ਗਰਮੀ ਨੇ ਲੋਕਾਂ ਦੇ ਹਾੜੇ ਕਢਵਾਏ
ਹਤਿੰਦਰ ਮਹਿਤਾ
ਜਲੰਧਰ, 15 ਜੂਨ
ਪੰਜਾਬ ਵਿੱਚ ਪੈ ਰਹੀ ਅਤਿ ਦੀ ਗਰਮੀ ਕਾਰਨ ਜਨ-ਜੀਵਨ ’ਤੇ ਅਸਰ ਪੈ ਰਿਹਾ ਹੈ। ਜਲੰਧਰ ਵਿੱਚ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚਣ ਕਾਰਨ ਸਵੇਰ ਤੋਂ ਸਾਰਾ ਦਿਨ ਲੂ ਚੱਲਦੀ ਰਹੀ। ਇਸ ਕਾਰਨ ਲੋਕ ਘਰਾਂ ਵਿੱਚ ਹੀ ਰਹਿਣ ਲਈ ਮਜਬੂਰ ਹੋ ਗਏ ਹਨ। ਹਾਈਵੇਅ ’ਤੇ ਪਿੰਡਾਂ ਵਿੱਚ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਠੰਢੇ-ਮਿੱਠੇ ਪਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ। ਇਸ ਨਾਲ ਰਾਹਗੀਰਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ। ਪਿੰਡਾਂ ਵਿੱਚ ਬੱਚੇ ਅਤੇ ਨੌਜਵਾਨ ਗਰਮੀ ਤੋਂ ਰਾਹਤ ਪਾਉਣ ਲਈ ਮੋਟਰਾਂ ’ਤੇ ਨਹਾਉਂਦੇ ਰਹੇ। ਇਸ ਗਰਮੀ ਕਾਰਨ ਲੋਕ ਮੋਟਰਸਾਈਕਲ ’ਤੇ ਸਫ਼ਰ ਕਰਨ ਤੋਂ ਗ਼ੁਰੇਜ਼ ਕਰਨ ਲੱਗੇ ਹਨ।
ਇਸੇ ਤਰ੍ਹਾਂ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਗਿਣਤੀ ਬਹੁਤ ਘਟ ਗਈ ਹੈ। ਦੁਪਹਿਰ ਸਮੇਂ ਬੱਸਾਂ ਵਿੱਚ ਨਾ ਮਾਤਰ ਹੀ ਸਵਾਰੀਆਂ ਦਿਖਾਈ ਦਿੰਦੀਆਂ ਹਨ। ਗਰਮੀ ਕਾਰਨ ਲੋਕਾਂ ਨੇ ਸੈਰ ਸਪਾਟੇ ਦੇ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਹਨ। ਇਸ ਕਾਰਨ ਟੈਕਸੀਆਂ ਵਾਲੇ ਵੀ ਵਿਹਲੇ ਹੀ ਦਿਖਾਈ ਦੇ ਰਹੇ ਹਨ। ਦੂਜੇ ਪਾਸੇ ਏਸੀ, ਕੂਲਰਾਂ ਵਾਲੀਆਂ ਦੁਕਾਨਾਂ ’ਤੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ।
ਮੌਸਮ ਮਹਿਰਾਂ ਅਨੁਸਾਰ ਅਜੇ ਦੋ-ਤਿੰਨ ਦਿਨ ਹੋਰ ਗਰਮੀ ਪੈਣ ਦੇ ਆਸਾਰ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੁਪਹਿਰ 12 ਤੋਂ ਸ਼ਾਮ ਪੰਜ ਵਜੇ ਤੱਕ ਘਰਾਂ ਵਿੱਚ ਹੀ ਰਹਿਣ ਅਤੇ ਜ਼ਿਆਦਾ ਪਾਣੀ ਪੀਣ ਤਾਂ ਜੋ ਗਰਮੀ ਬਚਾਅ ਕੀਤਾ ਜਾ ਸਕੇ। ਬੱਚੇ ਬਿਸਤ ਦੋਆਬ ਨਹਿਰ ਵਿੱਚ ਨਹਾਉਂਦੇ ਦੇਖੇ ਗਏ।
ਗਰਮੀ ਕਾਰਨ ਨੌਜਵਾਨ ਗਸ਼ ਖਾ ਕੇ ਡਿੱਗਿਆ, ਹਸਪਤਾਲ ਦਾਖ਼ਲ
ਪਠਾਨਕੋਟ (ਪੱਤਰ ਪ੍ਰੇਰਕ): ਇਲਾਕੇ ਵਿੱਚ ਪੈ ਰਹੀ ਅਤਿ ਦੀ ਗਰਮੀ ਕਾਰਨ ਇੱਥੇ ਰੇਲਵੇ ਰੋਡ ’ਤੇ ਦੁਪਹਿਰ ਸਮੇਂ ਪੈਦਲ ਜਾ ਰਹੇ ਇੱਕ ਨੌਜਵਾਨ ਦੀ ਹਾਲਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਕੇ ਸੜਕ ’ਤੇ ਡਿੱਗ ਗਿਆ। ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਚੁੱਕ ਕੇ ਇੱਕ ਦੁਕਾਨ ਅੰਦਰ ਲਿਜਾ ਕੇ ਉਸ ਨੂੰ ਪਾਣੀ ਪਿਲਾਇਆ ਅਤੇ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਇਆ। ਇਸੇ ਦੌਰਾਨ ਬੇਹੋਸ਼ ਹੋਏ ਨੌਜਵਾਨ ਦੇ ਦੋਸਤ ਵੀ ਘਟਨਾ ਸਥਾਨ ’ਤੇ ਪੁੱਜ ਗਏ। ਉਹ ਨੌਜਵਾਨ ਨੂੰ ਇੱਕ ਆਟੋ ਰਿਕਸ਼ਾ ਵਿੱਚ ਇਲਾਜ ਲਈ ਸਿਵਲ ਹਸਪਤਾਲ ਲੈ ਗਏ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਸੀ।