DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕਾ ਦੀ ਅਜ਼ਮਾਇਸ਼

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿੱਚਰਵਾਰ ਨੂੰ ਉਸ ਵੇਲੇ ਸਮੁੱਚੇ ਵਿਸ਼ਵ ਨੂੰ ਹੈਰਾਨ ਕਰ ਦਿੱਤਾ ਜਦੋਂ ਉਸ ਨੇ ਸੋਸ਼ਲ ਮੀਡੀਆ ’ਤੇ ਇਹ ਐਲਾਨ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਫੌਰੀ ਮੁਕੰਮਲ ਗੋਲੀਬੰਦੀ ਕਰਨ ਲਈ ਸਹਿਮਤ ਹੋ ਗਏ ਹਨ। ਜਿਸ ਵੇਲੇ ਇਹ...
  • fb
  • twitter
  • whatsapp
  • whatsapp
Advertisement
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿੱਚਰਵਾਰ ਨੂੰ ਉਸ ਵੇਲੇ ਸਮੁੱਚੇ ਵਿਸ਼ਵ ਨੂੰ ਹੈਰਾਨ ਕਰ ਦਿੱਤਾ ਜਦੋਂ ਉਸ ਨੇ ਸੋਸ਼ਲ ਮੀਡੀਆ ’ਤੇ ਇਹ ਐਲਾਨ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਫੌਰੀ ਮੁਕੰਮਲ ਗੋਲੀਬੰਦੀ ਕਰਨ ਲਈ ਸਹਿਮਤ ਹੋ ਗਏ ਹਨ। ਜਿਸ ਵੇਲੇ ਇਹ ਜਾਪ ਰਿਹਾ ਸੀ ਕਿ ਦੋਵੇਂ ਦੇਸ਼ਾਂ ਵਿਚਾਲੇ ਇਹ ਟਕਰਾਅ ਅਜੇ ਲੰਮਾ ਚੱਲੇਗਾ ਤਾਂ ਟਰੰਪ ਨੇ ਅਚਾਨਕ ਜਾਦੂਗਰ ਦੀ ਤਰ੍ਹਾਂ ਆਪਣੀ ਟੋਪੀ ’ਚੋਂ ਖਰਗੋਸ਼ ਕੱਢਣ ਵਾਂਗ ਦੋਹਾਂ ਦੇਸ਼ਾਂ ਵਿਚਾਲੇ ਟਕਰਾਅ ਟਾਲਣ ਲਈ ਖ਼ੁਦ ਹੀ ਆਪਣੀ ਪਿੱਠ ਥਾਪੜੀ ਅਤੇ ਨਾਲ ਹੀ ਦਾਅਵਾ ਕੀਤਾ ਕਿ ਇਹ ਗੋਲੀਬੰਦੀ ਉਸ ਵੱਲੋਂ ਰਾਤ ਭਰ ਕੀਤੀ ਗਈ ਮਿਹਨਤ ਦਾ ਸਿੱਟਾ ਹੈ। ਇਹ ਵੱਖਰੀ ਗੱਲ ਹੈ ਕਿ ਇਸ ‘ਗੋਲੀਬੰਦੀ ਦੀ ਸਹਿਮਤੀ’ ਦੀ ਰੋਜ਼ਾਨਾ ਪਰਖ ਹੋਵੇਗੀ। ਪਰ ਅਮਰੀਕਾ ਨੇ ਆਪਣੇ ਦੇਸ਼ ’ਚ ਜੋ ਸੁਨੇਹਾ ਦੇਣਾ ਸੀ, ਉਹ ਦੇ ਦਿੱਤਾ ਹੈ। ਉਸ ਦੇ ਇਸ ਖਿੱਤੇ ਵਿੱਚ ਵਡੇਰੇ ਹਿੱਤ ਹਨ ਅਤੇ ਪਰਮਾਣੂ ਹਥਿਆਰਾਂ ਨਾਲ ਲੈਸ ਦੋਵਾਂ ਦੇਸ਼ਾਂ ਵਿਚਾਲੇ ਵੱਡਾ ਟਕਰਾਅ ਉਸ ਨੂੰ ਵਾਰਾ ਨਹੀਂ ਖਾਂਦਾ।

ਇਹ ਸਮੁੱਚਾ ਘਟਨਾਕ੍ਰਮ ਸਾਰਿਆਂ ਨੂੰ ਹੈਰਾਨ ਕਰ ਦੇਣ ਵਾਲਾ ਇਸ ਲਈ ਵੀ ਸੀ ਕਿਉਂਕਿ 22 ਅਪਰੈਲ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਪੈਦਾ ਹੋਏ ਸਮੁੱਚੇ ਹਾਲਾਤ ਨੂੰ ਲੈ ਕੇ ਟਰੰਪ ਵੱਲੋਂ ਕੋਈ ਖ਼ਾਸ ਦਿਲਚਸਪੀ ਨਹੀਂ ਸੀ ਦਿਖਾਈ ਗਈ। ਟਰੰਪ ਵੱਲੋਂ ਦੋਵਾਂ ਦੇਸ਼ਾਂ ਵਿਚਾਲੇ ਗੋਲੀਬੰਦੀ ਦੇ ਐਲਾਨ ਤੋਂ ਠੀਕ ਦੋ ਦਿਨ ਪਹਿਲਾਂ ਹੀ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਆਖਿਆ ਸੀ ਕਿ ਅਮਰੀਕਾ ਭਾਰਤ-ਪਾਕਿਸਤਾਨ ਟਕਰਾਅ ਟਾਲਣ ’ਚ ਕੋਈ ਭੂਮਿਕਾ ਨਹੀਂ ਨਿਭਾਏਗਾ ਕਿਉਂਕਿ ਇਸ ਦਾ ਇਸ ਮਸਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸ਼ਾਇਦ ਇਹ ਸਾਊਦੀ ਅਰਬ ਵੱਲੋਂ ਦੋਹਾਂ ਦੇਸ਼ਾਂ ਤੱਕ ਕੀਤੀ ਗਈ ਹਾਂ-ਪੱਖੀ ਪਹੁੰਚ ਜਾਂ ਫਿਰ ਪਰਮਾਣੂ ਜੰਗ ਦੇ ਖ਼ਤਰੇ ਦੀ ਘੰਟੀ ਕਾਰਨ ਟਰੰਪ ਪ੍ਰਸ਼ਾਸਨ ਨੂੰ ਇਸ ਮਾਮਲੇ ’ਚ ਦਖ਼ਲ ਦੇਣਾ ਪਿਆ।

Advertisement

ਅਮਰੀਕਾ ਨੇ ਆਪਣੀ ਵੋਟਿੰਗ ਤਾਕਤ ਦੀ ਵਰਤੋਂ ਕਰ ਕੇ ਪਾਕਿਸਤਾਨ ਨੂੰ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਤੋਂ ਇੱਕ ਅਰਬ ਡਾਲਰ ਦਾ ਕਰਜ਼ਾ ਲੈਣ ’ਚ ਮਦਦ ਕੀਤੀ; ਭਾਰਤ ਨੇ ਇਸ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਪਾਕਿਸਤਾਨ ਵੱਲੋਂ ਇਸ ਧਨ ਦੀ ਵਰਤੋਂ ਸਰਹੱਦ ਪਾਰੋਂ ਭਾਰਤ ’ਚ ਦਹਿਸ਼ਤਗਰਦੀ ਦੀਆਂ ਸਰਗਰਮੀਆਂ ਨੂੰ ਹਵਾ ਦੇਣ ਲਈ ਕੀਤੀ ਜਾਵੇਗੀ। ਪਾਕਿਸਤਾਨ ਨੇ ਐਨ ਮੌਕੇ ’ਤੇ ਮਿਲੀ ਇਸ ਰਾਹਤ ਦੀ ਕੋਈ ਕੀਮਤ ਵੀ ਚੁਕਾਈ ਹੋਵੇਗੀ। ਇਸ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਪਾਕਿਸਤਾਨ ਉੱਤੇ ਆਪਣਾ ਰੁਖ਼ ਬਦਲਣ ਲਈ ਦਬਾਅ ਹੋਵੇਗਾ। ਇਹ ਭਵਿੱਖ ਵਿੱਚ ਜੇ ਕੋਈ ਗੜਬੜ ਕਰਦਾ ਹੈ ਤਾਂ ਭਾਰਤ ਵੱਲੋਂ ਤਾਂ ਜਵਾਬੀ ਕਾਰਵਾਈ ਹੋਵੇਗੀ ਹੀ, ਸਗੋਂ ਅਮਰੀਕਾ ਤੋਂ ਮਿਲ ਰਹੀ ਇਮਦਾਦ ਵੀ ਘਟੇਗੀ। ਟਰੰਪ ਇਹ ਉੱਕਾ ਨਹੀਂ ਚਾਹੁਣਗੇ ਕਿ ਪਾਕਿਸਤਾਨ ਇਸ ਸਮੇਂ ਭਾਰਤ ਅਤੇ ਅਮਰੀਕਾ ਦੇ ਮਜ਼ਬੂਤ ਸਬੰਧਾਂ ਨੂੰ ਜੋਖਿ਼ਮ ਵਿੱਚ ਪਾਵੇ, ਉਹ ਤਾਂ ਸਗੋਂ ਇਹ ਵੀ ਚਾਹੁਣਗੇ ਕਿ ਪਾਕਿਸਤਾਨ, ਚੀਨ ਦੀ ਪਕੜ ਵਿੱਚੋਂ ਵੀ ਬਾਹਰ ਆਵੇ। ਅਮਰੀਕਾ ਲਈ ਇਹ ਸਾਰਾ ਕੁਝ ਤਾਰ ਉੱਤੇ ਤੁਰਨ ਵਾਂਗ ਹੈ। ਹੁਣ ਇਸ ਦੀ ਅਸਲ ਅਜ਼ਮਾਇਸ਼ ਦਾ ਵੇਲਾ ਵੀ ਹੈ।

Advertisement
×