ਬਾਇਓਮਾਸ ਪਲਾਂਟ
ਪਿਛਲੇ ਹਫ਼ਤੇ ਪੰਜਾਬ ਵਿੱਚ ਇੱਕ ਬਾਇਓਮਾਸ ਪਾਵਰ ਪਲਾਂਟ ਬੰਦ ਹੋ ਗਿਆ ਜਿਸ ਲਈ ਮੁੱਖ ਤੌਰ ’ਤੇ ਤਰਕਹੀਣ ਬਿਜਲੀ ਖਰੀਦ ਦਰਾਂ ਅਤੇ ਪਲਾਂਟ ਨੂੰ ਚਲਦਾ ਰੱਖਣ ਲਈ ਪੈ ਰਹੇ ਘਾਟੇ ਵਧਣ ਜਿਹੇ ਕਾਰਨ ਗਿਣਾਏ ਜਾ ਰਹੇ ਹਨ। ਪਾਵਰ ਪਲਾਂਟ ਬੰਦ ਹੋਣਾ...
ਪਿਛਲੇ ਹਫ਼ਤੇ ਪੰਜਾਬ ਵਿੱਚ ਇੱਕ ਬਾਇਓਮਾਸ ਪਾਵਰ ਪਲਾਂਟ ਬੰਦ ਹੋ ਗਿਆ ਜਿਸ ਲਈ ਮੁੱਖ ਤੌਰ ’ਤੇ ਤਰਕਹੀਣ ਬਿਜਲੀ ਖਰੀਦ ਦਰਾਂ ਅਤੇ ਪਲਾਂਟ ਨੂੰ ਚਲਦਾ ਰੱਖਣ ਲਈ ਪੈ ਰਹੇ ਘਾਟੇ ਵਧਣ ਜਿਹੇ ਕਾਰਨ ਗਿਣਾਏ ਜਾ ਰਹੇ ਹਨ। ਪਾਵਰ ਪਲਾਂਟ ਬੰਦ ਹੋਣਾ ਮਹਿਜ਼ ਕਾਰੋਬਾਰੀ ਝਟਕਾ ਨਹੀਂ ਸਗੋਂ ਇਸ ਤੋਂ ਵੀ ਵੱਧ ਹੈ। ਇਹ ਚਿਤਾਵਨੀ ਹੈ ਕਿ ਭਾਰਤ ਦੀ ਗ੍ਰੀਨ ਤਬਦੀਲੀ ਸਿਰਫ਼ ਨੀਤੀ ਮੁਹਾਵਰਿਆਂ ਉੱਪਰ ਟੇਕ ਨਹੀਂ ਰੱਖ ਸਕਦੀ। ਜਦੋਂ ਪੰਜਾਬ ਨੂੰ ਫ਼ਸਲੀ ਰਹਿੰਦ-ਖੂੰਹਦ ਦੀ ਸਾੜਫੂਕ ਨਾਲ ਜੂਝਣਾ ਪੈ ਰਿਹਾ ਹੈ ਤਾਂ ਅਜਿਹੇ ਸਮੇਂ ਬਾਇਓਮਾਸ ਪਲਾਂਟ ਦੇ ਬੰਦ ਹੋਣ ਨਾਲ ਹਰ ਸਾਲ ਪਰਾਲੀ ਦੀ ਸਾੜਫੂਕ ਦੇ ਸੰਕਟ ਨਾਲ ਸਿੱਝਣ ਲਈ ਸਾਹਮਣੇ ਲਿਆਂਦੇ ਗਏ ਕੁਝ ਹੰਢਣਸਾਰ ਹੱਲਾਂ ਉੱਪਰ ਵੱਡੀ ਸੱਟ ਵੱਜੀ ਹੈ। ਬਾਇਓਮਾਸ ਪਲਾਂਟ ਪੰਜਾਬ ਦੀ ਫ਼ਸਲੀ ਰਹਿੰਦ-ਖੂੰਹਦ ਨੂੰ ਵਰਤ ਕੇ ਸਵੱਛ ਊਰਜਾ ਪੈਦਾ ਕਰਨ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਲਗਾਏ ਗਏ ਸਨ ਪਰ ਹੁਣ ਜੋ ਕੁਝ ਦੇਖਣ ਨੂੰ ਮਿਲ ਰਿਹਾ ਹੈ, ਉਹ ਇਸ ਤੋਂ ਉਲਟ ਹੈ। ਆਰਥਿਕ ਹਾਲਾਤ ਖ਼ਰਾਬ ਹੋਣ ਕਰ ਕੇ ਬਿਜਲੀ ਨਿਗਮ ਇਨ੍ਹਾਂ ਪਲਾਂਟਾਂ ਤੋਂ ਅਸਲ ਲਾਗਤਾਂ ਦੇ ਹਿਸਾਬ ਨਾਲ ਮਿੱਥੀਆਂ ਦਰਾਂ ’ਤੇ ਬਿਜਲੀ ਖਰੀਦਣ ਤੋਂ ਹੱਥ ਖੜ੍ਹੇ ਕਰ ਰਹੇ ਹਨ। ਅਦਾਇਗੀਆਂ ਵਿੱਚ ਦੇਰੀ, ਨਿਸ਼ਚਤ ਸਪਲਾਈ ਚੇਨਾਂ ਦੀ ਅਣਹੋਂਦ ਅਤੇ ਖੇਤੀਬਾੜੀ ਅਤੇ ਬਿਜਲੀ ਵਿਭਾਗਾਂ ਵਿਚਕਾਰ ਤਾਲਮੇਲ ਦੀ ਘਾਟ ਕਾਰਨ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਜੇ ਪਲਾਂਟ ਬੰਦ ਹੁੰਦੇ ਹਨ ਤਾਂ ਕਿਸਾਨਾਂ ਕੋਲ ਝੋਨੇ ਦੀ ਪਰਾਲੀ ਨੂੰ ਟਿਕਾਣੇ ਲਾਉਣ ਦਾ ਹੋਰ ਕੋਈ ਚਾਰਾ ਨਹੀਂ ਬਚੇਗਾ। ਸਿਰਫ਼ ਕਾਨੂੰਨ ਦੇ ਦਮ ’ਤੇ ਇਸ ਖੱਪੇ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।
ਇਹ ਤਕਨਾਲੋਜੀ ਦੀ ਨਾਕਾਮੀ ਨਹੀਂ ਸਗੋਂ ਸ਼ਾਸਨ ਅਤੇ ਆਰਥਿਕ ਡਿਜ਼ਾਈਨ ਦੀ ਨਾਕਾਮੀ ਹੈ। ਕਈ ਸਾਲਾਂ ਤੋਂ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਹੈਪੀ ਸੀਡਰ ਅਤੇ ਬੇਲਰਾਂ ਜਿਹੀਆਂ ਮਸ਼ੀਨਾਂ ਉੱਪਰ ਸਬਸਿਡੀ ਦਿੱਤੀ ਜਾ ਰਹੀ ਹੈ ਪਰ ਅਜੇ ਤੱਕ ਅਜਿਹਾ ਕੋਈ ਪ੍ਰਬੰਧ ਨਹੀਂ ਬਣ ਸਕਿਆ ਕਿ ਇਕੱਤਰ ਕੀਤੀ ਪਰਾਲੀ ਨੂੰ ਕਿਵੇਂ ਸੰਭਾਲਿਆ ਜਾਵੇ ਅਤੇ ਕਿੱਥੇ ਵਰਤਿਆ ਜਾਵੇ। ਬਿਜਲੀ ਹੋਵੇ ਜਾਂ ਬਾਇਓ ਸੀ ਐੱਨ ਜੀ ਜਾਂ ਸਨਅਤੀ ਵਰਤੋਂ ਦੀਆਂ ਬਾਇਓਮਾਸ ਦੀਆਂ ਹੰਢਣਸਾਰ ਮੰਡੀਆਂ ਤੋਂ ਬਿਨਾਂ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਦੇ ਇਸ ਮਹਿੰਗੇ ਪ੍ਰਬੰਧਨ ਵਿੱਚ ਨਿਵੇਸ਼ ਕਰਨ ਲਈ ਪ੍ਰੇਰਨ ਦੀ ਕੋਈ ਤੁਕ ਨਹੀਂ ਬਣਦੀ।
ਹਾਲਾਤ ਦੀ ਮੰਗ ਹੈ ਕਿ ਰਾਹ ਤਬਦੀਲ ਕੀਤਾ ਜਾਵੇ: ਤਰਕਸੰਗਤ ਦਰਾਂ, ਨਿਸ਼ਚਤ ਸਮੇਂ ’ਤੇ ਅਦਾਇਗੀਆਂ ਅਤੇ ਪਰਾਲੀ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣ ਲਈ ਰਾਜਕੀ ਸਹਾਇਤਾ ਵਾਲਾ ਤਾਣਾ-ਬਾਣਾ ਵਿਕਸਤ ਕੀਤਾ ਜਾਵੇ। ਇਨ੍ਹਾਂ ਤੋਂ ਬਗ਼ੈਰ ਹਰ ਵਾਰ ਕਿਸੇ ਪਲਾਂਟ ਦੇ ਬੰਦ ਹੋਣ ਨਾਲ ਪੰਜਾਬ ਅਤੇ ਇਸ ਦੇ ਨਾਲ ਲਗਦੇ ਹੋਰ ਸੂਬਿਆਂ ਨੂੰ ਸਰਦੀਆਂ ਦੇ ਸ਼ੁਰੂਆਤੀ ਮਹੀਨੇ ਵਿੱਚ ਧੁਆਂਖੇ ਦਿਨਾਂ ਵਿੱਚ ਸਾਹ ਲੈਣਾ ਪਵੇਗਾ ਜਿੱਥੇ ਨੀਤੀ ਦੇ ਵਾਅਦੇ ਅਕਸਰ ਧੂੰਏ ਵਿੱਚ ਉਡਾ ਦਿੱਤੇ ਜਾਂਦੇ ਹਨ। ਫ਼ਸਲੀ ਰਹਿੰਦ-ਖੂੰਹਦ ਨੂੰ ਵਾਤਾਵਰਨ ਲਈ ਝਮੇਲਾ ਸਮਝਣ ਦੀ ਬਜਾਏ ਇਸ ਨੂੰ ਨਵਿਆਉਣਯੋਗ ਸਰੋਤ ਗਿਣਿਆ ਜਾਵੇ ਜਿਸ ਨਾਲ ਦਿਹਾਤੀ ਅਰਥਚਾਰੇ ਦੇ ਚੱਕਰ ਨੂੰ ਤੇਜ਼ ਕੀਤਾ ਜਾ ਸਕਦਾ ਹੈ।