ਨੀਵੇਂ ਇਲਾਕਿਆਂ ਵਿਚ ਭਰਿਆ ਮੀਂਹ ਦਾ ਪਾਣੀ
ਜਲੰਧਰ: ਇਲਾਕੇ ਵਿਚ ਅੱਜ ਪਏ ਮੀਂਹ ਕਾਰਨ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦੀ ਸਾਹਮਣਾ ਕਰਨਾ ਪਿਆ। ਰਾਮਾਂਮੰਡੀ ਤੋਂ ਪੀਏਪੀ ਚੌਕ, ਮਾਈ ਹੀਰਾ ਗੇਟ, ਲੰਬਾ ਪਿੰਡ ਚੌਕ, ਦੋਮੋਰੀਆਂ ਪੁਲ, ਇਕਹਿਰੀ ਪੁਲੀ, ਦੋਆਬਾ ਕਾਲਜ ਰੋਡ ਸਮੇਤ ਕਈ ਥਾਂਵਾਂ ’ਤੇ ਪਾਣੀ ਭਰ ਗਿਆ। ਲੰਬਾ ਪਿੰਡ ਤੋਂ ਜੰਡੂਸਿੰਘਾ ਸੜਕ ਵਿਚਕਾਰ ਕਈ ਜਗ੍ਹਾ ’ਤੇ ਟੋਇਆਂ ਵਿਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਦੁਪਹੀਆ ਚਾਲਕ ਉਨ੍ਹਾਂ ਵਿਚ ਫਸੇ ਦਿਖਾਈ ਦਿੱਤੇ। ਇਸ ਦੌਰਾਨ ਕਈ ਥਾਵਾਂ ’ਤੇ ਸੀਵਰੇਜ ਬੰਦ ਹੋਣ ਕਾਰਨ ਗੰਦਾ ਪਾਣੀ ਗਲੀਆਂ ਵਿਚ ਆ ਗਿਆ। ਲੋਕਾਂ ਨੂੰ ਇਸ ਮੀਂਹ ਕਾਰਨ ਗਰਮੀ ਤੋਂ ਰਾਹਤ ਵੀ ਮਿਲੀ ਹੈ ਤੇ ਦੋ-ਤਿੰਨ ਡਿਗਰੀ ਤਾਪਮਾਨ ਘੱਟ ਨੋਟ ਕੀਤਾ ਗਿਆ। -ਪੱਤਰ ਪ੍ਰੇਰਕ
ਹਾਦਸੇ ਵਿੱਚ ਜ਼ਖ਼ਮੀ
ਬਲਾਚੌਰ: ਬਲਾਚੌਰ-ਰੂਪਨਗਰ ਕੌਮੀ ਮਾਰਗ ’ਤੇ ਪਿੰਡ ਜਮੀਤਗੜ੍ਹ ਭੱਲਾ ਨੇੜੇ ਇੱਕ ਬੋਲੈਰੋ ਜੀਪ ਤੇ ਕੈਂਟਰ ਦੀ ਟੱਕਰ ਕਾਰਨ ਇੱਕ ਜ਼ਖ਼ਮੀ ਹੋ ਗਿਆ। ਆਪਣੀ ਟੀਮ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਐਸਐਸਐਫ ਟੀਮ ਦੇ ਇੰਚਾਰਜ ਏਐਸਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਇੱਕ ਬੋਲੈਰੋ ਜੀਪ ਜਿਸ ਨੂੰ ਅਲਾਉਦੀਨ ਪੁੱਤਰ ਅਜ਼ਮੂਦੀਨ ਵਾਸੀ ਮਨੀ ਮਾਜਰਾ ਚਲਾ ਰਿਹਾ ਸੀ। ਉਹ ਚੰਡੀਗੜ੍ਹ ਤੋਂ ਜਲੰਧਰ ਜਾ ਰਿਹਾ ਸੀ। ਜਦੋਂ ਉਹ ਪਿੰਡ ਜਮੀਤਗੜ੍ਹ ਭੱਲਾ ਨੇੜੇ ਪਹੁੰਚਿਆ ਤਾਂ ਬੋਲੈਰੋ ਦਾ ਟਾਇਰ ਫਟ ਗਿਆ ਅਤੇ ਉਸ ਦੇ ਪਿੱਛੇ ਆ ਰਿਹਾ ਕੈਂਟਰ ਇਸ ਨਾਲ ਟਕਰਾਅ ਗਿਆ ਜਿਸ ਕਾਰਨ ਕੈਂਟਰ ਚਾਲਕ ਸੁਨੀਲ ਸ਼ਰਮਾ ਪੁੱਤਰ ਫਕੀਰ ਚੰਦ ਸ਼ਰਮਾ ਵਾਸੀ ਕਰਨਾਲ ਹਰਿਆਣਾ ਜ਼ਖ਼ਮੀ ਹੋ ਗਿਆ। ਉਸ ਨੂੰ ਰੋਪੜ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। -ਪੱਤਰ ਪ੍ਰੇਰਕ
ਚੋਰ ਗਰੋਹ ਦੇ ਦੋ ਮੈਂਬਰ ਕਾਬੂ
ਸ਼ਾਹਕੋਟ: ਸਥਾਨਕ ਪੁਲੀਸ ਨੇ ਮੋਟਰਸਾਈਕਲ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਬੀਤੇ ਦਿਨੀਂ ਸਥਾਨਕ ਕਸਬੇ ਵਿਚੋ ਇੱਕ ਮੋਟਰਸਾਈਕਲ ਚੋਰੀ ਹੋਣ ਦੀ ਵੀਡੀਓ ਵਾਇਰਲ ਹੋਈ ਸੀ। ਇਸ ਸਬੰਧੀ ਪੀੜਤ ਵੱਲੋਂ ਥਾਣਾ ਸ਼ਾਹਕੋਟ ਵਿਚ ਰਿਪੋਰਟ ਵੀ ਦਰਜ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਥਾਣਾ ਸ਼ਾਹਕੋਟ ਦੇ ਮੁਖੀ ਬਲਵਿੰਦਰ ਸਿੰਘ ਭੁੱਲਰ ਨੇ ਮੋਟਰਸਾਈਕਲ ਚੋਰ ਗਰੋਹ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ। ਇਸ ਮਗਰੋਂ ਕੁਲਵਿੰਦਰ ਸਿੰਘ ਉਰਫ ਕਾਲਾ ਵਾਸੀ ਲੋਹਾਰਾ ਥਾਣਾ ਕੋਟ ਈਸੇ ਖਾਂ (ਮੋਗਾ) ਅਤੇ ਹਰਜਿੰਦਰ ਸਿੰਘ ਉਰਫ ਜਿੰਦਾ ਵਾਸੀ ਜਨੇਰ ਥਾਣਾ ਕੋਟ ਈਸੇ ਖਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕੋਲੋਂ ਚੋਰੀ ਦੇ ਛੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। -ਪੱਤਰ ਪ੍ਰੇਰਕ
ਘਰ ’ਚ ਭੰਨਤੋੜ ਮਾਮਲੇ ’ਚ ਕੇਸ ਦਰਜ
ਕਪੂਰਥਲਾ: ਘਰ ’ਚ ਦਾਖ਼ਲ ਹੋ ਕੇ ਤੇਜ਼ ਹਥਿਆਰਾਂ ਨਾਲ ਭੰਨ-ਤੋੜ ਕਰਨ ਦੇ ਦੋਸ਼ ਹੇਠ ਫੱਤੂਢੀਂਗਾ ਪੁਲੀਸ ਨੇ ਇੱਕ ਦਰਜਨ ਤੋਂ ਵੱਧ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਪ੍ਰੀਤ ਪਤਨੀ ਨਿਰਮਲ ਸਿੰਘ ਵਾਸੀ ਪਿੰਡ ਕਿਸ਼ਨ ਸਿੰਘ ਵਾਲਾ ਨੇ ਪੁਲੀਸ ਨੂੰ ਦੱਸਿਆ ਕਿ ਉਕਤ ਵਿਅਕਤੀਆਂ ਨੇ ਉਸਦੇ ਘਰ ਦੇ ਤਾਲੇ ਤੋੜ ਕੇ ਤੇਜ਼ ਹਥਿਆਰਾ ਨਾਲ ਹਮਲਾ ਕਰਕੇ ਘਰ ’ਚ ਸਾਮਾਨ ਦੀ ਭੰਨਤੋੜ ਕੀਤੀ। ਇਸ ਮਗਰੋਂ ਲਵਪ੍ਰੀਤ ਕੌਰ, ਹਰਦੀਪ ਸਿੰਘ, ਪ੍ਰਕਾਸ਼ ਕੌਰ ਦੇ ਘਰਾਂ ਦੀ ਵੀ ਭੰਨ-ਤੋੜ ਕੀਤੀ ਗਈ। ਪੁਲੀਸ ਨੇ ਜਾਂਚ ਮਗਰੋਂ ਦੁਰਗਾ, ਵਿਸ਼ਾਲਦੀਪ ਸਿੰਘ ਉਰਫ਼ ਕਾਲਾ, ਅਕਾਸ਼ਦੀਪ ਸਿੰਘ ਉਰਫ਼ ਗਿਜੀ, ਬਲਵਿੰਦਰ ਸਿੰਘ ਉਰਫ਼ ਬਿੱਟੂ, ਸੰਨੀ, ਮਨੀ, ਕਰਨਵੀਰ ਸਿੰਘ ਉਰਫ਼ ਕੰਨੂੰ, ਮਨੀ ਪੁੱਤਰ ਜੋਗਿੰਦਰ ਸਿੰਘ ਉਰਫ਼ ਕਾਲਾ, ਘੱਦੀ, ਰੋਹਿਤ, ਅਨਮੋਲ, ਰਾਣੀ, ਬਲਵਿੰਦਰ ਕੌਰ, ਢੋਲਾ, ਕਾਕਾ, ਗੁਰਵਿੰਦਰ ਸਿੰਘ ਵਾਸੀਆਨ ਕਿਸ਼ਨ ਸਿੰਘ ਵਾਲਾ ਖਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ