... ਤੇ ਅਸੀਂ ਸਾਢੂ ਬਣ ਗਏ
ਲਓ ਜੀ, ਆਲ ਓਪਨ ਦਾ ਕਬੱਡੀ ਦਾ ਫਾਈਨਲ ਮੈਚ ਵੀ ਸਮਾਪਤ ਤੇ ਆਲ ਓਪਨ ਦਾ ਜੇਤੂ ਰਿਹਾ ਕਬੱਡੀ ਕਲੱਬ ਦਿੜ੍ਹਬਾ। ਜੇਤੂ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ! ਦੂਜੇ ਨੰਬਰ ’ਤੇ ਰਹਿਣ ਵਾਲੀ ਟੀਮ ਦਸਮੇਸ਼ ਯੂਥ ਕਲੱਬ ਈਲਵਾਲ-ਗੱਗੜਪੁਰ ਨੇ ਵੀ ਬਹੁਤ ਸ਼ਾਨਦਾਰ...
ਲਓ ਜੀ, ਆਲ ਓਪਨ ਦਾ ਕਬੱਡੀ ਦਾ ਫਾਈਨਲ ਮੈਚ ਵੀ ਸਮਾਪਤ ਤੇ ਆਲ ਓਪਨ ਦਾ ਜੇਤੂ ਰਿਹਾ ਕਬੱਡੀ ਕਲੱਬ ਦਿੜ੍ਹਬਾ। ਜੇਤੂ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ! ਦੂਜੇ ਨੰਬਰ ’ਤੇ ਰਹਿਣ ਵਾਲੀ ਟੀਮ ਦਸਮੇਸ਼ ਯੂਥ ਕਲੱਬ ਈਲਵਾਲ-ਗੱਗੜਪੁਰ ਨੇ ਵੀ ਬਹੁਤ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ।’’ ਦਸਮੇਸ਼ ਯੂਥ ਕਲੱਬ ਈਲਵਾਲ-ਗੱਗੜਪੁਰ ਵੱਲੋਂ ਕਰਵਾਏ ਕਬੱਡੀ ਟੂਰਨਾਮੈਂਟ ਮੌਕੇ ਮੈਂ ਕੁਮੈਂਟਰੀ ਕਰਦਿਆਂ ਕਿਹਾ।
ਗੱਲ ਤਕਰੀਬਨ 25 ਸਾਲ ਪੁਰਾਣੀ ਹੈ। ਮੇਰੇ ਪਿੰਡ ਈਲਵਾਲ ਤੇ ਗੁਆਂਢੀ ਪਿੰਡ ਗੱਗੜਪੁਰ ਦੇ ਨੌਜਵਾਨਾਂ ਵੱਲੋਂ ਬਣਾਏ ਸਾਂਝੇ ਖੇਡ ਕਲੱਬ ਨੇ ਕਬੱਡੀ ਟੂਰਨਾਮੈਂਟ ਕਰਵਾਇਆ ਸੀ।
ਟੂਰਨਾਮੈਂਟ ਵਿੱਚ ਦੂਰੋਂ-ਨੇੜਿਓਂ ਵੱਡੀ ਪੱਧਰ ’ਤੇ ਟੀਮਾਂ ਨੇ ਭਾਗ ਲਿਆ। ਦਰਸ਼ਕਾਂ ਦਾ ਇਕੱਠ ਵੀ ਬੇਤਹਾਸ਼ਾ ਸੀ। ਇਲਾਕੇ ਵਿੱਚ ਬਤੌਰ ਕਬੱਡੀ ਕੁਮੈਂਟੇਟਰ ਉਸ ਸਮੇਂ ਮੇਰੀ ਵੀ ਪੂਰੀ ਚੜ੍ਹਤ ਸੀ। ਕੁਮੈਂਟਰੀ ਕਰਨ ਦੇ ਨਾਲ ਨਾਲ ਕਲੱਬ ਦਾ ਜਨਰਲ ਸਕੱਤਰ ਹੋਣ ਕਾਰਨ ਮੇਰੇ ਉੱਪਰ ਜ਼ਿੰਮੇਵਾਰੀ ਵੀ ਕਾਫ਼ੀ ਸੀ।
ਸੂਰਜ ਢਲ ਰਿਹਾ ਸੀ ਤੇ ਮੂੰਹ ਹਨੇਰਾ ਹੋ ਚੱਲਿਆ ਸੀ। ਉਨ੍ਹਾਂ ਸਮਿਆਂ ਵਿੱਚ ਟੂਰਨਾਮੈਂਟ ਦੀ ਸਮਾਪਤੀ ਤੋਂ ਬਾਅਦ ਕਿਸੇ ਗਾਇਕ ਦਾ ਅਖਾੜਾ ਆਮ ਹੀ ਲੱਗਦਾ ਸੀ। ਉਸ ਸਮੇਂ ਦੀ ਮਸ਼ਹੂਰ ਗਾਇਕ ਜੋੜੀ ਸੁਚੇਤ ਬਾਲਾ ਤੇ ਫਕੀਰ ਚੰਦ ਪਤੰਗਾ ਨੇ ਪ੍ਰੋਗਰਾਮ ਪੇਸ਼ ਕਰਨਾ ਸੀ। ਦਰਸ਼ਕ ਉਤਾਵਲੇ ਹੋ ਲਲਕਾਰੇ ਮਾਰ ਮਾਰ ਕਹਿ ਰਹੇ ਸਨ ਕਿ ਮੈਚ ਤਾਂ ਖ਼ਤਮ ਹੋ ਗਏ, ਛੇਤੀ ਗਾਉਣ ਵਜਾਉਣ ਸ਼ੁਰੂ ਕਰੋ।
ਸਾਡੇ ਪ੍ਰਬੰਧਕਾਂ ਲਈ ਬਹੁਤ ਕਸੂਤੀ ਸਥਿਤੀ ਸੀ। ਅਜੇ ਤਾਂ ਇਨਾਮ ਵੰਡਣੇ ਸਨ, ਮੁੱਖ ਮਹਿਮਾਨ ਨੇ ਭਾਸ਼ਣ ਦੇਣਾ ਸੀ ਅਤੇ ਕਲੱਬ ਨੇ ਮੰਗ ਪੱਤਰ ਵੀ ਦੇਣਾ ਸੀ। ਮੈਨੂੰ ਪਤਾ ਸੀ ਕਿ ਇੱਕ ਵਾਰ ਢੋਲਕੀ-ਛੈਣੇ ਵੱਜਣੇ ਸ਼ੁਰੂ ਹੋ ਗਏ ਤਾਂ ਨਾ ਕਿਸੇ ਨੇ ਢੰਗ ਤਰੀਕੇ ਇਨਾਮ ਹੀ ਵੰਡਣ ਦੇਣੇ ਨੇ ਤੇ ਨਾ ਹੀ ਮੁੱਖ ਮਹਿਮਾਨ ਦਾ ਭਾਸ਼ਣ ਸੁਣਨਾ ਹੈ। ਮੈਂ ਸਮਝਦਾ ਸੀ ਕਿ ਇੰਨਾ ਇਕੱਠ ਹੋਵੇ ਤੇ ਕਿਸੇ ਵੀ ਲੀਡਰ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਨ ਦਾ ਮੌਕਾ ਨਾ ਮਿਲੇ ਤਾਂ ਮੁੱਖ ਮਹਿਮਾਨ ਨੂੰ ਅਫਰੇਵਾਂ ਹੋ ਜਾਊ ਤੇ ਇਸ ਅਫਰੇਵੇਂ ਦੀ ਗਾਜ ਪ੍ਰਬੰਧਕਾਂ ’ਤੇ ਹੀ ਡਿੱਗੇਗੀ।
ਖ਼ੈਰ, ਮੈਂ ਸਟੇਜ ਤੋਂ ਐਲਾਨ ਕੀਤਾ, ‘‘ਦਰਸ਼ਕ ਵੀਰੋ, ਸਿਰਫ਼ ਦਸ ਮਿੰਟ ਦਾ ਸਮਾਂ ਸਾਨੂੰ ਹੋਰ ਦਿਓ। ਜੇਤੂ ਟੀਮਾਂ ਨੂੰ ਇਨਾਮ ਵੰਡਣ ਤੇ ਮੁੱਖ ਮਹਿਮਾਨ ਸਾਹਿਬ ਦੇ ਵਿਚਾਰ ਸੁਣਨ ਤੋਂ ਬਾਅਦ ਤੁਸੀ ਬੇਸ਼ੱਕ ਅੱਧੀ ਰਾਤ ਤੱਕ ਗਾਉਣ ਵਜਾਉਣ ਸੁਣੀ ਜਾਇਓ।’’
ਨਾਲ ਹੀ ਮੈਂ ਐਲਾਨ ਕਰ ਦਿੱਤਾ, ‘‘ਹੁਣ ਮੈਂ ਬੇਨਤੀ ਕਰਦਾ ਹਾਂ ਮੇਰੇ ਸਾਢੂ ਸਾਹਿਬ ਸ੍ਰੀ ਪ੍ਰਕਾਸ਼ ਚੰਦ ਗਰਗ ਜੀ ਨੂੰ ਕਿ ਉਹ ਸੰਗਤਾਂ ਦੇ ਰੂ-ਬ-ਰੂ ਹੋ ਕੇ ਅਪਣੇ ਵਿਚਾਰ ਸਾਂਝੇ ਕਰਨ।’’
ਅਸਲ ਵਿੱਚ ਬਤੌਰ ਮੁੱਖ ਮਹਿਮਾਨ ਉਸ ਸਮੇਂ ਦੇ ਸੰਸਦ ਮੈਂਬਰ ਸ੍ਰੀ ਸੁਖਦੇਵ ਸਿੰਘ ਢੀਂਡਸਾ ਨੇ ਆਉਣਾ ਸੀ ਪਰ ਆਪਣੀ ਕਿਸੇ ਮਸਰੂਫ਼ੀਅਤ ਕਾਰਨ ਉਨ੍ਹਾਂ ਨੇ ਆਪਣੀ ਜਗ੍ਹਾ ਆਪਣੇ ਕਰੀਬੀ ਸਾਥੀ ਅਤੇ ਸੀਨੀਅਰ ਅਕਾਲੀ ਆਗੂ ਸ੍ਰੀ ਪ੍ਰਕਾਸ਼ ਗਰਗ ਨੂੰ ਮੁੱਖ ਮਹਿਮਾਨ ਵਜੋਂ ਭੇਜ ਦਿੱਤਾ ਸੀ।
ਗਰਗ ਹੋਰਾਂ ਨੇ ਆਪਣੀ ਸੀਟ ’ਤੇ ਬੈਠੇ ਬੈਠੇ ਹੀ ਸਵਾਲੀਆ ਨਜ਼ਰਾਂ ਨਾਲ ਮੇਰੇ ਵੱਲ ਤੱਕਿਆ, ਜਿਵੇਂ ਕਹਿ ਰਹੇ ਹੋਣ ‘‘ਕਿਹੜਾ ਸਾਢੂ, ਕੀਹਦਾ ਸਾਢੂ?’
ਇਸ ਤੋਂ ਪਹਿਲਾਂ ਕਿ ਗਰਗ ਹੋਰੀਂ ਮਾਈਕ ਫੜਦੇ, ਮੈਂ ਸਪੱਸ਼ਟ ਕਰਦਿਆਂ ਕਹਿ ਹੀ ਦਿੱਤਾ, ‘‘ਗਰਗ ਸਾਹਿਬ, ਤੁਹਾਡਾ ਸਵਾਲੀਆ ਨਜ਼ਰਾਂ ਨਾਲ ਦੇਖਣਾ ਵਾਜਬ ਹੈ ਕਿਉਂਕਿ ਆਪਣੀਆਂ ਘਰਵਾਲੀਆਂ ਦਾ ਸਕੀਆਂ ਭੈਣਾਂ ਹੋਣਾ ਤਾਂ ਦੂਰ ਦੀ ਗੱਲ ਐ, ਚਚੇਰੀਆਂ/ ਮਮੇਰੀਆਂ ਭੈਣਾਂ ਵੀ ਨਹੀਂ ਹਨ। ਆਪਾਂ ਤਾਂ ਦੋ ਗੱਲਾਂ ਕਰਕੇ ਸਾਢੂ ਹਾਂ, ਇੱਕ ਤਾਂ ਅਪਣਾ ਰੰਗ ਇੱਕੋ ਜਿਹਾ ਹੈ ਅਤੇ ਦੂਸਰਾ ਇਸ ਕਰਕੇ ਕਿ ਲੋਕ ਗਾਇਕ ਸ਼ਿੰਗਾਰਾ ਚਹਿਲ ਇਹ ਕਹਿੰਦੇ ਨੇ ਕਿ ਪੰਜਾਬ ਵਿੱਚ ਮੈਂ ਬਾਣੀਆਂ ਪਰਿਵਾਰ ’ਚੋਂ ਸਿਰਫ਼ ਦੋ ਵਿਅਕਤੀ ਦੇਖੇ ਨੇ ਜੋ ਅਸਲੀ ਠੇਠ ਤੇ ਪੇਂਡੂ ਪੰਜਾਬੀ ਬੋਲਦੇ ਨੇ, ਇੱਕ ਪ੍ਰਕਾਸ਼ ਚੰਦ ਗਰਗ ਤੇ ਦੂਜਾ ਪਾਲੀ ਰਾਮ ਬਾਂਸਲ। ਇਸ ਲਈ ਆਪਾਂ ਇਨ੍ਹਾਂ ਦੋ ਕਾਰਨਾਂ ਕਰਕੇ ਸਾਢੂ ਹੀ ਹਾਂ ਜੀ।’’
ਮੈਂ ਇੰਨੀ ਗੱਲ ਕਹਿ ਕੇ ਮਾਈਕ ਗਰਗ ਹੋਰਾਂ ਨੂੰ ਫੜਾ ਦਿੱਤਾ। ਸਾਢੂ ਦੀ ਨਵੀਂ ਪਰਿਭਾਸ਼ਾ ਸੁਣ ਕੇ ਦਰਸ਼ਕਾਂ ’ਚ ਵੀ ਜ਼ੋਰਦਾਰ ਹਾਸੜ ਪੈ ਗਿਆ। ਇਨਾਮ ਵੰਡੇ ਗਏ ਤੇ ਗਰਗ ਹੋਰਾਂ ਨੇ ਆਪਣਾ ਭਾਸ਼ਣ ਵੀ ਪੂਰਾ ਕਰ ਲਿਆ ਤੇ ਕੁਝ ਸਮੇਂ ਬਾਅਦ ਗਾਉਣ ਵਜਾਉਣ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ।
ਮੇਰੇ ਵੱਲੋਂ ਸਾਢੂ ਦੀ ਇਸ ਨਵੀਂ ਪਰਿਭਾਸ਼ਾ ਸਬੰਧੀ ਕਈ ਦਿਨ ਮਿੱਤਰ- ਦੋਸਤ ਚਰਚਾ ਤਾਂ ਕਰਦੇ ਹੀ ਰਹੇ ਪਰ ਨਾਲ ਹੀ ਮੈਨੂੰ ਤੇ ਗਰਗ ਹੋਰਾਂ ਨੂੰ ਪੱਕੇ ਤੌਰ ’ਤੇ ਸਾਢੂ ਬਣਾ ਦਿੱਤਾ। ਅੱਜ ਵੀ ਇਲਾਕੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕਿਸ ਕਿਸਮ ਦੇ ‘ਸਾਢੂ’ ਹਾਂ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਸਾਡਾ ਇਹ ਰਿਸ਼ਤਾ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸਕੇ ਸਾਢੂਆਂ ਦੇ ਰਿਸ਼ਤੇ ਜਿੰਨਾ ਹੀ ਪਿਆਰਾ ਤੇ ਮਜ਼ਬੂਤ ਹੈ।
ਸੰਪਰਕ: 81465-80919

