DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਹਾਰ ਦੀ ਕਾਨੂੰਨ ਵਿਵਸਥਾ

ਪਿਛਲੇ ਕੁਝ ਹਫ਼ਤਿਆਂ ਦੌਰਾਨ ਚੋਣ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ-Special Intensive Revision) ’ਤੇ ਚੱਲ ਰਹੀ ਸਿਆਸੀ ਅਤੇ ਕਾਨੂੰਨੀ ਖਿੱਚੋਤਾਣ ਨੇ ਬਿਹਾਰ ਨੂੰ ਘੇਰਦੇ ਭਖਵੇਂ ਮੁੱਦੇ, ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਤੋਂ ਧਿਆਨ ਲਗਭਗ ਭਟਕਾ ਦਿੱਤਾ ਸੀ। ਹੁਣ ਜਾਪਦਾ ਹੈ...
  • fb
  • twitter
  • whatsapp
  • whatsapp
Advertisement

ਪਿਛਲੇ ਕੁਝ ਹਫ਼ਤਿਆਂ ਦੌਰਾਨ ਚੋਣ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ-Special Intensive Revision) ’ਤੇ ਚੱਲ ਰਹੀ ਸਿਆਸੀ ਅਤੇ ਕਾਨੂੰਨੀ ਖਿੱਚੋਤਾਣ ਨੇ ਬਿਹਾਰ ਨੂੰ ਘੇਰਦੇ ਭਖਵੇਂ ਮੁੱਦੇ, ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਤੋਂ ਧਿਆਨ ਲਗਭਗ ਭਟਕਾ ਦਿੱਤਾ ਸੀ। ਹੁਣ ਜਾਪਦਾ ਹੈ ਕਿ ਇਸ ਬਾਰੇ ਤੱਥ ਲਗਾਤਾਰ ਬਾਹਰ ਆਉਣੇ ਸ਼ੁਰੂ ਹੋ ਗਏ ਹਨ। ਇੱਕ ਔਰਤ ਨਾਲ ਕਥਿਤ ਤੌਰ ’ਤੇ ਦੋ ਵਿਅਕਤੀਆਂ ਵੱਲੋਂ ਐਂਬੂਲੈਂਸ ਵਿੱਚ ਜਬਰ-ਜਨਾਹ ਕੀਤਾ ਗਿਆ, ਜਿਹੜੀ ਉਸ ਨੂੰ ਸਰਕਾਰੀ ਭਰਤੀ ਪ੍ਰੀਖਿਆ ਦੌਰਾਨ ਬੇਹੋਸ਼ ਹੋਣ ਤੋਂ ਬਾਅਦ ਹਸਪਤਾਲ ਲੈ ਕੇ ਜਾ ਰਹੀ ਸੀ। ਵਾਹਨ ਵਿੱਚ ਮਹਿਲਾ ਸਹਾਇਕ ਦੀ ਗ਼ੈਰ-ਹਾਜ਼ਰੀ ਨੇ ਸਰਕਾਰੀ ਐਮਰਜੈਂਸੀ ਸਿਹਤ ਸੇਵਾਵਾਂ ਦੀ ਮਾੜੀ ਤਸਵੀਰ ਪੇਸ਼ ਕੀਤੀ ਹੈ। ਗਯਾਜੀ (ਗਯਾ ਦਾ ਨਵਾਂ ਨਾਮ) ਵਿੱਚ ਵਾਪਰੀ ਹੈਰਾਨ ਕਰਨ ਵਾਲੀ ਇਸ ਘਟਨਾ ਨੇ ਵਿਧਾਨ ਸਭਾ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਸੱਤਾਧਾਰੀ ਐੱਨਡੀਏ ਅੰਦਰਲੀਆਂ ਦਰਾੜਾਂ ਐਨ ਪ੍ਰਗਟ ਕਰ ਦਿੱਤੀਆਂ ਹਨ। ਕੇਂਦਰੀ ਮੰਤਰੀ ਚਿਰਾਗ਼ ਪਾਸਵਾਨ ਨੇ ਸਥਿਤੀ ਨੂੰ ‘ਡਰਾਉਣਾ’ ਦੱਸਿਆ ਹੈ; ਇਸ ਦੇ ਨਾਲ ਹੀ ਉਨ੍ਹਾਂ ਅਜਿਹੀ ਸਰਕਾਰ ਦਾ ਸਮਰਥਨ ਕਰਨ ’ਤੇ ਅਫ਼ਸੋਸ ਪ੍ਰਗਟਾਇਆ ਜੋ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ ਵਿੱਚ ਅਸਮਰੱਥ ਹੈ।

ਨਿਤੀਸ਼ ਕੁਮਾਰ ਸਰਕਾਰ ਲੜੀਵਾਰ ਘਿਨਾਉਣੇ ਅਪਰਾਧਾਂ ਕਾਰਨ ਨਿਸ਼ਾਨੇ ’ਤੇ ਹੈ। ਬੀਤੀ 17 ਜੁਲਾਈ ਨੂੰ ਹੱਤਿਆ ਦਾ ਦੋਸ਼ੀ ਗੈਂਗਸਟਰ ਚੰਦਨ ਮਿਸ਼ਰਾ, ਜੋ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਸੀ, ਨੂੰ ਪਟਨਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਪਿਛਲੇ ਮਹੀਨੇ 11 ਸਾਲਾ ਜਬਰ-ਜਨਾਹ ਪੀੜਤਾ ਦੀ ਪਟਨਾ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਸੱਟਾਂ ਕਾਰਨ ਮੌਤ ਹੋ ਗਈ ਸੀ; ਦਲਿਤ ਲੜਕੀ ਮੁਜ਼ੱਫਰਪੁਰ ਵਿੱਚ ਚਾਕੂ ਦੇ 20 ਜ਼ਖ਼ਮਾਂ ਨਾਲ ਟੋਏ ਵਿੱਚੋਂ ਮਿਲੀ ਸੀ। ਅਜਿਹੀਆਂ ਘਟਨਾਵਾਂ ਨਾਲ ਹੁਣ ਸਰਕਾਰੀ ਸਿਹਤ ਸੇਵਾਵਾਂ ਵੀ ਸ਼ੱਕ ਦੇ ਘੇਰੇ ਵਿੱਚ ਆ ਗਈਆਂ ਹਨ। ਲੜਕੀ ਦੇ ਪਰਿਵਾਰ ਅਤੇ ਵਿਰੋਧੀ ਪਾਰਟੀਆਂ ਨੇ ਇਲਾਜ ਵਿੱਚ ਦੇਰੀ ਕਾਰਨ ਉਸ ਦੀ ਮੌਤ ਹੋਣ ਦਾ ਦੋਸ਼ ਲਾਇਆ ਹੈ।

Advertisement

ਵਰਤਮਾਨ ਗੜਬੜੀ ਲਾਲੂ ਪ੍ਰਸਾਦ ਯਾਦਵ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਨਜ਼ਰ ਆਏ ‘ਜੰਗਲ ਰਾਜ’ ਦੀ ਯਾਦ ਦਿਵਾਉਂਦੀ ਹੈ। ਕਾਨੂੰਨ ਦੀ ਉਲੰਘਣਾ ਫਿਰ ਤੋਂ ਆਮ ਹੋ ਗਈ ਹੈ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਇਸ ਗੜਬੜ ਨੂੰ ਰੋਕਣ ’ਚ ਬੇਵੱਸ ਜਾਪ ਰਹੇ ਹਨ। ਉਨ੍ਹਾਂ ਦੀ ਮਾੜੀ ਸ਼ਾਸਨ ਪ੍ਰਣਾਲੀ ਨੇ ਭਾਰਤੀ ਜਨਤਾ ਪਾਰਟੀ ਨੂੰ ਸ਼ਰਮਸਾਰ ਕਰ ਦਿੱਤਾ ਹੈ ਕਿਉਂਕਿ ‘ਡਬਲ ਇੰਜਣ’ ਵਾਲੀ ਸਰਕਾਰ ਨੂੰ ਚੁਫ਼ੇਰਿਓਂ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਨੂੰਨ ਵਿਵਸਥਾ (ਜਿੰਨੀ ਕੁ ਵੀ ਬਚੀ ਹੈ) ਇੱਕ ਵਾਰ ਫਿਰ ਤੋਂ ਚੋਣ ਮੁੱਦਾ ਬਣ ਰਹੀ ਹੈ, ਭਾਵੇਂ ਚੋਣਾਂ ਤੋਂ ਪਹਿਲਾਂ ਸਿਆਸੀ ਪੁਨਰ ਲਾਮਬੰਦੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਬਦਕਿਸਮਤੀ ਨਾਲ ਇੱਕ ਤੋਂ ਬਾਅਦ ਇੱਕ ਬਣੀਆਂ ਰਾਜ ਸਰਕਾਰਾਂ ਅਪਰਾਧ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀਆਂ ਹਨ। ਵੱਡੀ ਅਤੇ ਪੁਰਾਣੀ ਸਮੱਸਿਆ ਰਾਜਨੀਤੀ ਦਾ ਬੇਸ਼ਰਮੀ ਨਾਲ ਕੀਤਾ ਅਪਰਾਧੀਕਰਨ ਹੈ, ਜਿਸ ਕਾਰਨ ਬਿਹਾਰ ਦੇ ਵਸਨੀਕਾਂ ਨੂੰ ਹਮੇਸ਼ਾ ਦੁੱਖ ਝੱਲਣਾ ਪਿਆ ਹੈ, ਭਾਵੇਂ ਕੋਈ ਵੀ ਪਾਰਟੀ ਜਾਂ ਗਠਜੋੜ ਸੱਤਾ ਵਿੱਚ ਰਿਹਾ ਹੋਵੇ। ਇਸ ਨੇ ਸਿਆਸੀ ਪਾਰਟੀਆਂ ਦੀ ਪਹੁੰਚ ’ਤੇ ਵੱਡਾ ਸਵਾਲੀਆ ਨਿਸ਼ਾਨ ਲਾਇਆ ਹੈ। ਇਸ ਲਈ ਹੁਣ ਸਾਰੀਆਂ ਸਿਆਸੀ ਧਿਰਾਂ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।

Advertisement
×