ਏਅਰ ਇੰਡੀਆ ਹਾਦਸੇ ਦੀਆਂ ਪਰਤਾਂ
ਮੁੱਢਲੀ ਜਾਂਚ ਰਿਪੋਰਟ ਨੇ 12 ਜੂਨ ਨੂੰ ਹੋਏ ਏਅਰ ਇੰਡੀਆ ਜਹਾਜ਼ ਹਾਦਸੇ ਦੇ ਕਾਰਨਾਂ ’ਤੇ ਕੁਝ ਰੌਸ਼ਨੀ ਪਾਈ ਹੈ, ਭਾਵੇਂ ਇਸ ਤ੍ਰਾਸਦੀ ਨਾਲ ਜੁੜੇ ਕਈ ‘ਕਿਉਂ’ ਅਤੇ ‘ਕਿਸ ਤਰ੍ਹਾਂ’ ਵਰਗੇ ਸਵਾਲਾਂ ਦਾ ਜਵਾਬ ਮਿਲਣਾ ਅਜੇ ਬਾਕੀ ਹੈ। ਏਅਰਕ੍ਰਾਫਟ ਹਾਦਸਾ ਜਾਂਚ ਬਿਊਰੋ (ਏਏਆਈਬੀ) ਦੁਆਰਾ ਜਾਰੀ ਕੀਤੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜਹਾਜ਼ ਚੜ੍ਹਨ ਤੋਂ ਤੁਰੰਤ ਬਾਅਦ ਇੱਕ ਤੋਂ ਦੂਜੇ ਸਕਿੰਟ ਦੇ ਫ਼ਰਕ ਨਾਲ ਇੰਜਣਾਂ ਨੂੰ ਈਂਧਨ ਦੀ ਸਪਲਾਈ ਕੱਟ ਦਿੱਤੀ ਗਈ ਸੀ। ਕੀ ਇਹ ਪਾਵਰ/ਸਾਫਟਵੇਅਰ ਦੀ ਖ਼ਰਾਬੀ ਜਾਂ ਮਨੁੱਖੀ ਗ਼ਲਤੀ ਕਾਰਨ ਹੋਇਆ? ਇਸ ਸਭ ਤੋਂ ਅਹਿਮ ਸਵਾਲ ਨੇ ਗੰਭੀਰ ਕਿਆਸਰਾਈਆਂ ਨੂੰ ਜਨਮ ਦਿੱਤਾ, ਜਦੋਂਕਿ ਭਾਰਤ ਦੀ ਏਅਰਲਾਈਨਜ਼ ਪਾਇਲਟਸ ਐਸੋਸੀਏਸ਼ਨ ਨੇ ਦੋਸ਼ ਲਾਇਆ ਹੈ ਕਿ ਜਾਂਚ ‘ਪਾਇਲਟ ਦੀ ਗ਼ਲਤੀ’ ਨੂੰ ਮੰਨਦੀ ਹੋਈ ਪ੍ਰਤੀਤ ਹੁੰਦੀ ਹੈ ਤੇ ਢੁੱਕਵੇਂ ਸਮੇਂ ਤੋਂ ਪਹਿਲਾਂ ਹੀ ਸਿੱਟੇ ’ਤੇ ਪਹੁੰਚ ਗਈ ਲੱਗਦੀ ਹੈ।
ਪੰਦਰਾਂ ਪੰਨਿਆਂ ਵਾਲੀ ਰਿਪੋਰਟ ਦੀ ਖ਼ਾਸੀਅਤ ਇਸ ਦੀ ਇਹਤਿਆਤੀ ਸੁਰ ਹੈ। ਜਹਾਜ਼ ਹਾਦਸਿਆਂ ਬਾਰੇ ਜਾਂਚ ਬਿਊਰੋ ਨੇ ਕਿਹਾ ਹੈ ਕਿ ਜਾਂਚ ਦਾ ਇੱਕੋ-ਇੱਕ ਉਦੇਸ਼ ‘ਦੋਸ਼ ਜਾਂ ਜ਼ਿੰਮੇਵਾਰੀ ਨਿਰਧਾਰਤ ਕਰਨਾ ਨਹੀਂ, ਸਗੋਂ ਦੁਰਘਟਨਾਵਾਂ ਤੇ ਘਟਨਾਵਾਂ ਦੀ ਰੋਕਥਾਮ’ ਕਰਨਾ ਹੈ। ਇਸ ਨੇ ਨਾਲ ਹੀ ਇੱਕ ਜੋਖ਼ਿਮ ਵੱਲ ਵੀ ਸੰਕੇਤ ਕੀਤਾ ਹੈ ਕਿ ਇਸ ਦਸਤਾਵੇਜ਼ ਦੀ ਗ਼ਲਤ ਵਿਆਖਿਆ ਕੀਤੀ ਜਾ ਸਕਦੀ ਹੈ। ਬੋਇੰਗ 787 ਜਹਾਜ਼ਾਂ ਜਾਂ ਜੀਈ (ਜਨਰਲ ਇਲੈਕਟ੍ਰਿਕ) ਇੰਜਣਾਂ ਦੇ ਸੰਚਾਲਕਾਂ ਅਤੇ ਨਿਰਮਾਤਾਵਾਂ ਲਈ ਕਿਸੇ ਵੀ ਕਾਰਵਾਈ ਦੀ ਸਿਫ਼ਾਰਸ਼ ਨਹੀਂ ਕੀਤੀ ਗਈ ਹੈ। ਇਹ ਹੈਰਾਨ ਕਰਨ ਵਾਲਾ ਤੱਥ ਹੈ ਕਿਉਂਕਿ ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਯੂਐੱਸਐੱਫਏਏ) ਨੇ 2018 ਵਿੱਚ ਜਾਰੀ ਕੀਤੀ ਇੱਕ ਵਿਸ਼ੇਸ਼ ਉਡਾਣ ਯੋਗਤਾ ਸੂਚਨਾ ਵਿੱਚ ਬੋਇੰਗ ਜਹਾਜ਼ਾਂ ਦੀ ‘ਫਿਊਲ ਕੰਟਰੋਲ ਸਵਿੱਚ ਲੌਕਿੰਗ’ ਵਿਸ਼ੇਸ਼ਤਾ ਦੀ ਸੰਭਾਵੀ ਕਮੀ ਉਜਾਗਰ ਕੀਤੀ ਸੀ। ਏਅਰ ਇੰਡੀਆ ਨੇ ਏਏਆਈਬੀ ਨੂੰ ਦੱਸਿਆ ਹੈ ਕਿ ਸੁਝਾਏ ਗਏ ਨਿਰੀਖਣ ਨਹੀਂ ਕੀਤੇ ਗਏ ਸਨ ਕਿਉਂਕਿ ਦਿੱਤੀ ਗਈ ਸੂਚਨਾ ‘ਸਲਾਹ ਵਜੋਂ ਸੀ ਨਾ ਕਿ ਲਾਜ਼ਮੀ ਤੌਰ ’ਤੇ’, ਹਾਲਾਂਕਿ 2023 ਤੋਂ ਈਂਧਨ ਨੂੰ ਕੰਟਰੋਲ ਕਰਨ ਵਾਲੇ ਸਵਿੱਚ ਨਾਲ ਸਬੰਧਿਤ ਕੋਈ ਨੁਕਸ ਸਾਹਮਣੇ ਨਹੀਂ ਆਇਆ ਸੀ। ਕੇਸ ਦੇ ਇਸ ਪਹਿਲੂ ਨੂੰ ਗੈਰ-ਸੰਜੀਦਗੀ ਨਾਲ ਨਹੀਂ ਲਿਆ ਜਾ ਸਕਦਾ; ਇਸ ਦੀ ਸੰਪੂਰਨ ਜਾਂਚ ਕਰਨ ਦੀ ਲੋੜ ਹੈ। ਉਮੀਦ ਹੈ ਕਿ ਚੱਲ ਰਹੀ ਜਾਂਚ ਇਸ ਮਾਮਲੇ ਨਾਲ ਸਾਵਧਾਨੀ ਨਾਲ ਨਜਿੱਠੇਗੀ, ਜਿਸ ਦਾ ਫਲਾਈਟ ਏਆਈ171 ਵਿੱਚ ਜੋ ਵੀ ਗ਼ਲਤ ਹੋਇਆ, ਉਸ ’ਤੇ ਅਸਰ ਪਿਆ ਹੋ ਸਕਦਾ ਹੈ।
ਮੁੱਢਲੀ ਰਿਪੋਰਟ ਦਾ ਜਾਰੀ ਹੋਣਾ ਪਾਰਦਰਸ਼ਤਾ ਤੇ ਸਪੱਸ਼ਟਤਾ ਦੇ ਹਿੱਤ ’ਚ ਸਵਾਗਤਯੋਗ ਕਦਮ ਹੈ। ਜਾਂਚ ਕਰਤਾਵਾਂ ਲਈ ਸੁਝਾਵਾਂ ਨੂੰ ਸਹੀ ਢੰਗ ਨਾਲ ਵਿਚਾਰਨਾ ਬਹੁਤ ਜ਼ਰੂਰੀ ਹੈ। ਭਵਿੱਖੀ ਹਾਦਸੇ ਰੋਕਣ ਲਈ ਹਰੇਕ ਪਹਿਲੂ ’ਤੇ ਬਾਰੀਕੀ ਨਾਲ ਕੰਮ ਕਰਨਾ ਮਹੱਤਵਪੂਰਨ ਹੈ। ਇਸ ਹਾਦਸੇ ਨੇ ਲੋਕਾਂ ਦੀ ਭਰੋਸੇਯੋਗਤਾ ਨੂੰ ਵੀ ਗਹਿਰੀ ਸੱਟ ਮਾਰੀ ਹੈ। ਜਾਂਚ ਵਿਚ ਸ਼ੱਕ ਤੇ ਅੰਦੇਸ਼ਿਆਂ ਲਈ ਕੋਈ ਗੁੰਜਾਇਸ਼ ਨਹੀਂ ਛੱਡੀ ਜਾਣੀ ਚਾਹੀਦੀ।