ਸ਼ਰਮਸਾਰ ਹੋਇਆ ਦੇਸ਼
ਇੰਦੌਰ ਵਿੱਚ ਵਾਪਰੀ ਪਿੱਛਾ ਕਰਨ ਤੇ ਛੇੜਛਾੜ ਦੀ ਘਟਨਾ, ਜਿਸ ਵਿੱਚ ਦੋ ਆਸਟਰੇਲਿਆਈ ਕ੍ਰਿਕਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਸ ਦੇਸ਼ ਲਈ ਇੱਕ ਵੱਡੀ ਸ਼ਰਮਿੰਦਗੀ ਹੈ ਜਿਹੜਾ 2030 ਦੀਆਂ ਰਾਸ਼ਟਰਮੰਡਲ ਖੇਡਾਂ ਅਤੇ 2036 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਇੱਛਾ...
ਇੰਦੌਰ ਵਿੱਚ ਵਾਪਰੀ ਪਿੱਛਾ ਕਰਨ ਤੇ ਛੇੜਛਾੜ ਦੀ ਘਟਨਾ, ਜਿਸ ਵਿੱਚ ਦੋ ਆਸਟਰੇਲਿਆਈ ਕ੍ਰਿਕਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਸ ਦੇਸ਼ ਲਈ ਇੱਕ ਵੱਡੀ ਸ਼ਰਮਿੰਦਗੀ ਹੈ ਜਿਹੜਾ 2030 ਦੀਆਂ ਰਾਸ਼ਟਰਮੰਡਲ ਖੇਡਾਂ ਅਤੇ 2036 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਇੱਛਾ ਰੱਖਦਾ ਹੈ। ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੀਆਂ ਇਹ ਖਿਡਾਰਨਾਂ ਵੀਰਵਾਰ ਸਵੇਰੇ ਆਪਣੇ ਹੋਟਲ ਤੋਂ ਬਾਹਰ ਨਿਕਲ ਇੱਕ ਕੈਫੇ ਵੱਲ ਜਾ ਰਹੀਆਂ ਸਨ ਜਦੋਂ ਇੱਕ ਮੋਟਰਸਾਈਕਲ ਸਵਾਰ ਆਦਮੀ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਵਿੱਚੋਂ ਇੱਕ ਨੂੰ ਉਸ ਨੇ ਗਲਤ ਤਰੀਕੇ ਨਾਲ ਛੂਹਿਆ ਅਤੇ ਫਿਰ ਇਕਦਮ ਭੱਜ ਗਿਆ। ਅਪਰਾਧੀ ਨੂੰ ਫੜਨ ਵਿੱਚ ਪੁਲੀਸ ਨੂੰ ਡੇਢ ਦਿਨ ਲੱਗ ਗਿਆ, ਜੋ ਕਿ ਅਪਰਾਧਿਕ ਪਿਛੋਕੜ ਦਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇਸ ਨਿੰਦਣਯੋਗ ਕਾਰਵਾਈ ਦੀ ਨਿਖੇਧੀ ਕਰਨ ’ਚ ਆਪਣਾ ਸਮਾਂ ਲਿਆ, ਜਦਕਿ ਰਾਜ ਕ੍ਰਿਕਟ ਇਕਾਈਆਂ ਨੇ ਸੰਕੇਤ ਦਿੱਤਾ ਕਿ ਦੋਵਾਂ ਖਿਡਾਰਨਾਂ ਨੇ ਸ਼ਾਇਦ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਸੀ ਅਜਿਹਾ ਇਲਜ਼ਾਮ ਜਿਸ ਨੂੰ ਆਸਟਰੇਲਿਆਈ ਟੀਮ ਨੇ ਸਿਰੇ ਤੋਂ ਖਾਰਜ ਕਰ ਦਿੱਤਾ।
ਇਹ ਕੁਤਾਹੀ ਹੋਰ ਵੀ ਗੰਭੀਰ ਇਸ ਲਈ ਹੈ ਕਿਉਂਕਿ ਇੰਦੌਰ ਨੂੰ ਦੌਰਾ ਕਰ ਰਹੀਆਂ ਮਹਿਮਾਨ ਟੀਮਾਂ ਲਈ ਸੁਰੱਖਿਅਤ ਸ਼ਹਿਰ ਮੰਨਿਆ ਜਾਂਦਾ ਹੈ। ਇਹ ਸਪੱਸ਼ਟ ਹੈ ਕਿ ਖਿਡਾਰੀਆਂ ਦੀ ਸੁਰੱਖਿਆ ’ਚ ਲਾਪਰਵਾਹੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਵਿਦੇਸ਼ੀ ਖਿਡਾਰੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਾ ਇਕ ਤਰ੍ਹਾਂ ਨਾਲ ਸਾਡਾ ਫ਼ਰਜ਼ ਹੈ ਕਿਉਂਕਿ ਇਹ ਦੇਸ਼ ਦੀ ਸਾਖ਼ ਨਾਲ ਵੀ ਜੁੜਿਆ ਹੋਇਆ ਹੈ। ਇਹ ਹੈਰਾਨੀਜਨਕ ਮਾਮਲਾ ਦੇਸ਼ ਭਰ ਵਿੱਚ ਕੌਮਾਂਤਰੀ ਸਮਾਗਮਾਂ ਦੇ ਪ੍ਰਬੰਧਕਾਂ ਲਈ ਇੱਕ ਚਿਤਾਵਨੀ ਦੀ ਤਰ੍ਹਾਂ ਹੈ। ਭਾਰਤ ਵਿੱਚ ਵਿਦੇਸ਼ੀਆਂ, ਖਾਸ ਕਰਕੇ ਸੈਲਾਨੀਆਂ ਨੂੰ ਜਿਨਸੀ ਅਪਰਾਧੀ ਅਕਸਰ ਨਿਸ਼ਾਨਾ ਬਣਾਉਂਦੇ ਹਨ। ਇਸ ਸਾਲ ਇੱਕ ਫਰਾਂਸੀਸੀ ਸੈਲਾਨੀ ਨਾਲ ਰਾਜਸਥਾਨ ਵਿੱਚ ਜਬਰ-ਜਨਾਹ ਕੀਤਾ ਗਿਆ ਸੀ, ਜਦਕਿ ਇੱਕ ਇਜ਼ਰਾਇਲੀ ਮਹਿਮਾਨ ’ਤੇ ਕਰਨਾਟਕ ਵਿੱਚ ਜਿਨਸੀ ਹਮਲਾ ਹੋਇਆ ਸੀ। ਵਿਦੇਸ਼ੀ ਖਿਡਾਰੀਆਂ ਦੀ ਸੀਮਤ ਆਵਾਜਾਈ ਦਾ ਮਤਲਬ ਤਾਂ ਹੋਣਾ ਚਾਹੀਦਾ ਹੈ ਕਿ ਉਹ ਜਿਨਸੀ ਅਪਰਾਧਾਂ ਦਾ ਨਿਸ਼ਾਨਾ ਘੱਟ ਬਣਨ, ਪਰ ਇੰਦੌਰ ਦੀ ਘਟਨਾ ਦਰਸਾਉਂਦੀ ਹੈ ਕਿ ਅਪਰਾਧੀ ਸੁਰੱਖਿਆ ਵਿੱਚ ਖਾਮੀਆਂ ਦਾ ਫਾਇਦਾ ਉਠਾ ਸਕਦੇ ਹਨ। ਇਸ ਲਈ ਇਸ ਪਾਸੇ ਫੌਰੀ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਅਗਾਂਹ ਤੋਂ ਅਜਿਹੀ ਸ਼ਰਮਿੰਦਗੀ ਨਾ ਸਹਿਣੀ ਪਈ।
ਰਾਸ਼ਟਰਮੰਡਲ ਖੇਡਾਂ ਦੀ ਮਹਾਸਭਾ, ਜੋ ਅਗਲੇ ਮਹੀਨੇ ਹੋ ਰਹੀ ਹੈ, ਉਹ 2030 ਦੀਆਂ ਖੇਡਾਂ ਦੀ ਮੇਜ਼ਬਾਨੀ ਲਈ ਅਹਿਮਦਾਬਾਦ ’ਤੇ ਆਪਣੀ ਮੋਹਰ ਲਾਉਣ ਵਾਲੀ ਹੈ। ਭਾਰਤ ਨੇ ਰਾਸ਼ਟਰਮੰਡਲ ਖੇਡਾਂ ਲਈ ਜ਼ੋਰ-ਸ਼ੋਰ ਨਾਲ ਦਾਅਵਾ ਪੇਸ਼ ਕੀਤਾ ਹੈ। ਪਰ ਅਜਿਹੇ ਵੱਡੇ ਸਮਾਗਮ ਦਾ ਪ੍ਰਬੰਧ ਭਾਰਤ ਲਈ ਅਨੇਕਾਂ ਚੁਣੌਤੀਆਂ ਪੈਦਾ ਕਰੇਗਾ। ਦੁਨੀਆ ਭਰ ਦੇ ਖਿਡਾਰੀਆਂ ਦੀ ਸੁਰੱਖਿਆ ਅਤੇ ਸੁਵਿਧਾ ਯਕੀਨੀ ਬਣਾਉਣਾ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਜਦੋਂ ਭਾਰਤ ਦੀ ਆਲਮੀ ਸਾਖ਼ ਦਾਅ ’ਤੇ ਲੱਗੀ ਹੋਵੇ, ਤਾਂ ‘ਵਸੁਧੈਵ ਕੁਟੁੰਬਕਮ’ (ਸਾਰੀ ਦੁਨੀਆ ਇੱਕ ਪਰਿਵਾਰ ਹੈ) ਸਿਰਫ਼ ਇੱਕ ਨਾਅਰਾ ਬਣ ਕੇ ਨਹੀਂ ਰਹਿ ਜਾਣਾ ਚਾਹੀਦਾ।

