DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਂਝੇ ਯਤਨ ਲਾਜ਼ਮੀ

ਅਮਰੀਕਾ ਦਾ ‘ਹਵਾਈ’ (Hawaii) ਨਾਂ ਦਾ ਸੂਬਾ ਇਸੇ ਨਾਂ ਦੇ ਟਾਪੂ ਤੇ ਕੁਝ ਹੋਰ ਟਾਪੂਆਂ ਦਾ ਸਮੂਹ ਹੈ। ਇਹ ਟਾਪੂ ਅਮਰੀਕਾ ਦੇ ਪੱਛਮੀ ਕਿਨਾਰੇ ਤੋਂ 3200 ਕਿਲੋਮੀਟਰ ਦੂਰ ਪ੍ਰਸ਼ਾਂਤ ਮਹਾਸਾਗਰ (Pacific Ocean) ਵਿਚ ਸਥਿਤ ਹਨ। ਅਗਸਤ ਦੇ ਸ਼ੁਰੂ ਵਿਚ ਇਨ੍ਹਾਂ...
  • fb
  • twitter
  • whatsapp
  • whatsapp
Advertisement

ਅਮਰੀਕਾ ਦਾ ‘ਹਵਾਈ’ (Hawaii) ਨਾਂ ਦਾ ਸੂਬਾ ਇਸੇ ਨਾਂ ਦੇ ਟਾਪੂ ਤੇ ਕੁਝ ਹੋਰ ਟਾਪੂਆਂ ਦਾ ਸਮੂਹ ਹੈ। ਇਹ ਟਾਪੂ ਅਮਰੀਕਾ ਦੇ ਪੱਛਮੀ ਕਿਨਾਰੇ ਤੋਂ 3200 ਕਿਲੋਮੀਟਰ ਦੂਰ ਪ੍ਰਸ਼ਾਂਤ ਮਹਾਸਾਗਰ (Pacific Ocean) ਵਿਚ ਸਥਿਤ ਹਨ। ਅਗਸਤ ਦੇ ਸ਼ੁਰੂ ਵਿਚ ਇਨ੍ਹਾਂ ਟਾਪੂਆਂ ਦੇ ਜੰਗਲਾਂ ਵਿਚ ਅੱਗਾਂ ਲੱਗਣੀਆਂ ਸ਼ੁਰੂ ਹੋਈਆਂ ਜਿਨ੍ਹਾਂ ਕਾਰਨ ਭਿਆਨਕ ਜਾਨੀ ਮਾਲੀ ਨੁਕਸਾਨ ਹੋਇਆ ਹੈ। ਲਹੇਨਾ (Lahaina) ਕਸਬੇ ਵਿਚ ਲੱਗੀ ਅੱਗ ਸਭ ਤੋਂ ਭਿਅੰਕਰ ਸੀ ਜਿਸ ਵਿਚ 90 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖ਼ਮੀ ਹੋਏ ਹਨ। ਸੂਬੇ ਦੇ ਗਵਰਨਰ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਵਧ ਵੀ ਸਕਦੀ ਹੈ। ਅਮਰੀਕੀ ਸਰਕਾਰ ਨੇ ਇਸ ਨੂੰ ਕੌਮੀ ਪੱਧਰ ਦੀ ਆਫ਼ਤ ਕਰਾਰ ਦਿੱਤਾ ਹੈ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਨਵੰਬਰ 2018 ਦੀਆਂ ਅੱਗਾਂ ਵਿਚ 85 ਲੋਕ ਮਾਰੇ ਗਏ ਸਨ ਅਤੇ ਪੈਰਾਡਾਈਜ਼ ਕਸਬਾ ਤਬਾਹ ਹੋ ਗਿਆ ਸੀ। ਹਵਾਈ ਪਹਿਲਾਂ ਵੀ ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੁੰਦਾ ਰਿਹਾ ਅਤੇ 1960 ਵਿਚ ਆਈ ਸੁਨਾਮੀ ਕਾਰਨ 61 ਲੋਕ ਮਾਰੇ ਗਏ ਸਨ। ਕੈਨੇਡਾ ਦੇ ਕਈ ਸੂਬੇ ਮਾਰਚ 2023 ਤੋਂ ਜੰਗਲੀ ਅੱਗ ਤੋਂ ਪ੍ਰਭਾਵਿਤ ਹੋਏ ਹਨ।

ਮਾਹਿਰ ਇਨ੍ਹਾਂ ਅੱਗਾਂ ਦੀ ਕਈ ਤਰ੍ਹਾਂ ਨਾਲ ਵਿਆਖਿਆ ਕਰਦੇ ਹਨ। ਪਹਿਲਾ ਕਾਰਨ ਭੂਗੋਲਿਕ ਹੈ; ਅਮਰੀਕੀ ਮਹਾਦੀਪ ਦੇ ਜੰਗਲਾਂ ਵਿਚ ਵੱਡੀ ਪੱਧਰ ’ਤੇ ਸੁੱਕੀ ਲੱਕੜ ਤੇ ਘਾਹ ਫੂਸ ਜਮ੍ਹਾਂ ਹੁੰਦਾ ਹੈ ਜਿਸ ਨੂੰ ਅਕਾਸ਼ੀ ਬਿਜਲੀ, ਗਰਮ ਹਵਾਵਾਂ ਆਦਿ ਕਾਰਨ ਅੱਗ ਲੱਗ ਜਾਂਦੀ ਹੈ। ‘ਡੋਰਾ’ ਨਾਂ ਦੇ ਸਮੁੰਦਰੀ ਵਾਵਰੋਲੇ ਤੋਂ ਪੈਦਾ ਹੋਈਆਂ ਗਰਮ ਹਵਾਵਾਂ ਨੂੰ ਹਵਾਈ ਵਿਚ ਲੱਗੀਆਂ ਅੱਗਾਂ ਦਾ ਫੌਰੀ ਕਾਰਨ ਮੰਨਿਆ ਜਾ ਰਿਹਾ ਹੈ। ਮਨੁੱਖੀ ਲਾਪਰਵਾਹੀ ਵੀ ਕਈ ਅੱਗਾਂ ਦਾ ਕਾਰਨ ਬਣਦੀ ਹੈ। ਕਈ ਮਾਹਿਰਾਂ ਅਨੁਸਾਰ ਸਰਕਾਰਾਂ ਦੇ ਜੰਗਲਾਂ ਲਈ ਕੀਤੇ ਗਏ ਪ੍ਰਬੰਧ ਗ਼ੈਰ-ਤਸੱਲੀਬਖ਼ਸ਼ ਹਨ ਅਤੇ ਸੁੱਕਾ ਘਾਹ ਫੂਸ ਤੇ ਲੱਕੜਾਂ ਕੱਢਣ ਦੇ ਉਚਿਤ ਪ੍ਰਬੰਧ ਨਹੀਂ ਕੀਤੇ ਗਏ। ਜਲਵਾਯੂ ਵਿਚ ਹੋ ਰਹੀਆਂ ਤਬਦੀਲੀਆਂ ਵੀ ਇਨ੍ਹਾਂ ਅੱਗਾਂ ਲਈ ਜ਼ਿੰਮੇਵਾਰ ਹਨ; ਵਧ ਰਹੀ ਆਲਮੀ ਤਪਸ਼ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਵਧਦੀਆਂ ਹਨ। ਕਈ ਥਾਵਾਂ ’ਤੇ ਅਜਿਹੇ ਰੁੱਖ ਲਗਾਏ ਹਨ ਜਿਹੜੇ ਉਸ ਇਲਾਕੇ ਦੇ ਵਾਤਾਵਰਨ ਦੇ ਅਨੁਕੂਲ ਨਹੀਂ ਅਤੇ ਕਈ ਮਾਹਿਰਾਂ ਅਨੁਸਾਰ ਅਜਿਹੀ ਬਨਸਪਤੀ ਅੱਗਾਂ ਲੱਗਣ ਦੇ ਮੌਕੇ ਵਧਾਉਣ ਦਾ ਕਾਰਨ ਬਣਦੀ ਹੈ।

Advertisement

ਇਹ ਘਟਨਾਵਾਂ ਸਿਰਫ਼ ਅਮਰੀਕਾ ਤਕ ਸੀਮਤ ਨਹੀਂ। ਯੂਰੋਪ ਦੇ ਜੰਗਲਾਂ ਵਿਚ ਵੀ ਅਜਿਹੀਆਂ ਅੱਗਾਂ ਲੱਗਦੀਆਂ ਹਨ। ਯੂਨਾਨ ਵਿਚ ਜੁਲਾਈ 2023 ਤੋਂ ਸ਼ੁਰੂ ਹੋਈਆਂ ਅੱਗਾਂ ਨੇ ਭਿਆਨਕ ਤਬਾਹੀ ਮਚਾਈ ਹੈ। ਇਨ੍ਹਾਂ ਗਰਮੀਆਂ ਵਿਚ ਇਟਲੀ ਤੇ ਪੁਰਤਗਾਲ ਵਿਚ ਵੀ ਅਜਿਹੀਆਂ ਅੱਗਾਂ ਲੱਗੀਆਂ ਹਨ। ਇਸ ਲਈ ਯੂਰੋਪ ਵਿਚ ਚੱਲ ਰਹੀ ਗਰਮੀ ਦੀ ਲਹਿਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ; ਭਾਵੇਂ ਵਾਤਾਵਰਨ ਦੇ ਖੇਤਰ ਵਿਚ ਕੰਮ ਕਰਨ ਵਾਲੇ ਮਾਹਿਰ ਇਨ੍ਹਾਂ ਦਾ ਮੂਲ ਕਾਰਨ ਵਧ ਰਹੀ ਆਲਮੀ ਤਪਸ਼ ਨੂੰ ਮੰਨਦੇ ਹਨ। ਉੱਤਰੀ ਅਫਰੀਕਾ ਵਿਚ ਸਥਿਤ ਅਲਜੀਰੀਆ ਵੀ ਇਸ ਸਾਲ ਭਿਆਨਕ ਅੱਗਾਂ ਦਾ ਸ਼ਿਕਾਰ ਹੋਇਆ ਜਿਸ ਵਿਚ 34 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਅੱਗਾਂ ਕਾਰਨ ਲੱਖਾਂ ਏਕੜ ਜੰਗਲ ਤਬਾਹ ਹੋਏ ਹਨ। ਉਦਾਹਰਨ ਦੇ ਤੌਰ ’ਤੇ ਯੂਨਾਨ ਵਿਚ ਇਸ ਸਾਲ ਲੱਗੀਆਂ ਅੱਗਾਂ ਕਾਰਨ 86,5000 ਏਕੜ ਜੰਗਲ ਤਬਾਹ ਹੋਏ। ਜੰਗਲਾਂ ਦੀ ਤਬਾਹੀ ਆਲਮੀ ਤਪਸ਼ ਨੂੰ ਹੋਰ ਵਧਾਉਂਦੀ ਹੈ। ਪ੍ਰਭਾਵਿਤ ਹੋਣ ਵਾਲੇ ਲੋਕ ਹਰ ਥਾਂ ’ਤੇ ਇਹ ਸਵਾਲ ਪੁੱਛਦੇ ਹਨ: ਕੀ ਇਸ ਆਫ਼ਤ ਨੂੰ ਰੋਕਿਆ ਨਹੀਂ ਜਾ ਸਕਦਾ। ਸਥਾਨਕ ਕਾਰਨਾਂ ਤੋਂ ਇਲਾਵਾ ਵਧ ਰਹੀ ਆਲਮੀ ਤਪਸ਼ ਨੂੰ ਰੋਕਣਾ ਮਨੁੱਖਤਾ ਦੀ ਸਮੂਹਿਕ ਜ਼ਿੰਮੇਵਾਰੀ ਹੈ। ਵਾਤਾਵਰਨ ਬਾਰੇ ਹੋਈਆਂ ਕਾਨਫਰੰਸਾਂ ਵਿਚ ਸਾਰੇ ਦੇਸ਼ ਵਾਅਦੇ ਤਾਂ ਕਰਦੇ ਹਨ ਪਰ ਉਨ੍ਹਾਂ ਨੂੰ ਅਮਲ ਵਿਚ ਨਹੀਂ ਲਿਆਂਦਾ ਜਾਂਦਾ। ਅਮਰੀਕਾ ਤੇ ਹੋਰ ਵਿਕਸਤ ਦੇਸ਼ ਚੀਨ, ਭਾਰਤ ਤੇ ਹੋਰ ਵਿਕਾਸਸ਼ੀਲ ਦੇਸ਼ਾਂ ’ਤੇ ਦੋਸ਼ ਲਗਾਉਂਦੇ ਹਨ ਕਿ ਉਹ ਕੋਲੇ ਤੇ ਹੋਰ ਫੌਸਿਲ ਈਂਧਣਾਂ ਦੀ ਜ਼ਿਆਦਾ ਖ਼ਪਤ ਕਰਕੇ ਆਲਮੀ ਤਪਸ਼ ਵਧਾ ਰਹੇ ਹਨ। ਵਿਕਾਸਸ਼ੀਲ ਦੇਸ਼ਾਂ ਦਾ ਕਹਿਣਾ ਹੈ ਕਿ ਵਿਕਾਸ ਦੇ ਇਸ ਪੜਾਅ ’ਤੇ ਉਨ੍ਹਾਂ ਕੋਲ ਅਜਿਹੇ ਈਂਧਣ ਵਰਤਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ; ਊਰਜਾ ਦੇ ਦੂਸਰੇ ਸਾਧਨਾਂ ਦਾ ਵਿਕਾਸ ਕਰਨ ਲਈ ਵੱਡੀ ਪੱਧਰ ’ਤੇ ਸਰਮਾਏ ਤੇ ਤਕਨਾਲੋਜੀ ਦੀ ਜ਼ਰੂਰਤ ਹੈ; ਅਤੇ ਊਰਜਾ ਦੇ ਦੂਸਰੇ ਬਦਲ ਅਪਣਾਉਣ ਲਈ ਅਮਰੀਕਾ ਤੇ ਪੱਛਮੀ ਯੂਰੋਪ ਦੇ ਦੇਸ਼ਾਂ ਨੂੰ ਏਸ਼ੀਆ, ਅਫਰੀਕੀ ਤੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਦੀ ਵੱਡੀ ਪੱਧਰ ’ਤੇ ਆਰਥਿਕ ਤੇ ਤਕਨੀਕੀ ਮਦਦ ਕਰਨੀ ਚਾਹੀਦੀ ਹੈ। ਇਨ੍ਹਾਂ ਦੇਸ਼ਾਂ ਅਨੁਸਾਰ ਅਮਰੀਕਾ ਤੇ ਯੂਰੋਪ ਨੇ ਆਪਣੇ ਵਿਕਾਸ ਦੌਰਾਨ ਵੱਡੀ ਪੱਧਰ ’ਤੇ ਫੌਸਿਲ ਈਂਧਣਾਂ ਦੀ ਵਰਤੋਂ ਕੀਤੀ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ। ਵਧ ਰਹੀ ਆਲਮੀ ਤਪਸ਼ ਦਾ ਨੁਕਸਾਨ ਸਾਰੇ ਦੇਸ਼ਾਂ ਨੂੰ ਹੋਣਾ ਹੈ। ਇਸ ਨੂੰ ਰੋਕਣ ਲਈ ਸਾਰੇ ਦੇਸ਼ਾਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ।

Advertisement
×