ਜ਼ਮੀਨ ਦਾ ਕਬਜ਼ਾ ਲੈਣ ਗਏ ਅਧਿਕਾਰੀ ਬੇਰੰਗ ਪਰਤੇ
ਗੁਰਮੀਤ ਖੋਸਲਾ
ਸ਼ਾਹਕੋਟ, 17 ਜੂਨ
ਬਲਾਕ ਸ਼ਾਹਕੋਟ ਅਧੀਨ ਆਉਂਦੇ ਪਿੰਡ ਚੱਕ ਬਾਹਮਣੀਆਂ ਦੇ ਆਬਾਦਕਾਰਾਂ ਦੀ 175 ਏਕੜ ਅਤੇ ਥੰਮੂਵਾਲ ਦੀ 97 ਏਕੜ ਜ਼ਮੀਨ ਦਾ ਕਬਜ਼ਾ ਲੈਣ ਗਏ ਅਧਿਕਾਰੀਆਂ ਨੂੰ ਉਕਤ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਕੁਲ ਹਿੰਦ ਕਿਸਾਨ ਸਭਾ ਦੇ ਵਿਰੋਧ ਕਾਰਨ ਬੇਰੰਗ ਮੁੜਨਾ ਪਿਆ। ਸਰਕਾਰ ਵੱਲੋਂ ਉਕਤ ਜ਼ਮੀਨ ਨੂੰ ਪੰਚਾਇਤੀ ਜ਼ਮੀਨ ਦੱਸਿਆ ਜਾ ਰਿਹਾ ਹੈ ਜਦੋਂ ਕਿ ਉਕਤ ਪਿੰਡਾਂ ਦੇ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 1965 ਦੀ ਜੰਗ ਤੋਂ ਬਾਅਦ ਤਤਕਾਲੀ ਡੀ.ਸੀ ਦੇ ਕਹਿਣ ’ਤੇ ਜੰਗਲ ਨੂੰ ਪੁੱਟ ਕੇ ਜ਼ਮੀਨਾਂ ਆਬਾਦ ਕੀਤੀਆਂ ਸਨ। ਇਨ੍ਹਾਂ ਉੱਪਰ ਉਹ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕਾਸ਼ਤ ਕਰਕੇ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਆ ਰਹੇ ਹਨ। ਸਿਵਲ ਤੇ ਪੁਲੀਸ ਪ੍ਰਸ਼ਾਸਨ ਨੇ ਜਿਉਂ ਹੀ ਅੱਜ ਪਿੰਡ ਚੱਕ ਬਾਹਮਣੀਆਂ ਦੀ ਜ਼ਮੀਨ ਦਾ ਕਬਜ਼ਾ ਲੈਣ ਲਈ ਉਸ ਪਾਸੇ ਚਾਲੇ ਪਾਏ ਤਾਂ ਉਕਤ ਪਿੰਡਾਂ ਦੀਆਂ ਪੰਚਾਇਤਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕੁਲ ਹਿੰਦ ਕਿਸਾਨ ਸਭਾ ਦੀ ਅਗਵਾਈ ਵਿਚ ਚੱਕ ਬਾਹਮਣੀਆਂ ਦੇ ਟੌਲ ਪਲਾਜ਼ਾ ਨਜ਼ਦੀਕ ਰਾਸ਼ਟਰੀ ਹਾਈਵੇ ’ਤੇ ਧਰਨਾ ਲਗਾ ਦਿੱਤਾ। ਇਸ ਤੋਂ ਬਾਅਦ ਉਕਤ ਪਿੰਡਾਂ ਦੀਆਂ ਪੰਚਾਇਤਾਂ ,ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਆਗੂਆਂ ਦੀ ਬਲਾਕ ਵਿਕਾਸ ਅਤੇ ਪੰਚਾਇਤ ਅਫਸ਼ਰ ਸ਼ਾਹਕੋਟ ਦੇ ਦਫਤਰ ਵਿਚ ਤਹਿਸੀਲਦਾਰ ਮਨਿੰਦਰ ਸਿੰਘ ਸਿੱਧੂ,ਬੀ.ਡੀ.ਪੀ.ਓ ਪਰਮਿੰਦਰ ਸਿੰਘ ਅਤੇ ਡੀ.ਐਸ.ਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਨਾਲ ਉਕਤ ਵਿਸ਼ੇ ਉੱਪਰ ਮੀਟਿੰਗ ਹੋਈ। ਇਸ ਦੌਰਾਨ ਕਿਸਾਨ ਆਗੂਆਂ ਅਤੇ ਪੰਚਾਇਤਾਂ ਨੇ ਅਧਿਕਾਰੀਆਂ ਨੂੰ ਐਸ.ਡੀ.ਐਮ ਸ਼ਾਹਕੋਟ ਦੇ ਨਾਮ ਮੰਗ ਪੱਤਰ ਸੌਂਪਿਆ।ਅੱਜ ਦੇ ਧਰਨੇ ਦੀ ਅਗਵਾਈ ਕਿਸਾਨ ਆਗੂ ਸਲਵਿੰਦਰ ਸਿੰਘ ਜਾਣੀਆਂ,ਗੁਰਮੇਲ ਸਿੰਘ ਰੇੜ੍ਹਵਾਂ, ਚਰਨਜੀਤ ਥੰਮੂਵਾਲ, ਕੁਲਵਿੰਦਰ ਸਿੰਘ ਟੁੱਟ ਤੇ ਬਲਵਿੰਦਰ ਸਿੰਘ ਆਦਿ ਕਰ ਰਹੇ ਸਨ।