ਕਾਮਿਆਂ ਦੀਆਂ ਸੇਵਾਵਾਂ ਨਿਯਮਤ ਕਰਨ ਲਈ ਮੁਜ਼ਾਹਰਾ
ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਿਚ ਕੰਮ ਕਰਦੇ ਵਰਕਰਾਂ ਨੇ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਲਈ ਇਥੋਂ ਦੇ ਜੰਗਲਾਤ ਵਿਭਾਗ ਦੇ ਦਫ਼ਤਰ ਸਾਹਮਣੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਮੁਲਾਜ਼ਮਾਂ ਦੀ ਵਿਭਾਗ ਵਲੋਂ ਮੈਡੀਕਲ ਤੇ ਪੁਲੀਸ ਵੈਰੀਫਿਕੇਸ਼ਨ ਕਰਵਾ ਲਈ ਗਈ ਹੈ, ਉਨ੍ਹਾਂ ਵਰਕਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਜੁਆਇਨ ਕਰਵਾਇਆ ਜਾਵੇ। ਵਣ ਤੇ ਜੰਗਲੀ ਜੀਵ ਵਿਭਾਗ ਦੇ ਕੱਚੇ ਕਾਮੇ ਜੋ 16 ਮਈ 2023 ਦੀ ਪਾਲਿਸੀ ਅਧੀਨ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਹਨ, ਉਨ੍ਹਾਂ ’ਚੋਂ ਕੁਝ ਮੁਲਾਜ਼ਮਾਂ ਨੇ ਅਦਾਲਤ 'ਚ ਕੇਸ ਨਹੀਂ ਕੀਤਾ ਤੇ ਕੁਝ ਮੁਲਾਜ਼ਮਾਂ ਦੇ ਅਦਾਲਤ 'ਚ ਚਲਦੇ ਕੇਸ ਅਧੀਨ ਵਿਭਾਗ ਵਲੋਂ ਹੁਕਮ ਜਾਰੀ ਕੀਤੇ ਗਏ ਹਨ, ਉਨ੍ਹਾਂ ਮੁਲਾਜ਼ਮਾਂ ਨੂੰ ਵੀ ਜਲਦੀ ਪੱਕਾ ਕੀਤਾ ਜਾਵੇ। ਧਰਨੇ ਨੂੰ ਯੂਨੀਅਨ ਦੇ ਡਿਵੀਜ਼ਨ ਪ੍ਰਧਾਨ ਸੁਖਦੇਵ ਸਿੰਘ, ਜਨਰਲ ਸਕੱਤਰ ਵਭੀਸ਼ਨ ਲਾਲ, ਰੇਂਜ ਪ੍ਰਧਾਨ ਕਪੂਰਥਲਾ ਅਮਰੀਕ ਸਿੰਘ, ਰੇਂਜ ਪ੍ਰਧਾਨ ਨਕੋਦਰ ਕੁਲਵੰਤ ਸਿੰਘ, ਸਕੱਤਰ ਸੁਰਜੀਤ ਸਿੰਘ, ਰੇਂਜ ਪ੍ਰਧਾਨ ਜਲੰਧਰ ਕੁਲਦੀਪ ਸਿੰਘ, ਰੇਂਜ ਪ੍ਰਧਾਨ ਫਿਲੌਰ ਬਿੰਦਰ ਰਾਮ, ਰੇਂਜ ਪ੍ਰਧਾਨ ਫਗਵਾੜਾ ਸੁਰਿੰਦਰ ਪਾਲ, ਮੀਤ ਪ੍ਰਧਾਨ ਜੋਗਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।