ਬੈਲਿਸਟਿਕ ਮਿਜ਼ਾਈਲ ਰੱਖਿਆ ਢਾਂਚੇ ਦੇਣ ਦੀ ਪੇਸ਼ਕਸ਼ ਕੀਤੀ ਹੈ, ਸਪੱਸ਼ਟ ਤੌਰ ’ਤੇ ਦਿੱਲੀ ਨੂੰ ਔਖਾ ਕਰਨ ਵੱਲ ਸੇਧਿਤ ਹੈ। ਜੇ-35 ਜਹਾਜ਼ਾਂ ਦੀ ਖ਼ਾਸੀਅਤ ਹੈ ਕਿ ਇਨ੍ਹਾਂ ਦੀ ਸਮਰੱਥਾ ਪਹਿਲਾਂ ਨਾਲੋਂ ਵਧ ਗਈ ਹੈ ਤੇ ਇਹ ਰਾਡਾਰ ਤੋਂ ਬਚ ਸਕਦੇ ਹਨ। ਇਸ ਤਰ੍ਹਾਂ ਇਹ ਦੁਸ਼ਮਣ ਦੇ ਹਵਾਈ ਖੇਤਰ ਵਿੱਚ ਦਾਖਲ ਹੋ ਸਕਦੇ ਹਨ। ਸੁਭਾਵਿਕ ਹੈ ਕਿ ਹਤਾਸ਼ਾ ਦੀ ਸਥਿਤੀ ਵਿੱਚ ਪਾਕਿਸਤਾਨ ਆਪਣੇ ਪੱਕੇ ਮਿੱਤਰ ’ਤੇ ਜ਼ੋਰ ਪਾਏਗਾ ਕਿ ਉਸ ਨੂੰ ਇਹ ਲੜਾਕੂ ਜਹਾਜ਼ ਜਲਦੀ ਤੋਂ ਜਲਦੀ ਦਿੱਤੇ ਜਾਣ। ਭਾਰਤ ਦੀਆਂ ਸਰਕਾਰੀ ਤੇ ਪ੍ਰਾਈਵੇਟ ਰੱਖਿਆ ਕੰਪਨੀਆਂ ਲਈ ਇਹੀ ਕਾਰਨ ਕਾਫ਼ੀ ਹੋਣਾ ਚਾਹੀਦਾ ਹੈ ਕਿ ਉਹ ਮੌਕੇ ਮੁਤਾਬਿਕ ਲੋੜੀਂਦੇ ਕਦਮ ਚੁੱਕਣ।