ਘਰ ’ਤੇ ਹਮਲਾ ਕਰ ਨ ਦੇ ਦੋਸ਼ ਹੇਠ ਦੋ ਕਾਬੂ
ਪੱਤਰ ਪ੍ਰੇਰਕ
ਫਿਲੌਰ, 18 ਜੂਨ
ਬਿਲਗਾ ਪੁਲੀਸ ਨੇ ਫਿਰੌਤੀ ਲੈ ਕੇ ਘਰ ’ਤੇ ਹਮਲਾ ਕਰਨ ਦੇ ਦੋਸ਼ ਹੇਠ ਦੋ ਨੌਜਵਾਨਾਂ ਨੂੰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਡੀਐੱਸਪੀ ਫਿਲੌਰ ਸਰਵਣ ਸਿੰਘ ਬੱਲ ਅਤੇ ਥਾਣਾ ਮੁਖੀ ਬਿਲਗਾ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਪਾਸੋਂ ਇੱਕ ਪਿਸਟਲ 7.65 ਐੱਮਐੱਮ ਸਮੇਤ 2 ਮੈਗਜ਼ੀਨ, 7 ਕਾਰਤੂਸਾਂ ਸਮੇਤ ਇੱਕ ਬੁਲੇਟ ਮੋਟਰਸਾਈਕਲ ਸਮੇਤ 2 ਮੋਬਾਈਲ ਬਰਾਮਦ ਕੀਤੇ ਗਏ ਹਨ।
ਡੀਐੱਸਪੀ ਨੇ ਦੱਸਿਆ ਕਿ ਜਸਵੀਰ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਬੁਰਜ ਖੇਲਾ ਥਾਣਾ ਬਿਲਗਾ ਦੇ ਘਰ ’ਤੇ ਹਮਲਾ ਕਰਨ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ’ਚ ਬਿਕਰਮਜੀਤ ਸਿੰਘ ਉਰਫ਼ ਕਾਲੂ ਵਾਸੀ ਕਮਾਲਕੇ ਖੁਰਦ ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਅਤੇ ਲਵਪ੍ਰੀਤ ਸਿੰਘ ਉਰਫ਼ ਲਵਲੀ ਵਾਸੀ ਪਿੰਡ ਸੰਗਲਾ ਥਾਣਾ ਧਰਮਕੋਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਇਨ੍ਹਾਂ ਪਾਸੋਂ ਇੱਕ ਪਿਸਤੌਲ 7.65 ਐੱਮਐੱਮ ਸਮੇਤ 2 ਮੈਗਜ਼ੀਨ, 7 ਕਾਰਤੂਸ ਸਮੇਤ ਇੱਕ ਬੁਲੇਟ ਮੋਟਰਸਾਈਕਲ ਸਮੇਤ ਦੋ ਮੋਬਾਈਲ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।